ਲੁਧਿਆਣਾ, (Justice News) – ਲੁਧਿਆਣਾ ਸੰਸਦੀ ਹਲਕੇ ਦੇ ਖਰਚਾ ਨਿਗਰਾਨ ਪੰਕਜ ਕੁਮਾਰ ਨੇ ਮੰਗਲਵਾਰ ਨੂੰ ਲੁਧਿਆਣਾ ਪੂਰਬੀ ਅਤੇ ਦੱਖਣੀ ਵਿਧਾਨ ਸਭਾ ਹਲਕਿਆਂ ਵਿੱਚ ਸਟੈਟਿਕ ਸਰਵੇਲੈਂਸ ਟੀਮਾਂ (ਐਸ.ਐਸ.ਟੀ.) ਵੱਲੋਂ ਲਾਏ ਨਾਕਿਆਂ ਦਾ ਨਿਰੀਖਣ ਕੀਤਾ।
ਰਾਹੋਂ ਰੋਡ, ਸੂਆ ਰੋਡ ਗਿਆਸਪੁਰਾ, ਢੰਡਾਰੀ ਕਲਾਂ ਸਮੇਤ ਹੋਰ ਖੇਤਰਾਂ ਵਿੱਚ ਐਸ.ਐਸ.ਟੀ. ਨਾਕਿਆਂ ਦੀ ਜਾਂਚ ਕੀਤੀ ਗਈ।
ਚੋਣਾਂ ਦੌਰਾਨ ਸ਼ਰਾਬ, ਨਕਦੀ, ਨਸ਼ੀਲੇ ਪਦਾਰਥਾਂ ਆਦਿ ਦੀ ਗੈਰ-ਕਾਨੂੰਨੀ ਵਿਕਰੀ ਅਤੇ ਤਸਕਰੀ ਨੂੰ ਰੋਕਣ ਲਈ ਐਸ.ਐਸ.ਟੀਜ਼ ਅਤੇ ਆਬਕਾਰੀ ਅਧਿਕਾਰੀਆਂ ਵੱਲੋਂ ਵਿਸ਼ੇਸ਼ ਨਾਕਿਆਂ ਰਾਹੀਂ ਚੈਕਿੰਗ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ।
ਖਰਚਾ ਨਿਗਰਾਨ ਪੰਕਜ ਕੁਮਾਰ ਨੇ ਦੱਸਿਆ ਕਿ ਐਸ.ਐਸ.ਟੀਜ਼ ਨੂੰ ਸਾਰੇ ਛੋਟੇ ਅਤੇ ਵੱਡੇ ਵਾਹਨਾਂ ਦੀ ਚੈਕਿੰਗ ਕਰਨ ਦਾ ਕੰਮ ਸੌਂਪਿਆ ਗਿਆ ਹੈ ਤਾਂ ਜੋ ਨਗਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਹੋਰ ਕਿਸੇ ਵੀ ਚੀਜ਼ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ, ਜਿਸ ਦੀ ਵਰਤੋਂ ਵੋਟਰਾਂ ਨੂੰ ਪ੍ਰੇਰਿਤ/ਭਰਮਾਉਣ ਕਰਨ ਲਈ ਕੀਤੀ ਜਾ ਸਕਦੀ ਹੈ।
ਇਨ੍ਹਾਂ ਟੀਮਾਂ ਦੀ ਅਗਵਾਈ ਕਾਰਜਕਾਰੀ ਮੈਜਿਸਟ੍ਰੇਟ ਸ਼ਕਤੀਆਂ ਵਾਲੇ ਅਧਿਕਾਰੀ ਕਰਦੇ ਹਨ ਅਤੇ ਰੋਜ਼ਾਨਾ ਆਧਾਰ ‘ਤੇ ਆਪਣੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਪੁਲਿਸ ਅਧਿਕਾਰੀ ਅਤੇ ਵੀਡੀਓਗ੍ਰਾਫਰ ਸ਼ਾਮਲ ਹੁੰਦੇ ਹਨ। ਐਸ.ਐਸ.ਟੀਜ਼ ਨੂੰ ਆਬਕਾਰੀ ਅਧਿਕਾਰੀਆਂ, ਸੀ.ਏ.ਪੀ.ਐਫ. ਅਤੇ ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ.) ਦੇ ਸਹਿਯੋਗ ਨਾਲ ਚੈਕਿੰਗ ਤੇਜ਼ ਕਰਨ ਲਈ ਕਿਹਾ ਗਿਆ ਹੈ।
ਲੁਧਿਆਣਾ ਦੇ ਹਰੇਕ ਵਿਧਾਨ ਸਭਾ ਹਲਕੇ ਲਈ 9 ਸਟੈਟਿਕ ਸਰਵੇਲੈਂਸ ਟੀਮਾਂ (ਐਸ.ਐਸ.ਟੀ.) ਨਿਯੁਕਤ ਕੀਤੀਆਂ ਗਈਆਂ ਹਨ ਅਤੇ ਇਹ ਟੀਮਾਂ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹਨ।
ਖਰਚਾ ਨਿਗਰਾਨ ਪੰਕਜ ਕੁਮਾਰ ਨੇ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸੋਮਵਾਰ ਨੂੰ ਲੁਧਿਆਣਾ ਕੇਂਦਰੀ, ਲੁਧਿਆਣਾ ਦੱਖਣੀ, ਲੁਧਿਆਣਾ ਪੂਰਬੀ ਅਤੇ ਆਤਮ ਨਗਰ ਹਲਕੇ ਦੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਵੱਲੋਂ ਆਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਯਕੀਨੀ ਬਣਾਉਣ ਲਈ ਟੀਮਾਂ ਨੂੰ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਕਿਹਾ ਗਿਆ ਹੈ।
Leave a Reply