ਫੁਗਲਾਣਾ ਦੀਆਂ ਸਮੱਸਿਆਵਾਂ ਦਾ ਹੱਲ ਮੇਰੀ ਪਹਿਲਕਦਮੀ ‘ਤੇ: ਡਾ: ਰਾਜ ਕੁਮਾਰ

 

ਹੁਸ਼ਿਆਰਪੁਰ   (ਤਰਸੇਮ ਦੀਵਾਨਾ) ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਹਲਕੇ ਦੇ ਹਰ ਪਿੰਡ ਵਿਚ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਚੋਣ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਹਲਕਾ ਵਾਸੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ | ਪਿੰਡ ਫੁਗਲਾਣਾ ਵਿੱਚ ਹੋਈ ਚੋਣ ਮੀਟਿੰਗ ਵਿੱਚ ਲੋਕਾਂ ਨੇ ਡਾ: ਰਾਜ ਕੁਮਾਰ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਰਾਜ ਨੇ ਕਿਹਾ ਕਿ ਪਿੰਡ ਫੁਗਲਾਣਾ ਵਿੱਚ 75.09 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਵੇਸਟ ਵਾਟਰ ਮੈਨੇਜਮੈਂਟ ਪ੍ਰੋਜੈਕਟ ਜਲਦ ਹੀ ਮੁਕੰਮਲ ਹੋਣ ਜਾ ਰਿਹਾ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਫੁਗਲਾਣਾ ਤੋਂ ਹੇਡੀਆਂ ਵਾਲੀ ਸੜਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰਾ ਕਰਕੇ ਇਹ ਸੜਕ ਬਣਾਈ ਗਈ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਫੁਗਲਾਣਾ ਪੰਡੋਰੀ ਕੱਦ ਤੋਂ ਮੁੱਖ ਸੜਕ ਬਣਾਈ ਗਈ, ਜਿਸ ਨਾਲ ਪਿੰਡ ਵਾਸੀਆਂ ਨੂੰ ਕਾਫੀ ਰਾਹਤ ਮਿਲੀ ਹੈ। ਡਾ: ਰਾਜ ਨੇ ਕਿਹਾ ਕਿ ਭਵਿੱਖ ‘ਚ ਵੀ ਵਿਕਾਸ ਕਾਰਜਾਂ ਦੀ ਪ੍ਰਕਿਰਿਆ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਮੰਗ ‘ਤੇ ਪਹਿਲ ਦੇ ਆਧਾਰ ‘ਤੇ ਕੰਮ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ, ਮੋਹਨ ਲਾਲ ਚਿੱਤੋ, ਬੀ.ਸੀ ਕਮਿਸ਼ਨ ਦੇ ਚੇਅਰਮੈਨ ਸੰਦੀਪ ਸੈਣੀ, ਕਾਕੂ ਨੰਬਰਦਾਰ ਅਤੋਵਾਲ, ਗੁਰਜੀਤ ਮੋਹਨ ਕਲਾਂ, ਸਰਪੰਚ ਮੁਖਲਿਆਣਾ ਊਸ਼ਾ, ਕੁਲਦੀਪ ਕੌਰ ਭੂੰਗਰਾਣੀ, ਅਮਰਜੀਤ ਕੌਰ ਮੁਖਲਿਆਣਾ, ਵਿਪਨ ਠਾਕੁਰ ਫੁਗਲਾਣਾ, ਮੱਖਣ ਸਿੰਘ ਫੁਗਲਾਣਾ, ਜੇ.ਈ. ਅਤੇ ਸਰਪੰਚ ਸੁਦੇਸ਼ ਕੁਮਾਰੀ ਖੇੜਾ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ। ਇਸ ਦੌਰਾਨ ਡਾ: ਰਾਜ ਨੇ ਪਿੰਡ ਫੁਗਲਾਣਾ, ਰਾਜਪੁਰ ਭਾਈਆਂ, ਮਾਹਲਾ ਬਲਟੋਈਆਂ, ਮਖਸੂਸਪੁਰ, ਭੇਡੂਆ, ਸੈਦੋਪੱਟੀ, ਲਹਿਲੀ ਕਲਾਂ ਅਤੇ ਜੇਜੋ ਆਦਿ ਇਲਾਕਿਆਂ ‘ਚ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।

Leave a Reply

Your email address will not be published.


*