ਪਾਣੀ ਪੰਜਾਂ ਦਰਿਆਵਾਂ ਵਾਲਾ ਜਹਿਰੀ ਹੋ ਗਿਆ ਪੰਜਾਬ ਵੱਡੇ ਪੱਧਰ ਤੇ ਕੈਂਸਰ ਦੀ ਮਾਰ ਹੇਠ...?

ਪਾਣੀ ਪੰਜਾਂ ਦਰਿਆਵਾਂ ਵਾਲਾ ਜਹਿਰੀ ਹੋ ਗਿਆ ਪੰਜਾਬ ਵੱਡੇ ਪੱਧਰ ਤੇ ਕੈਂਸਰ ਦੀ ਮਾਰ ਹੇਠ…?

ਪੰਜਾਬ ਇਸ ਸਮੇਂ ਬਹੁਤ ਹੀ ਵੱਡੇ ਤੌਰ ਤੇ ਕੈਂਸਰ ਦੀ ਮਾਰ ਹੇਠ ਹੈ ਅਤੇ ਲੋਕ ਦਿਨ-ਬ-ਦਿਨ ਪੀੜਿਤ ਹੋ ਰਹੇ ਹਨ, ਜਦਕਿ ਕਰੋਨਾ ਮਹਾਂਮਾਰੀ ਦਰਮਿਆਨ ਅਜਿਹਾ ਕੋਈ ਵੀ ਸ਼ਖਸ ਨਹੀਂ ਕਿ ਜਿਸ ਦੇ ਦਾਇਰੇ ਵਿਚੋਂ ਕਿਸੇ ਦੀ ਮੌਤ ਨਾ ਹੋਈ ਹੋਵੇ ਅਜਿਹਾ ਹੀ ਕਾਰਨ ਹੈ ਕੈਂਸਰ ਦਾ, ਜਿਸ ਦਾ ਕਿ ਇਲਾਜ ਤਾਂ ਹੈ ਹੀ ਨਹੀਂ ਬੱਸ ਜਿਸ ਨੂੰ ਵੀ ਹੋ ਰਿਹਾ ਹੈ ਉਹ ਜਿੰਨੀ ਦੇਰ ਵੀ ਜੀਊਂਦਾ ਰਹਿੰਦਾ ਹੈ ਉਹ ਦਵਾਈਆਂ ਦੇ ਸਿਰ ਤੇ ਹੀ ਜੀਊਂਦਾ ਰਹਿੰਦਾ ਹੈ। ਪੰਜਾਬ ਨੂੰ ਜਿਥੇ ਕਈ ਤਰ੍ਹਾਂ ਦੇ ਮੁੱਦਿਆਂ ਨੇ ਘੇਰਿਆ ਹੋਇਆ ਹੈ, ਉਥੇ ਹੀ ਸਿਹਤ ਦੇ ਮੁੱਦਿਆਂ ‘ਤੇ ਵੀ ਇਹ ਕਈ ਪਾਸਿਉਂ ਪਛੜਦਾ ਨਜ਼ਰ ਆ ਰਿਹਾ ਹੈ। ਸਿਹਤ ਪੱਖੋਂ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੀ ਹੈ, ਜਿਸ ਦਾ ਨਾਂਅ ਸੁਣਦਿਆਂ ਹੀ ਸ਼ਮਸ਼ਾਨਘਾਟ ਦਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਹੈ ਅਤੇ ਬਹੁਤੀ ਵਾਰ ਇਹ ਸੱਚ ਵੀ ਹੁੰਦਾ ਹੈ। ਪੰਜਾਬ ਸਰਕਾਰ ਦੀ 2012-2013 ਦੀ ਰਿਪੋਰਟ ਮੁਤਾਬਿਕ 1 ਲੱਖ ਦੀ ਆਬਾਦੀ ਵਿਚੋਂ 90 ਲੋਕਾਂ ਨੂੰ ਕੈਂਸਰ ਹੈ, ਜਦ ਕਿ ਭਾਰਤ ਵਿਚ 80 ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਪੰਜਾਬ ਵਿਚ 4 ਜ਼ਿਲ੍ਹੇ ਅਜਿਹੇ ਹਨ, ਜਿਥੇ 1 ਲੱਖ ਵਿਚੋਂ 136 ਲੋਕ ਕੈਂਸਰ ਨਾਲ ਜੂਝ ਰਹੇ ਹਨ, ਇਹ ਜ਼ਿਲ੍ਹੇ ਹਨ ਮੁਕਤਸਰ, ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਜਦ ਕਿ ਤਰਨ ਤਾਰਨ ਵਿਚ ਇਹ ਨੰਬਰ 41 ਹੈ। ਇਕ ਆਰ.ਟੀ.ਆਈ. ਵਲੋਂ ਮੰਗੀ ਜਾਣਕਾਰੀ ਮੁਤਾਬਿਕ 2009 ਤੋਂ 31 ਦਸੰਬਰ 2021 ਤੱਕ ਫ਼ਰੀਦਕੋਟ ਮੈਡੀਕਲ ਕਾਲਜ ਦੇ ਕੈਂਸਰ ਵਿਭਾਗ ਕੋਲ 25160 ਮਰੀਜ਼ ਆਏ, ਜਿਸ ਵਿਚੋਂ 10186 ਮਰਦ ਅਤੇ 14974 ਔਰਤਾਂ ਅਤੇ ਨਾਬਾਲਗ ਮਰੀਜ਼ ਸਨ। ਕੈਂਸਰ ਵਿਚ ਸਭ ਤੋਂ ਵੱਧ ਕੇਸ ਔਰਤਾਂ ਦੇ ਜਣਨ ਅੰਗ ਫੇਰ ਛਾਤੀ ਦਾ ਕੈਂਸਰ ਅਤੇ ਸਭ ਤੋਂ ਹੇਠਾਂ ਹਨ ਅੱਖਾਂ, ਦਿਮਾਗ ਜਾਂ ਹੱਡੀਆਂ ਦਾ ਕੈਂਸਰ।

ਇਕ ਬੜੀ ਪ੍ਰਚੱਲਿਤ ਧਾਰਨਾ ਹੈ ਕਿ ਕੈਂਸਰ ਕਿਸਾਨਾਂ ਵਲੋਂ ਵੱਧ ਖਾਦਾਂ ਤੇ ਕੀਟ ਨਾਸ਼ਕ ਪਾਉਣ ਨਾਲ ਹੋ ਰਿਹਾ ਹੈ। ਪਰ ਸ਼ਾਇਦ ਇਹ ਪੂਰੀ ਸਚਾਈ ਨਹੀਂ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਵਿਚ ਆਰਸੈਨਿਕ, ਯੂਰੇਨੀਅਮ ਅਤੇ ਸਿੱਕਾ ਆਦਿ ਵੀ ਸ਼ਾਮਿਲ ਹਨ। ਇਸ ਨੂੰ ਸਾਫ਼ ਕਰਨ ਲਈ ਆਰ.ਓ. ਸਿਸਟਮ ਲਾਏ ਗਏ ਹਨ। ਪਰ ਇਹ ਪਾਣੀ ਸਿਰਫ ਪੀਣ ਅਤੇ ਰਸੋਈ ਵਿਚ ਖਾਣਾ ਪਕਾਉਣ ਵਾਲੇ ਪਾਣੀ ਨੂੰ ਹੀ ਮਸਾਂ ਪੂਰੇ ਆਉਂਦਾ ਹੈ। ਇਸ ਵਿਚੋਂ ਸਿਰਫ 99 ਫ਼ੀਸਦੀ ਹੀ ਯੂਰੇਨੀਅਮ ਸਾਫ਼ ਹੁੰਦਾ ਹੈ। ਪਰ ਜਿਹੜਾ ਪਾਣੀ ਫ਼ਸਲਾਂ ਨੂੰ ਲਾਇਆ ਜਾਂਦਾ ਹੈ, ਉਸ ਨਾਲ ਕੁਝ ਤੱਤ ਜਿਣਸ ਵਿਚ ਵੀ ਪਹੁੰਚ ਜਾਂਦਾ ਹੈ। ਇਸ ਵੇਲੇ ਇਸ ਨੂੰ ਸੋਚਣ ਦੀ ਲੋੜ ਹੈ ਕਿ ਇਹ ਭਾਰੀ ਧਾਤਾਂ ਪਾਣੀ ਵਿਚ ਆਈਆਂ ਕਿਥੋਂ? ਦਰਅਸਲ ਇਸ ਦੀ ਜੜ੍ਹ ਬੱਝੀ ਹੈ, ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਨਾਲਿਆਂ ਦੇ ਜ਼ਰੀਏ ਨਦੀਆਂ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸ ਵਿਚ ਸਭ ਤੋਂ ਮੋਹਰੀ ਸ਼ਹਿਰ ਹੈ ਲੁਧਿਆਣਾ ਇਥੋਂ ਦੀਆਂ ਫੈਕਟਰੀਆਂ ਜੋ ਰਸਾਇਣ ਵਰਤਦੀਆਂ ਹਨ। ਉਨ੍ਹਾਂ ਨੂੰ ਪਾਣੀ ਵਿਚ ਬਿਨਾਂ ਟਰੀਟਮੈਂਟ ਸੁੱਟਿਆ ਜਾਂਦਾ ਹੈ। ਬੁੱਢਾ ਨਾਲਾ ਇਸ ਦੀ ਜਿਊਂਦੀ ਜਾਗਦੀ ਤਸਵੀਰ ਹੈ। ਹਜ਼ਾਰਾਂ ਕਰੋੜਾਂ ਲੱਗਣ ਦੇ ਬਾਵਜੂਦ ਬੁੱਢੇ ਨਾਲੇ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਇਹ ਬੁੱਢਾ ਨਾਲਾ ਜਾ ਕੇ ਸਤਲੁਜ ਦਰਿਆ ਵਿਚ ਪੈਂਦਾ ਹੈ ਅਤੇ ਸਤਲੁਜ ਦਾ ਪਾਣੀ ਸਾਰੇ ਮਾਲਵੇ ਖੇਤਰ ਨੂੰ ਪੀਣ ਲਈ ਮਿਲਦਾ ਹੈ। ਹਾਲਾਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਨਅਤ ਲਈ ਵਾਟਰ ਟਰੀਟਮੈਂਟ ਪਲਾਂਟ ਲਗਾਉਣੇ ਲਾਜ਼ਮੀ ਕੀਤੇ ਹਨ ਅਤੇ ਕਈਆਂ ਨੇ ਲਗਾਏ ਵੀ ਹਨ ਪਰ ਚਲਾਏ ਨਹੀਂ ਜਾਂਦੇ, ਕਿਉਂਕਿ ਚਲਾਉਣ ‘ਤੇ ਖ਼ਰਚਾ ਪੈਂਦਾ ਹੈ। ਕਈਆਂ ਨੇ ਪਾਣੀ ਬੁੱਢੇ ਨਾਲੇ ਵਿਚ ਪਾਉਣ ਦੀ ਬਜਾਏ ਧਰਤੀ ਵਿਚ ਬੋਰ ਕਰਕੇ ਹੇਠਾਂ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਖ਼ਰਾਬ ਹੋ ਰਿਹਾ ਹੈ। ਇਸ ਦਾ ਹੋਰ ਪ੍ਰਮਾਣ ਲੈਣਾ ਹੈ ਤਾਂ ਅਸੀਂ ਪਿੱਛੇ ਝਾਤ ਮਾਰੀਏ ਮਾਰਚ 2020 ਤੋਂ ਮਈ 2020 ਤੱਕ ਜਦੋਂ ਸਾਰੇ ਪਾਸੇ ਲਾਕਡਾਊਨ ਸੀ, ਉਸ ਸਮੇਂ ਨਦੀਆਂ ਦਾ ਪਾਣੀ ਬੁੱਢੇ ਦਰਿਆ ਦਾ ਪਾਣੀ ਅਤੇ ਹਵਾ ਸਭ ਕੁਝ ਸਾਫ਼ ਹੋ ਗਿਆ ਸੀ। ਖੇਤੀ ਦਾ ਕੰਮ ਤਾਂ ਉਦੋਂ ਵੀ ਚੱਲ ਰਿਹਾ ਸੀ। ਜੋ ਫ਼ਰਕ ਸੀ ਉਹ ਇਹ ਸੀ ਕਿ ਸ਼ਹਿਰੀ ਸਾਰੇ ਅੰਦਰ ਸਨ, ਕਾਰਖਾਨੇ ਬੰਦ ਸਨ। ਇਸ ਮੁੱਦੇ ‘ਤੇ ਕੋਈ ਨਹੀਂ ਬੋਲਦਾ, ਨਾ ਸਰਕਾਰਾਂ ਨਾ ਹੀ ਆਮ ਲੋਕ। ਇਸ ਵਿਚ ਸਭ ਤੋਂ ਵੱਧ ਇਹ ਵੇਖਣ ਦੀ ਲੋੜ ਹੈ ਕਿ ਜਿਹੜੇ ਪਾਣੀ ਸਾਫ਼ ਕਰਨ ਵਾਲੇ ਪਲਾਂਟ ਫੈਕਟਰੀਆਂ/ਕਾਰਪੋਰੇਸ਼ਨਾਂ ਨੇ ਲਗਾਏ ਵੀ ਹਨ, ਉਨ੍ਹਾਂ ਵਿਚ ਭਾਰੀਆਂ ਧਾਤਾਂ ਤਾਂ ਛੱਡੋ, ਇਥੋਂ ਤੱਕ ਸਲੱਜ ਵੀ ਪੂਰੀ ਤਰ੍ਹਾਂ ਸਾਫ਼ ਹੋਵੇ ਤਾਂ ਗਨੀਮਤ ਜਾਣੋ।

ਜਦਕਿ ਜੇਕਰ ਸਰਕਾਰ ਦਾ ਬੱੁਢੇ ਨਾਲੇ ਪ੍ਰਤੀ ਮੰਨੀਏ ਕਿ ਕਿੰਨਾ ਪੈਸਾ ਅੱਜ ਤੱਕ ਖਰਚ ਆ ਚੁੱਕਾ ਹੈ ਤਾਂ ੳੇੁਸ ਦੀ ਕੋਈ ਗਿਣਤੀ ਨਹੀਂ ਜਦਕਿ ਪਿਛਲੀ ਕਾਾਂਗਰਸ ਸਰਕਾਰ ਵੇਲੇ 650 ਕਰੋੜ ਦੀ ਜੋ ਰਾਸ਼ੀ ਆਈ ਉਸ ਦਾ ਹਾਲੇ ਤੱਕ ਤਾਂ ਪਤਾ ਨਹੀਂ ਕਿ ਕਿੱਥੇ ਵਰਤੀ ਗਈ ਹੈ ਤੇ ਉਸ ਦੇ ਨਾਲ ਬੱੁਢੇ ਨਾਲੇ ਨੂੰ ਕੀ ਫਾਇਦਾ ਹੋਇਆ ਹੈ । ਜਦਕਿ ਅਗਰ ਡਾਇੰਗਾਂ ਜਾਂ ਫਿਰ ਹੋਰ ਫੈਕਟਰੀਆਂ ਦਾ ਬੀਮਾਰੀ ਫੈਲਾਉਣ ਵਾਲਾ ਪਾਣੀ ਕਿਸੇ ਟਰੀਟਮੈਂਟ ਪਲਾਂਟ ਤੱਕ ਪਹੁੰਚਾਉਣ ਦੇ ਲਈ ਇਸ ਦੇ ਨਾਲ ਨਾਲ ਵੱਖਰੇ ਤੌਰ ਤੇ ਪੱਕਾ ਨਾਲਾ ਬਣਾ ਦਿੱਤਾ ਜਾਵੇ ਜੋ ਕਿ ਮੰਤਰੀਆਂ ਤੇ ਅਫਸਰਾਂ ਦੇ ਘਰਾਂ ਵਿਚ ਵਰਤੇ ਜਾਂਦੇ ਪੱਥਰਾਂ ਜਿਹੇ ਸਾਜ਼ੋ-ਸਮਾਨ ਨਾਲ ਬਣਾਇਆ ਜਾਵੇ ਕਿ ਜਿਸ ਵਿਚੋਂ ਪਾਣੀ ਲੀਕ ਹੋ ਕੇ ਨਾ ਤਾਂ ਧਰਤੀ ਦੇ ਅੰਦਰ ਜਾ ਕੇ ਪਤਾਲ ਦੇ ਸਵੱਛ ਪਾਣੀ ਨੂੰ ਦੂਸ਼ਿਤ ਕਰੇ ਅਤੇ ਨਾ ਹੀ ਉਹ ਲੋਕਾਂ ਦੇ ਘਰਾਂ ਵਿਚ ਵੜੇ। ਇਸ ਖਾਸ ਨਾਲੇ ਦੀ ਬਣਤਰ ਤੇ ਕਦੀ ਵੀ ਇੰਨਾ ਖਰਚ ਨਹੀਂ ਆ ਸਕਦਾ ਬਸ਼ਰਤੇ ਕਿ ਸਰਕਾਰ ਦਾ ਇੱਕ ਇੱਕ ਪੈਸਾ ਸਹੀ ਜਗ੍ਹਾ ਤੇ ਇਮਾਨਦਾਰੀ ਦੀ ਤਹਿਤ ਵਰਤਿਆ ਜਾਵੇ।

