ਅੰਮ੍ਰਿਤਸਰ, ( ਰਣਜੀਤ ਸਿੰਘ ਮਸੌਣ) ਇਹ ਖ਼ਬਰ ਸਾਹਿਤਕ ਹਲਕਿਆਂ ਵਿੱਚ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ 50 ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਉਣ ਵਾਲੇ ਪੰਜਾਬੀ ਜੁਬਾਨ ਦੇ ਨਾਮਵਰ ਵਾਰਤਾਕਾਰ, ਵਿਅੰਗਕਾਰ ਤੇ ਬਹੁਵਿਧਾਵੀ ਲੇਖਕ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਅੱਜ ਸਵੇਰੇ ਤੜਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਜਨਮ 2 ਨਵੰਬਰ 1943 ਨੂੰ ਪਿੰਡ ਸਾਂਗਲਾ ਹਿੱਲ ਸ਼ੇਖੂਪੁਰਾ ( ਹੁਣ ਪਾਕਿਸਤਾਨ ) ‘ਚ ਸ੍ਰ. ਬਿਸ਼ਨ ਸਿੰਘ ਆੜਤੀ ਦੇ ਗ੍ਰਹਿ ਵਿਖੇ ਮਾਤਾ ਨਰਾਇਣ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਅੰਗਰੇਜ਼ੀ, ਪੰਜਾਬੀ, ਹਿਸਟਰੀ ਅਤੇ ਫ਼ਿਲਾਸਫ਼ੀ ਵਿੱਚ ਐੱਮ.ਏ. ਕੀਤੀਆਂ ਹੋਈਆਂ ਸਨ ਅਤੇ ਉਹ ਅੱਜਕੱਲ੍ਹ ਪਿੰਡ ਫਤਹਿਪੁਰ ਰਾਜਪੂਤਾਂ ਵਿਖੇ ਨਨਕਾਣਾ ਸਾਹਿਬ ਐੱਸ.ਬੀ.ਐੱਸ.ਸੀ.ਸੀਨੀਅਰ ਸੈਕੰਡਰੀ ਸਕੂਲ ਚਲਾ ਰਹੇ ਸਨ। ਉਨਾਂ ਦੇ ਧਰਮ ਪਤਨੀ ਸ੍ਰੀਮਤੀ ਰਤਨਜੀਤ ਕੌਰ ਥਿੰਦ ਪ੍ਰਿੰਸੀਪਲ ਦੇ ਅਹੁੱਦੇ ਤੋਂ ਸੇਵਾ ਮੁਕਤ ਹੋਏ ਹਨ ਅਤੇ ਉਨ੍ਹਾਂ ਦੇ ਦੋਵੇਂ ਬੇਟੇ ਡਾ.ਅਮਰਦੀਪ ਸਿੰਘ ਥਿੰਦ ( ਪੀ.ਸੀ.ਐੱਸ.) ਜੋ ਫਤਹਿਗੜ੍ਹ ਸਾਹਿਬ ਵਿਖੇ ਬਤੌਰ ਐੱਸ.ਡੀ.ਐੱਮ., ਜਦੋਂਕਿ ਦੂਸਰਾ ਬੇਟਾ ਡਾ. ਗਗਨਦੀਪ ਸਿੰਘ ਥਿੰਦ (ਐੱਮ.ਸੀ.ਐੱਚ) ਪਲਾਸਟਿਕ ਸਰਜਨ ਵੱਜੋਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬੀ ਸਾਹਿਤ ਦੀ ਝੋਲੀ ਵਿੱਚ ਉਨ੍ਹਾਂ ਲੁੱਟੇ ਗਏ, ਖਰੀਆਂ ਖਰੀਆਂ, ਸੱਚੀਆਂ ਸੱਚੀਆਂ, ਮੇਰਾ ਕੁਫਰਸਤਾਨ, ਮੇਰੇ ਵਤਨ ਦੇ ਲੋਕੋ, ਦੁੱਖ ਤੇ ਦਾਰੂ, ਗੱਲਾਂ ਕਰੀਏ ਮੂੰਹ ‘ਤੇ, ਭਾਰਤ ਉਦਾਸ ਹੈ, ਕਬੂਲਨਾਮੇ, ਖਾਲਸਾ ਜੀਓ ਕਿੱਧਰ ਨੂੰ, ਲੀਹੋਂ ਲੱਥਾ ਖਾਲਸਾ, ਪੁੱਠੇ ਗੇੜੇ, ਤੇਰਾ ਲੁਟਿਆ ਸ਼ਹਿਰ ਭੰਬੋਰ, ਤੇਰਾ ਕੌਣ ਵਿਚਾਰਾ, ਖਾਲਸਾ ਕੀ ਜਾਣੇ ਮੈਂ ਕੌਣ?, ਖਸਮਾਂ ਨੂੰ ਖਾਣੇ, ਅੰਨ੍ਹੇ ਕੁੱਤੇ ਹਿਰਨਾਂ ਮਗਰ, ਸਾਵਧਾਨੀਆਂ, ਕਿੱਥੇ ਓ ਵਤਨਾਂ ਵਾਲਿਓ, ਮੇਰੇ ਪਿੰਡ ਦਾ ਸ਼ੁਗਲਸਤਾਨ, ਮੇਰੇ ਪਿੰਡ ਦੇ ਭੱਦਰ ਪੁਰਸ਼, ਮਜਾਜਣਾਂ ਮੇਰੇ ਪਿੰਡ ਦੀਆਂ, ਮੇਰੇ ਪਿੰਡ ਦੇ ਗੁਰੂ ਘੰਟਾਲ, ਸੰਤੇ ਬੰਤੇ ਤੇ ਪਤਵੰਤੇ, ਮੌਜੀ ਬੰਦੇ, ਗੁੱਝੇ ਰੁਸਤਮ, ਹਾਜੀ ਬਾਬਾ, ਅਲਬੇਲਾ ਸਿੰਘ, ਪਿਓ ਦੀ ਧੀ, ਕੋਟ ਧਨੰਤਰ ਸਿੰਘ, ਮਾਈ ਦਾ ਲਾਲ, ਪ੍ਰਵਾਨੇ, ਬਾਝ ਭਰਾਵਾਂ ਮਾਰਿਆ, ਇੱਕ ਯੋਧੇ ਦੀ ਦਾਸਤਾਨ, ਹੈ ਕੋਈ ਜਿਉਂਦਾ ਸਿੱਖ?, ਬਹੁਤ ਬੁਰਾ ਲੱਗਦੈ ਆਦਿ ਦਰਜਨਾਂ ਕਿਤਾਬਾਂ ਪਾਈਆਂ ਅਤੇ ਨਿਰੰਤਰ ਲਿਖ ਰਹੇ ਸਨ। ਬੋਲੀ ਉੱਤੇ ਉਨ੍ਹਾਂ ਦੀ ਪਕੜ ਪੀਡੀ ਸੀ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨੇੜੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੇ ਸਾਹਿਤਕ ਸਾਥੀ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਧਰਵਿੰਦਰ ਸਿੰਘ ਔਲਖ, ਦੀਪ ਦਵਿੰਦਰ ਸਿੰਘ, ਪ੍ਰਤੀਕ ਸਹਿਦੇਵ, ਪਲਵਿੰਦਰ ਸਿੰਘ ਸਰਹਾਲਾ, ਐਡਵੋਕੇਟ ਆਰ.ਐੱਸ.ਬਿੰਦਰਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਗੁਰਪ੍ਰਤਾਪ ਸਿੰਘ ਗੁਰੀ, ਸਾਬਕਾ ਜ਼ਿਲ੍ਹਾ ਅਟਾਰਨੀ ਬਲਦੇਵ ਸਿੰਘ, ਡਾ.ਸਮਰਾਟਬੀਰ ਸਿੰਘ, ਡਾ.ਕੰਵਰਸਾਊ ਸਿੰਘ, ਪ੍ਰਿੰਸੀਪਲ ਦੀਪ ਇੰਦਰ ਸਿੰਘ ਖਹਿਰਾ, ਸਾਬਕਾ ਐਕਸੀਅਨ ਬਲਜੀਤ ਸਿੰਘ ਜੰਮੂ, ਕੁਲਦੀਪ ਸਿੰਘ ਅਜਾਦ ਬੁੱਕ ਡੀਪੂ ਵਾਲੇ ਆਦਿ ਹਾਜ਼ਰ ਸਨ।
Leave a Reply