ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਕੌਮੀ ਪੱਧਰ ਤੇ ਨੈਕ ਦੇ ਵਿੱਚ ਚੰਗਾ ਰੈਂਕ ਤੇ ਵਿਸ਼ਵ ਪੱਧਰ ਤੇ ਵੀ ਬੇਹਤਰ ਤੇ ਮਿਸਾਲੀ ਕਾਰਜਸ਼ੈਲੀ ਦਾ ਪ੍ਰਦਰਸ਼ਨ ਕਰਨ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਗੈਰ ਅਧਿਆਪਨ ਸਟਾਫ਼ ਅੱਜਕੱਲ ਅੱਤ ਦੀ ਗਰਮੀ ਦੇ ਵਿੱਚ ਝੁਲਸਦਿਆਂ ਕੰਮ ਕਰਨ ਨੂੰ ਮਜ਼ਬੂਰ ਹੈ। ਆਲਮ ਇਹ ਹੈ ਕਿ ਮੌਸਮ ਵਿਭਾਗ ਦੇ ਆਕੰੜਿਆ ਮੁਤਾਬਕ ਪਿੱਛਲੇ 10 ਸਾਲਾਂ ਦੇ ਲੰਮੇ ਅਰਸੇ ਉਪਰੰਤ ਇਸ ਵਾਰ ਸਮੇਂ ਤੋਂ ਪਹਿਲਾਂ 45 ਡਿਗਰੀ ਤਾਪਮਾਨ ਦੇ ਪੈਮਾਨੇ ਤੋੜ ਚੁੱਕੀਂ ਇਸ ਅੱਤ ਦੀ ਗਰਮੀ ਤੋਂ ਮਾਨਸੂਨ ਕਦੋਂ ਨਿਜ਼ਾਤ ਦਿਵਾਏਗਾ ਕੋਈ ਨਹੀਂ ਜਾਣਦਾ। ਇਸ ਦੀ ਅਸਲ ਸੂਚਨਾਂ ਸਿਰਫ਼ ਤੇ ਸਿਰਫ਼ ਮੌਸਮ ਵਿਭਾਗ ਨੂੰ ਹੈ। ਜਦੋਂ ਕਿ ਜ਼ਿਆਦਾਤਰ ਲੋਕ ਮੋਬਾਇਲ ਤੇ ਪ੍ਰਸਾਰਿਤ ਹੋਣ ਵਾਲੇ ਮੌਸਮੀ ਡਾਟੇ ਨੂੰ ਲੈ ਕੇ ਹੀ ਕਿਆਸ ਅਰਾਈਆਂ ਲਗਾਉਂਦੇ ਵੇਖੇ ਗਏ ਹਨ। ਬੇਸ਼ੱਕ ਹਰੇ ਭਰੇ ਸ਼ੁੱਧ ਤੇ ਸਾਫ਼ ਸੁੱਥਰੇ ਵਾਤਾਵਰਨ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਤਾਵਰਨ ਵਿੱਚ ਹਰੇਕ ਆਉਣ ਜਾਣ ਵਾਲੇ ਨੂੰ ਕੁੱਝ ਨਾ ਕੁੱਝ ਫ਼ਰਕ ਜ਼ਰੂਰ ਆਉਂਦਾ ਹੈ ਪਰ ਪ੍ਰਬੰਧਕੀ ਬਲਾਕ ਜੋ ਕਿ ਜੀਐਨਡੀਯੂ ਦੇ ਇੱਕ ਦਿਲ ਵੱਜੋਂ ਕੰਮ ਕਰਦਾ ਹੈ, ਕੰਮ ਕਰਨ ਵਾਲੇ ਕੁੱਝ ਇੱਕ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕਮਰਿਆ ਨੂੰ ਛੱਡ ਕੇ ਖੁੱਲ੍ਹੇ ਹਾਲਾ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਹਾਲਤ ਗਰਮੀ ਕਾਰਨ ਬਦ ਤੋਂ ਬਦਤਰ ਬਣੀ ਹੋਈ ਹੈ। ਬਿਜਲੀ ਪਾਣੀ ਦੇ ਕੱਟਾ ਦੇ ਸਿਲਸਿਲੇ ਦੌਰਾਨ ਤਾਂ ਸਮੁੱਚੇ ਅਮਲੇ ਫ਼ੈਲੇ ਦੀ ਹਾਲਤ ਤਰਸਯੋਗ ਹੋ ਕੇ ਰਹਿ ਜਾਂਦੀ ਹੈ। ਜਦੋਂ ਕਿ ਬਾਹਰੋਂ ਆ ਕੇ ਕੰਮ ਕਰਵਾਉਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਨਾਲ ਆਉਣ ਵਾਲੇ ਮਾਂਪਿਆਂ ਤੇ ਹੋਰਨਾ ਵਾਰਿਸਾਂ ਨੂੰ ਵੀ ਗਰਮੀ ਦੀ ਮਾਰ ਝੱਲਣ ਦੇ ਨਾਲ-ਨਾਲ ਲੇਟ ਲਤੀਫੀ ਦੇ ਆਲਮ ਚੋਂ ਗੁਜ਼ਰਨਾ ਪੈਂਦਾ ਹੈ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਬਲਾਕ ਨੂੰ ਚੁਫੇਰਿਓੁਂ ਸੂਰਜ ਦੀ ਤਪਸ਼ ਘੇਰਦੀ ਹੈ। ਜਿਸ ਕਾਰਨ ਜ਼ਿਆਦਾਤਰ ਬਿਲਡਿੰਗਾਂ ਤਪ ਜਾਂਦੀਆਂ ਹਨ ਜਿਸ ਨਾਲ ਹੁੰਮਸ ਪੈਂਦਾ ਹੋ ਜਾਂਦਾ ਹੈ। ਅਜਿਹੇ ਵਿੱਚ ਪੱਖੇ ਗਰਮ ਹਵਾ ਮਾਰਨ ਦੇ ਨਾਲ ਨਾਲ ਸਾੜ ਵੀ ਕੱਢਦੇ ਹਨ। ਅਜਿਹੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੰਮ ਕਾਰ ਸਰਲ ਤੇ ਸੁਖਾਲੇ ਢੰਗ ਨਾਲ ਹੋਣਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੇ ਕਈ ਵਰ੍ਹਿਆਂ ਤੋਂ ਇਸੇ ਸਿਲਸਿਲੇ ਦੇ ਵਿੱਚੋਂ ਨਿਕਲਦਿਆਂ ਆਪਣੀ ਕਾਰਜਸ਼ੈਲੀ ਨੂੰ ਅਮਲੀ ਜਾਮਾ ਪਹਿਨਾਉ਼ਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਕੋਈ ਕੰਮ ਕਾਰ ਨਾ ਰੁੱਕ ਸਕੇ ਤੇ ਉਨ੍ਹਾਂ ਦੇ ਭਵਿੱਖ ਨਾਲ ਕਿਸੇ ਵੀ ਕਿਸਮ ਦਾ ਕੋਈ ਖਿਲਵਾੜ੍ਹ ਹੋਵੇ। ਉਨ੍ਹਾਂ ਦੱਸਿਆ ਕਿ ਲਾਈਟ ਦੇ ਕੱਟ ਸਮੇਂ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਸੀਨੇ ਨਾਲ ਨਹਾਇਆ ਕਿਸੇ ਵੀ ਵਕਤ ਵੇਖਿਆ ਜਾ ਸੱਕਦਾ ਹੈ। ਜਦੋਂ ਕਿ ਵੱਖ-ਵੱਖ ਪ੍ਰਕਾਰ ਦੀਆਂ ਕੰਪਨੀਆਂ ਦੇ ਕੂਲਰ ਵੀ ਕਿਸੇ ਕਿਸਮ ਦੀ ਠੰਡਕ ਦੇਣ ਵਿੱਚ ਬੇਬੱਸ ਹਨ। ਜਦੋਂ ਕਿ ਇਹ ਕਿਸੇ ਵੀ ਸਮੇਂ ਕਿਸੇ ਵੱਡੀ ਦੁਰਘਟਨਾ ਦਾ ਸਬੱਬ ਬਣ ਸੱਕਦੇ ਹਨ। ਜਿਸ ਨਾਲ ਵੱਡੇ ਪੱਧਰ ਤੇ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸੱਕਦਾ। ਉਨ੍ਹਾਂ ਇਹ ਵੀ ਕਿਹਾ ਕਿ ਇੰਨ੍ਹਾਂ ਦਿਨਾ ਦੌਰਾਨ ਜੀਐਨਡੀਯੂ ਪ੍ਰੀਖਿਆਵਾਂ ਦਾ ਤੇ ਦਾਖਲਿਆਂ ਦਾ ਜ਼ੋਰ ਹੁੰਦਾ ਹੈ। ਅਜਿਹੇ ਵਿੱਚ ਐਸੇ ਗਰਮ ਮਿਜਾਜ਼ੀ ਹਲਾਤਾਂ ਵਿੱਚ ਕੰਮ ਕਰਨਾ ਉਨ੍ਹਾਂ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰਮਚਾਰੀਆਂ ਤੇ ਅਧਿਕਾਰੀਆਂ ਘਾਟ ਨਾਲ ਜੂਝ ਰਹੇ ਪ੍ਰਬੰਧਕੀ ਬਲਾਕ ਨੂੰ ਹੁਣ ਕਈ ਹੋਰ ਕੁਦਰਤੀ ਤੇ ਗੈਰ ਕੁਦਰਤੀ ਆਫਤਾਂ ਦੇ ਨਾਲ ਵੀ ਦੋ ਚਾਰ ਹੱਥ ਕਰਨੇ ਪੈਂਦੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੀਐਨਡੀਯੂ ਪ੍ਰਬੰਧਨ ਨੂੰ ਜ਼ਮੀਨੀ ਪੱਧਰ ਤੇ ਇਸ ਹਕੀਕਤ ਨੂੰ ਵੇਖਣਾ ਤੇ ਵਾਚਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਅੱਤ ਦੀ ਗਰਮੀ ਦੇ ਮੌਸਮ ਵਿੱਚ ਅਧਿਕਾਰੀ ਤੇ ਕਰਮਚਾਰੀ ਸਟਾਫ਼ ਦੇ ਨਾਲ-ਨਾਲ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਦੇ ਗੈਰ ਵਿਦਿਆਰਥੀਆਂ ਨੂੰ ਵੀ ਇਹ ਮਾਰ ਝੱਲਣੀ ਪੈ ਰਹੀ ਹੈ। ਤੱਤੀਆਂ ਹਵਾਵਾਂ ਤੇ ਲੂੰ ਤੋਂ ਪ੍ਰੇਸ਼ਾਨ ਹਨ ਅਧਿਕਾਰੀ ਤੇ ਕਰਮਚਾਰੀ, ਅਜਿਹੇ ਵਿੱਚ ਪ੍ਰਬੰਧਕੀ ਬਲਾਕ ਨੂੰ ਆਧੁਨਿਕ ਸਹੂਲਤਾਂ ਭਰਪੂਰ ਤੇ ਵਾਤਾਨੁਕੂਲਿਤ ਕਰਨਾ ਸਮੇਂ ਦੀ ਮੰਗ ਅਤੇ ਲੋੜ ਹੈ। ਇਹ ਮੰਗ ਕਦੋਂ ਪੂਰੀ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Leave a Reply