ਚੰਡੀਗੜ੍ਹ : (ਡਾ ਸੰਦੀਪ ਘੰਡ)
ਲੰਡਨ ‘ਚ 20,21 ਜੁਲਾਈ ਨੂੰ ਹੋ ਰਹੇ ਪਹਿਲੇ ਅਦਬੀ ਮੇਲੇ ਨੂੰ ਲੈ ਕੇ ਲੇਖਕਾਂ, ਕਲਾਕਾਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਅਦਬੀ ਮੇਲਾ ਪਦਮਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਹੋਵੇਗਾ। ਇਸ ਮੇਲੇ ‘ਚ ਭਾਰਤ ਸਮੇਤ ਪਾਕਿਸਤਾਨ, ਅਮਰੀਕਾ, ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਮੁਲਕਾਂ ਤੋਂ ਵੱਖ-ਵੱਖ ਵਿਧਾਵਾਂ ਦੇ ਪੰਜਾਬੀ ਲੇਖਕ, ਕਲਾਕਾਰ ਅਤੇ ਰੰਗਮੰਚ ਅਦਾਕਾਰਾ ਪਹੁੰਚ ਰਹੇ ਹਨ।
ਮੁਹਾਲੀ ਵਿਖੇ ਸ਼ਾਇਰ ਜਗਦੀਪ ਸਿੱਧੂ ਤੇ ਹਰਵਿੰਦਰ ਚੰਡੀਗੜ੍ਹ ਨੇ ਲੰਡਨ ‘ਚ ਹੋ ਰਹੇ ਅਦਬੀ ਮੇਲੇ ਸਬੰਧੀ ਦੱਸਿਆ ਕਿ ਏਸ਼ੀਅਨ ਲਿਟਰੇਰੀ ਤੇ ਕਲਚਰ ਫੋਰਮ ਯੂ.ਕੇ ਵੱਲੋਂ ਲੰਡਨ ਵਿਖੇ ਹੋ ਰਹੇ ਅਦਬੀ ਮੇਲੇ ਦੀਆਂ ਤਿਆਰੀਆਂ ਲਈ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ, ਜਿਨ੍ਹਾਂ ਦੀ ਅਗਵਾਈ ਸ਼ਾਇਰ ਅਜ਼ੀਮ ਸ਼ੇਖਰ, ਰਾਜਿੰਦਰਜੀਤ ਅਤੇ ਅਬੀਰ ਬੁੱਟਰ ਕਰ ਰਹੇ ਹਨ, ਉਨ੍ਹਾਂ ਦੱਸਿਆ ਕਿ ਸਾਊਥਾਲ, ਲੰਡਨ ਵਿਖੇ ਹੋਣ ਵਾਲੇ 2024 ਦਾ ਇਹ ਸਾਹਿਤਕ ਮੇਲਾ ਡੋਰਮਰਜ਼ ਵੈਲ ਹਾਈ ਸਕੂਲ ਸਾਊਥਾਲ ਦੇ ਆਲੀਸ਼ਾਨ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ ਜੋ ਮਹਿਰੂਮ ਸ਼ਾਇਰ ਸੁਰਜੀਤ ਪਾਤਰ ਹੁਰਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਲੜੀ ਤਹਿਤ ਇਹ ਪਹਿਲਾ ਸਾਹਿਤਕ ਇਕੱਠ ਹੋਵੇਗਾ ਜਿਸ ਵਿੱਚ ਭਾਰਤ, ਪਾਕਿਸਤਾਨ, ਅਮਰੀਕਾ, ਕਨੇਡਾ, ਆਸਟਰੇਲੀਆ,ਨਿਊਜ਼ੀਲੈਂਡ ਅਤੇ ਯੂਰਪ ਦੇ ਮੁਲਕਾਂ ਤੋਂ ਵੱਖ-ਵੱਖ ਵਿਧਾਵਾਂ ਦੇ ਪੰਜਾਬੀ ਲੇਖਕ, ਕਲਾਕਾਰ ਅਤੇ ਰੰਗਮੰਚ ਅਦਾਕਾਰ ਪਹੁੰਚ ਰਹੇ ਹਨ। ਦੋ ਦਿਨ ਦੇ ਇਸ ਸਮਾਗਮ ਨੂੰ ਸਥਾਨਕ ਸਾਹਿਤ ਸਭਾਵਾਂ ਅਤੇ ਅਸਰ-ਰਸੂਖ ਵਾਲੇ ਲੋਕਾਂ ਦਾ ਭਰਵਾਂ ਹੁੰਗਾਰਾ ਹੈ। ਇਸ ਮੇਲੇ ਦੌਰਾਨ ਕਵਿਤਾ, ਗਲਪ, ਪੰਜਾਬੀ ਥੀਏਟਰ/ਸਿਨੇਮਾ, ਸੰਤਾਲੀ ਦੀ ਵੰਡ ਆਦਿ ਵਿਸ਼ਿਆਂ ‘ਤੇ ਪੈਨਲ ਚਰਚਾਵਾਂ ਤੋਂ ਬਿਨਾਂ ਅੰਤਰਰਾਸ਼ਟਰੀ ਕਵੀ-ਦਰਬਾਰ, ਪੁਸਤਕ ਪ੍ਰਦਸ਼ਨੀਆਂ ਅਤੇ ਸੰਜੀਦਾ ਗਾਇਕੀ ਦੇ ਦੌਰ ਹੋਣਗੇ।ਉਨ੍ਹਾਂ ਸਮੁੱਚੇ ਭਾਈਚਾਰੇ ਨੂੰ ਇਸ ਮੇਲੇ ਦਾ ਹਿੱਸਾ ਬਣਨ ਦੀ ਬੇਨਤੀ ਕੀਤੀ ਹੈ।
Leave a Reply