ਚੰਡੀਗੜ੍ਹ, ;;;;: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਨਜਾਇਜ਼ ਗ੍ਰਿਫ਼ਤਾਰੀ ਖਿਲਾਫ ਅਤੇ ਜੇਲ੍ਹ ਤੋਂ ਰਿਹਾਈ ਕਰਵਾਉਣ ਲਈ 17 ਮਈ ਨੂੰ ਕਿਸਾਨ ਜਥੇਬੰਦੀ ਵੱਲੋਂ ਐਸਐਸਪੀ ਫਿਰੋਜ਼ਪੁਰ ਦੇ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਇਲਾਵਾ ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਲੁਧਿਆਣਾ, ਮੋਗਾ, ਕਪੂਰਥਲਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਮਲੇਰਕੋਟਲਾ ਅਤੇ ਮੋਹਾਲੀ ਤੋਂ ਕਿਸਾਨਾਂ ਦੇ ਕਾਫਲੇ ਕੱਲ੍ਹ ਨੂੰ ਐਸਐਸਪੀ ਦਫਤਰ ਫਿਰੋਜ਼ਪੁਰ ਅੱਗੇ ਲਾਏ ਜਾਣ ਵਾਲੇ ਧਰਨੇ ਵਿੱਚ ਪਹੁੰਚਣਗੇ ਅਤੇ ਪੰਜਾਬ ਸਰਕਾਰ ਨੂੰ ਸੁਣਵਾਈ ਕਰਨਗੇ ਕਿ ਉਹਨਾਂ ਦੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਹਰਨੇਕ ਸਿੰਘ ਮਹਿਮਾ ਨੂੰ ਜਾਣ ਬੁੱਝ ਕੇ ਚੋਣਾਂ ਸਮੇਂ ਪੁਰਾਣੇ ਕੇਸਾਂ ਵਿੱਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਹੈ ਤਾਂ ਕਿ ਉਹ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਵਾਲ ਨਾ ਪੁੱਛ ਸਕਣ।
ਦੱਸਣਯੋਗ ਹੈ ਕਿ ਦਸ ਮਈ ਦੀ ਸ਼ਾਮ ਨੂੰ ਜਦੋਂ ਹਰਨੇਕ ਸਿੰਘ ਮਹਿਮਾ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਨੂੰ ਕਾਲੇ ਝੰਡੇ ਦਿਖਾਉਣ ਲਈ ਜਾ ਰਹੇ ਸਨ ਤਾਂ ਰਸਤੇ ਵਿੱਚੋਂ ਹੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਕੱਲ੍ਹ ਵਾਲੇ ਧਰਨੇ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਅਤੇ ਇਸ ਏਰੀਏ ਵਿੱਚ ਕੰਮ ਕਰਦੀਆਂ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਵੀ ਹਮਾਇਤੀ ਲਲਕਾਰਾ ਮਾਰਨਗੀਆਂ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਨੂੰ ਵਾਰ ਵਾਰ ਲਾਰੇ ਲਾ ਰਿਹਾ ਹੈ ਕਿ ਉਹ ਹਰਨੇਕ ਮਹਿਮਾ ਦੀ ਰਿਹਾਈ ਲਈ ਪੂਰੇ ਯਤਨਸ਼ੀਲ ਹਨ ਪਰ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਮੌਕੇ ਤੇ ਪੁਰਾਣੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਨਾ ਪ੍ਰਸ਼ਾਸਨ ਦੀ ਬਦਨੀਅਤ ਨੂੰ ਨੰਗਿਆਂ ਕਰਦਾ ਹੈ। ਇਸ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਆਪਸ ਵਿੱਚ ਮਿਲੀ ਭੁਗਤ ਹੈ ਅਤੇ ਕਿਸਾਨਾਂ ਵੱਲੋਂ ਭਾਜਪਾ ਦੇ ਕੀਤੇ ਜਾ ਰਹੇ ਵਿਰੋਧ ਤੋਂ ਔਖੀ ਹੋ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਵੀ ਜ਼ੁਲਮ, ਜੇਲ੍ਹਾਂ ਅਤੇ ਥਾਣੇ ਉਹਨਾਂ ਨੂੰ ਕਿਸਾਨ ਹਿੱਤਾਂ ਲਈ ਲੜਨ ਤੋਂ ਰੋਕ ਨਹੀਂ ਸਕਦੇ।
ਕਿਸਾਨ ਆਗੂਆਂ ਨੇ ਕਿਹਾ ਕਿ 17 ਮਈ ਦੇ ਧਰਨੇ ਤੋਂ ਇਲਾਵਾ 21 ਮਈ ਨੂੰ ਜਗਰਾਓ ਦੀ ਦਾਣਾ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਭਾਜਪਾ ਵਿਰੋਧੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਹਜ਼ਾਰਾਂ ਕਿਸਾਨ ਅਤੇ ਬੀਬੀਆਂ ਇਸ ਮਹਾਂ ਰੈਲੀ ਵਿੱਚ ਸ਼ਾਮਲ ਹੋਣਗੀਆਂ।
Leave a Reply