ਪਰ ਅੱਜ ਜਦੋਂ ਪੰਜਾਬ ਦਾ ਪਾਣੀ ਇਸ ਕਦਰ ਜਹਿਰੀ ਹੋ ਗਿਆ ਹੈ ਕਿ ਸ਼ੱੁਧ ਪਾਣੀ ਦੀਆਂ ਕੀਮਤਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਮੱੁਕਦੀ ਗੱਲ ਇਹ ਹੈ ਕਿ ਪਾਣੀ ਦੀ ਕੀਮਤ ਦੁੱਧ ਦੇ ਬਰਾਬਰ ਪਹੁੰਚਦੀ ਜਾ ਰਹੀ ਹੈ। ਇਸ ਤੋਂ ਉਲਟ ਬੰਦੇ ਦਾ ਉਨਾਂ ਖਰਚ ਖੁਰਾਕ ਦਾ ਨਹੀਂ ਜਿੰਨਾ ਕਿ ਦਵਾਈਆਂ ਦਾ ਹੈ। ਸ਼ੂਗਰ ਨੇ ਹਰ ਘਰ ਦਸਤਕ ਦਿੱਤੀ ਹੋਈ ਹੈ। ਅੱਜ ਚੜ੍ਹਦੀ ਜਵਾਨੀ ਨੂੰ ਕੋਈ ਨਾ ਕੋਈ ਘੁਣ ਲੱਗ ਰਿਹਾ ਹੈ। ਜੋ ਵੀ ਫਸਲ ਦੀ ਪੈਦਾਵਾਰ ਹੋ ਰਹੀ ਹੈ ਉਹ ਯੂਰੀਆ ਦੇ ਨਾਲ ਹੋ ਰਹੀ ਹੈ ਇਸ ਤੋਂ ਉਤੇ ਜੋ ਵੀ ਪਾਣੀ ਫਸਲਾਂ ਨੂੰ ਲੱਗ ਰਿਹਾ ਹੈ ਉਹ ਦੂਸ਼ਿਤ ਹੈ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਬੀਮਾਰੀਆਂ ਫੈਲ਼ ਰਹੀਆਂ ਹਨ ਅਤੇ ਮਹਿਕਮਾ ਸਿਹਤ ਉਹਨਾਂ ਦੇ ਇਲਾਜ ਵਿਚ ਜੁੱਟ ਜਾਂਦਾ ਹੈ ਪਰ ਇਸ ਗੱਲ ਤੇ ਖੋਜ ਉਸ ਪੱਧਰ ਤੱਕ ਦੀ ਹੋਣੀ ਚਾਹੀਦੀ ਹੈ ਕਿ ਜਿਸ ਨਾਲ ਇਹ ਖੋਜ ਕੀਤੀ ਜਾਵੇ ਕਿ ਇਹ ਭਿਆਨਕ ਬੀਮਾਰੀਆਂ ਫੈਲ ਕਿਵੇਂ ਰਹੀਆਂ ਹਨ ਅਤੇ ਇਸ ਦੀ ਰੋਕਥਾਮ ਕਿਵੇਂ ਕੀਤੀ ਜਾਣੀ ਹੈ?

ਹਾਲ ਹੀ ਵਿਚ ਪਸ਼ੂਆਂ ਵਿਚ ਚਮੜੀ ਰੋਗ ਦੀ ਇੱਕ ਭਿਆਨਕ ਬੀਮਾਰੀ ਫੈਲ ਗਈ ਹੈ ਅਤੇ ਇਹ ਦਿਨ-ਬ-ਦਿਨ ਫੈਲਦੀ ਹੀ ਜਾ ਰਹੀ ਜਿਸ ਨੂੰ ਕਿ ਲੰਪੀ ਸਕਿਨ ਦਾ ਨਾਂ ਦਿੱਤਾ ਗਿਆ ਹੈ। ਇਹ ਵੱਡੇ ਪੱਧਰ ਤੇ ਫੈਲ਼ ਰਹੀ ਹੈ ਅਤੇ ਇਸ ਨਾਲ ਕਈ ਪਸ਼ੂਆਂ ਦੀ ਮੋਤ ਵੀ ਹੋ ਚੁੱਕੀ ਹੈ। ਪਰ ਅੱਜ ਕੈਂਸਰ ਤੋਂ ਲੈ ਕੇ ਲੰਪੀ ਸਕਿਨ ਦੇ ਫੈਲਣ ਦਾ ਕਾਰਨ ਇੱਕੋ ਹੀ ਹੈ ਕਿ ਦੂਸ਼ਿਤ ਵਾਤਾਵਰਣ। ਜਿਸ ਦੇ ਸੁਧਾਰ ਦੀ ਬਹੁਤ ਜਰੂਰਤ ਹੈ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*