ਲੁਧਿਆਣਾ, (Justice news) – ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਆਬਜ਼ਰਵਰ, ਦਿਵਿਆ ਮਿੱਤਲ, ਆਈ.ਏ.ਐਸ. ਵੱਲੋਂ ਸੋਮਵਾਰ ਨੂੰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦਾ ਦੌਰਾ ਕੀਤਾ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਿਗਰਾਨੀ ਤੇਜ਼ ਕਰਨ ਅਤੇ ਚੋਣਾਂ ਨਾਲ ਸਬੰਧਤ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੇਜਰ ਅਮਿਤ ਸਰੀਨ ਅਤੇ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਕ੍ਰਿਤਿਕਾ ਗੋਇਲ ਦੇ ਨਾਲ ਜਨਰਲ ਆਬਜ਼ਰਵਰ ਨੇ ਐਮ.ਸੀ.ਐਮ.ਸੀ. ਦੇ ਸਟਾਫ਼ ਨਾਲ ਪ੍ਰੀ-ਸਰਟੀਫ਼ਿਕੇਸ਼ਨ, ਪੇਡ ਨਿਊਜ਼ ‘ਤੇ ਨਿਗਰਾਨੀ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਵਟਸਐਪ ਚੈਨਲ ‘ਤੇ ਉਮੀਦਵਾਰਾਂ ਦੀਆਂ ਗਤੀਵਿਧੀਆਂ ਵਰਗੇ ਮੁੱਦਿਆਂ ‘ਤੇ ਜਾਣਕਾਰੀ ਇਕੱਠੀ ਕਰਨ ਲਈ ਗੱਲਬਾਤ ਕੀਤੀ। ਜਨਰਲ ਅਬਜ਼ਰਵਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੀਆਂ ਚੋਣ ਸਰਗਰਮੀਆਂ ਅਤੇ ਇਸ਼ਤਿਹਾਰਾਂ, ਖਾਸ ਤੌਰ ‘ਤੇ ਨਿਊਜ਼ ਵੈੱਬਸਾਈਟਾਂ ਅਤੇ ਵੈਬ ਪੋਰਟਲਾਂ ‘ਤੇ ਸੋਸ਼ਲ ਮੀਡੀਆ ਨਿਗਰਾਨੀ ਟੀਮਾਂ ਦੁਆਰਾ ਧਿਆਨ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
ਜਨਰਲ ਅਬਜ਼ਰਵਰ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੋਈ ਵੀ ਇਸ਼ਤਿਹਾਰ ਕਮੇਟੀ ਤੋਂ ਮਨਜ਼ੂਰੀ ਲਏ ਬਿਨਾਂ ਜਾਰੀ ਨਹੀਂ ਕਰ ਸਕਦਾ। ਉਨ੍ਹਾਂ ਨਾਮਜ਼ਦਗੀ ਦਾਖਲ ਕਰਨ ਸਮੇਂ ਉਮੀਦਵਾਰਾਂ ਦੁਆਰਾ ਸੂਚਿਤ ਕੀਤੇ ਪ੍ਰਮਾਣਿਕ ਸੋਸ਼ਲ ਮੀਡੀਆ ਖਾਤਿਆਂ ਨੂੰ ਟਰੈਕ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ, ਤਾਂ ਜੋ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਦੌਰਾਨ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਚੋਣ ਪ੍ਰਚਾਰ ਦੇ ਸਾਰੇ ਖਰਚੇ ਸ਼ਾਮਲ ਕਰਨੇ ਚਾਹੀਦੇ ਹਨ, ਜਿਸ ਵਿੱਚ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰ, ਕੰਪਨੀਆਂ ਅਤੇ ਵੈਬਸਾਈਟਾਂ ਨੂੰ ਇਸ਼ਤਿਹਾਰ ਦੇਣ ਲਈ ਕੀਤੇ ਗਏ ਭੁਗਤਾਨ ਅਤੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਨਾਲ ਸਬੰਧਤ ਕੰਮਾਂ ਦੇ ਖਰਚੇ ਸ਼ਾਮਲ ਹਨ।
ਜਨਰਲ ਆਬਜ਼ਰਵਰ ਦਿਵਿਆ ਮਿੱਤਲ ਨੇ ਅਖਬਾਰਾਂ ਵਿੱਚ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨਾਲ ਸਬੰਧਤ ਖਬਰਾਂ ਦੀ ਸਮਗਰੀ ਦੀ ਜਾਂਚ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ, ਤਾਂ ਜੋ ਸ਼ੱਕੀ ਪੇਡ ਨਿਊਜ਼ ਦਾ ਪਤਾ ਲਗਾਇਆ ਜਾ ਸਕੇ ਅਤੇ ਰਿਪੋਰਟ ਕੀਤੀ ਜਾ ਸਕੇ। ਅਬਜ਼ਰਵਰ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਵੱਲੋਂ ਦਿੱਤੇ ਸਿਆਸੀ ਪ੍ਰਚਾਰ ਸਮੱਗਰੀ ਅਤੇ ਇਸ਼ਤਿਹਾਰਾਂ ਦੇ ਪ੍ਰੀ-ਸਰਟੀਫ਼ਿਕੇਸ਼ਨ ਦੇ ਕੇਸਾਂ ਦਾ ਵੀ ਨਿਰੀਖਣ ਕੀਤਾ।
ਬਾਅਦ ਵਿੱਚ, ਅਬਜ਼ਰਵਰ ਨੇ ਸੀ-ਵਿਜੀਲ, ਸ਼ਿਕਾਇਤ ਅਤੇ ਨਿਗਰਾਨੀ ਸੈੱਲਾਂ ਦਾ ਦੌਰਾ ਕੀਤਾ ਅਤੇ ਹੁਣ ਤੱਕ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਸਟਾਫ ਤੋਂ ਸੈਲਾਂ ਦੇ ਕੰਮਕਾਜ ਬਾਰੇ ਵੀ ਜਾਣਕਾਰੀ ਲਈ।
Leave a Reply