ਆਪ’ ਸਰਕਾਰ ਵਲੋਂ ਬਿਜਲੀ ਦਰਾਂ ’ਚ ਕੀਤਾ ਗਿਆ ਵਾਧਾ ਪੰਜਾਬੀਆਂ ਨਾਲ ਧੋਖਾ -ਰਵਿੰਦਰ ਸਿੰਘ ਬ੍ਰਹਮਪੁਰਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਾਰਲੀਮਾਨੀ ਚੋਣਾਂ ਖਤਮ ਹੋਣ ਤੋਂ ਬਾਅਦ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਪੰਜਾਬੀਆਂ ਨਾਲ ਭੱਦਾ ਮਜ਼ਾਕ ਕੀਤਾ ਹੈ ਤੇ ਉਹਨਾਂ ਮੰਗ ਕੀਤੀ ਕਿ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਰਵਿੰਦਰ ਸਿੰਘ ਬ੍ਰਹਮਪੁਰਾ  ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਕ ਪਾਰਟੀ ਜੋ ਲਗਾਤਾਰ ਇਹ ਦਾਅਵਾ ਕਰਦੀ ਆ ਰਹੀ ਸੀ ਕਿ ਉਹ ਘਰੇਲੂ ਤੇ ਉਦਯੋਗਿਕ ਦੋਵੇਂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਕਟੌਤੀ ਕਰੇਗੀ ਨੇ ਉਸ ’ਤੇ ਵਿਸ਼ਵਾਸ ਕਰਨ ਲਈ ਪੰਜਾਬੀਆਂ ਨੂੰ ਸਜ਼ਾ ਦਿੱਤੀ ਹੈ ਤੇ ਦੋਵਾਂ ਵਰਗਾਂ ਲਈ ਬਿਜਲੀ ਦਰਾਂ ਵਿਚ ਚੋਖਾ ਵਾਧਾ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ’ਬਦਲਾਅ’ ਦੇ ਨਾਂ ’ਤੇ ਇਹ ਧੋਖਾ ਕਿਉਂ ਕੀਤਾ ਤੇ ਆਮ ਆਦਮੀ ਦੀ ਜੇਬ ਵਿਚ ਸੰਨ੍ਹ ਕਿਉਂ ਲਾਈ ਜਦੋਂ ਗਰਮੀ ਕਾਰਣ ਬਿਜਲੀ ਖਪਤ ਸਿਖ਼ਰਾਂ ’ਤੇ ਹੈ।ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਉਦੋਂ ਹੋਇਆ ਹੈ ਜਦੋਂ ਪਿਛਲੇ ਸਾਲ 30 ਤੋਂ 40 ਪੈਸੇ ਦਾ ਵਾਧਾ ਕੀਤਾ ਗਿਆ ਸੀ।ਉਹਨਾਂ ਕਿਹਾ ਕਿ ਇਸ ਨਾਲ ਪੰਜਾਬ ਵਿਚ ਉਦਯੋਗਾਂ ਲਈ ਕੰਮ ਕਰਨਾ ਔਖਾ ਹੋ ਜਾਵੇਗਾ। ਉਹਨਾਂ ਨਾਲ ਹੀ ਕਿਹਾ ਕਿ ਇਸ ਨਾਲ ਸੂਬੇ ਵਿਚੋਂ ਉਦਯੋਗ ਹਿਜ਼ਰਤ ਕਰ ਜਾਣਗੇ।ਉਹਨਾਂ ਕਿਹਾ ਕਿ ਸੂਬੇ ਵਿਚ ਪਹਿਲਾਂ ਹੀ ਨਵਾਂ ਨਿਵੇਸ਼ ਨਹੀਂ ਹੋ ਰਿਹਾ ਤੇ ਇਸ ਵਾਧੇ ਮਗਰੋਂ ਸੂਬੇ ਦਾ ਨਿਵੇਸ਼ ਮਾਹੌਲ ਹੋਰ ਖਰਾਬ ਹੋ ਜਾਵੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਉਦਯੋਗਾਂ ਲਈ ਬਿਜਲੀ ਦਰਾਂ ਆਪਣੇ ਗੁਆਂਢੀ ਰਾਜਾਂ ਨਾਲੋਂ ਮਹਿੰਗੀਆਂ ਹਨ।ਉਦਯੋਗਿਕ ਖੇਤਰ ਲਈ ਬਿਜਲੀ ਦਰਾਂ ਵਿਚ ਕੀਤਾ ਸਾਰਾ ਵਾਧਾ ਵਾਪਸ ਲੈਣ ਦੀ ਮੰਗ ਕਰਦਿਆਂ ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਦਰਮਿਆਨੇ ਅਤੇ ਲਘੂ ਉਦਯੋਗ ਪਹਿਲਾਂ ਹੀ ਘਾਟੇ ਵਿਚ ਚਲ ਰਹੇ ਹਨ ਤੇ ਇਹਨਾਂ ਲਈ ਬਿਜਲੀ ਦਰ ਪੰਜ ਰੁਪਏ ਪ੍ਰਤੀ ਯੂਨਿਟ ਹੋਣੀ ਚਾਹੀਦੀ ਹੈ।
ਸ.ਬ੍ਰਹਮਪੁਰਾ ਨੇ ‘ਆਪ’ ਸਰਕਾਰ ਨੂੰ ਆਖਿਆ ਕਿ ਉਹ ਸੂਬੇ ਦੀ ਬਿਜਲੀ ਕੰਪਨੀ ਦੇ ਕੁਪ੍ਰਬੰਧਨ ਦੀ ਸਜ਼ਾ ਬਿਜਲੀ ਖਪਤਕਾਰਾਂ ਨੂੰ ਨਾ ਦੇਵੇ। ਉਹਨਾਂ ਕਿਹਾ ਕਿ ਭਾਵੇਂ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਵਿਚ ਕੋਈ ਨਿਵੇਸ਼ ਨਹੀਂ ਕੀਤਾ ਗਿਆ ਜਿਸ ਕਾਰਣ ਵਾਰ-ਵਾਰ ਬਿਜਲੀ ਸਪਲਾਈ ਵਿਚ ਵਿਘਨ ਪੈ ਰਿਹਾ ਹੈ ਤੇ ਆਮ ਲੋਕ ਮੁਸ਼ਕਿਲਾਂ ਝੱਲ ਰਹੇ ਹਨ ਜਦੋਂ ਕਿ ਬਿਜਲੀ ਕੰਪਨੀ ਨੇ ਆਪ ਰੈਗੂਲੇਟਰੀ ਅਥਾਰਟੀ ਕੋਲ ਮੰਨਿਆ ਹੈ ਕਿ ਉਸਨੂੰ 5419 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ।

Leave a Reply

Your email address will not be published.


*