ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੈੱਬਸਾਈਟ ਲਾਂਚ

ਲੁਧਿਆਣਾ,  (Justice News) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਵਾਲੇ ਦਿਨ (1 ਜੂਨ) ਵੋਟਰਾਂ ਦੀ ਸਹੂਲਤ ਲਈ ਕੀਤੀ ਗਈ ਇੱਕ ਨਿਵੇਕਲੀ ਪਹਿਲਕਦਮੀ ਤਹਿਤ ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਪੁਲਿਸ ਆਬਜ਼ਰਵਰ ਸਤੀਸ਼ ਕੁਮਾਰ ਗਜਭਿਯੇ ਅਤੇ ਲੁਧਿਆਣਾ ਲੋਕ ਸਭਾ ਹਲਕੇ ਦੇ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਵੀਰਵਾਰ ਨੂੰ ਸਥਾਨਕ ਬੱਚਤ ਭਵਨ ਵਿਖੇ ਵੈੱਬਸਾਈਟ (voteforludhiana.in) ਲਾਂਚ ਕੀਤੀ।
ਇਸ ਵੈਬਸਾਈਟ ਰਾਹੀਂ ਵੋਟਰ ਚੋਣਾਂ ਵਾਲੇ ਦਿਨ ਪੋਲਿੰਗ ਕੇਂਦਰਾਂ ‘ਤੇ ਭੀੜ ਨੂੰ ਟਰੈਕ ਕਰ ਸਕਦੇ ਹਨ, ਜਿਸ ਨਾਲ ਉਹ ਆਪਣੀ ਸਹੂਲਤ ਅਨੁਸਾਰ ਵੋਟ ਪਾਉਣ ਲਈ ਕੇਂਦਰ ਤੱਕ ਜਾ ਸਕਦੇ ਹਨ। ਵੈੱਬਸਾਈਟ ‘ਤੇ ਜਾਣਕਾਰੀ ਹਰ ਅੱਧੇ ਘੰਟੇ ਬਾਅਦ ਅਪਡੇਟ ਕੀਤੀ ਜਾਵੇਗੀ ਅਤੇ ਇਹ ਵੈੱਬਸਾਈਟ ਵੋਟ ਫੀਸਦ ਵਧਾਉਣ ਵਿੱਚ ਵੀ ਸਹਾਈ ਸਿੱਧ ਹੋਵੇਗੀ.
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਗਿਣਤੀ ਵਧਾਉਣ ਲਈ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਹ ਨਿਵੇਕਲਾ ਉਪਰਾਲਾ ਹੈ।
ਨਿਵਾਸੀ ਕਿਸੇ ਵੀ ਪੋਲਿੰਗ ਸਟੇਸ਼ਨ ‘ਤੇ ਬੂਥ ਨੰਬਰ, ਹਲਕੇ ਆਦਿ ਬਾਰੇ ਜਾਣਕਾਰੀ ਭਰਕੇ ਵੈਬਸਾਈਟ ਰਾਹੀਂ ਵੋਟ ਪਾਉਣ ਲਈ ਕਤਾਰ ਵਿੱਚ ਕਿੰਨੇ ਵੋਟਰ ਖੜ੍ਹੇ ਹਨ, ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਪ੍ਰਸ਼ਾਸਨ ਦੁਆਰਾ ਇੱਕ QR ਕੋਡ ਵੀ ਤਿਆਰ ਕੀਤਾ ਗਿਆ ਹੈ ਜਿਸ ਨਾਲ ਵੋਟਰ ਸਿੱਧੀ ਵੈੱਬਸਾਈਟ (voteforludhiana.in) ਖੋਲ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ‘ਤੇ ਸ਼ੈਡ, ਨਿੰਬੂ ਪਾਣੀ, ਪੱਖੇ ਆਦਿ ਨੂੰ ਯਕੀਨੀ ਬਣਾਉਣ ਲਈ ਵੀ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੋਟਰਾਂ ਨੂੰ ਗਰਮੀ ਕਾਰਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਪ੍ਰਸ਼ਾਸਨ ਆਮ ਚੋਣਾਂ ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ 70 ਫੀਸਦ (ਇਸ ਵਾਰ, 70 ਪਾਰ) ਤੋਂ ਵੱਧ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਇਹ ਪਹਿਲਕਦਮੀਆਂ ਵੋਟਰਾਂ ਦੀ ਗਿਣਤੀ ਨੂੰ ਵਧਾਉਣ ਵਿੱਚ ਯਕੀਨਨ ਸਹਾਈ ਹੋਣਗੀਆਂ।
ਜਨਰਲ ਅਬਜ਼ਰਵਰ ਦਿਵਿਆ ਮਿੱਤਲ ਅਤੇ ਪੁਲਿਸ ਅਬਜ਼ਰਵਰ ਸਤੀਸ਼ ਕੁਮਾਰ ਗਜਭਿਯੇ ਨੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਮਜ਼ਬੂਤ ਲੋਕਤੰਤਰ ਲਈ ਆਪਣੇ ‘ਵੋਟ ਦੇ ਅਧਿਕਾਰ’ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਮੀਟਿੰਗ ਦੌਰਾਨ ਸਹਾਇਕ ਰਿਟਰਨਿੰਗ ਅਫ਼ਸਰਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਮੇਜਰ ਅਮਿਤ ਸਰੀਨ, ਰੁਪਿੰਦਰਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

———–

Leave a Reply

Your email address will not be published.


*