ਪਿੰਡ ਘੁੰਗਰਾਲੀ ਰਾਜਪੂਤਾਂ ਲੱਗੀ ਗੈਸ ਫੈਕਟਰੀ ਕਾਰਨ ਉੱਠ ਰਹੀ ਬਦਬੂ ਨੇ ਇਲਾਕਾ ਵਾਸੀਆਂ ਦਾ ਕੀਤਾ ਜਿਉਣਾ ਮੁਹਾਲ  ।

ਖੰਨਾ ਪਾਇਲ (ਨਰਿੰਦਰ ਸਿੰਘ ਸ਼ਾਹਪੁਰ )ਇਥੋਂ ਦੇ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਤੋਂ ਬੀਜਾ ਰੋਡ ਤੇ   ਬਣੇ ਗੈਸ ਪਲਾਂਟ  ਤੋਂ ਲਗਾਤਾਰ ਬਹੁਤ ਹੀ ਗੰਦੀ ਬਦਬੂ ਉੱਠਦੀ ਹੈ ਜਿਸ ਕਾਰਨ ਇਲਾਕੇ ਦੇ 10 12 ਪਿੰਡਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ । ਇਸ ਗੈਸ ਪਲਾਂਟ ਕਾਰਨ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਖਤਰਨਾਕ ਬਿਮਾਰੀਆਂ ਫੈਲਣ ਦਾ ਖਦਸਾ ਵੱਧ ਗਿਆ ਹੈ। ਜਿਸ ਖਿਲਾਫ ਪਿੰਡ ਘੁੰਗਰਾਲੀ ਰਾਜਪੂਤਾਂ ਅਤੇ ਨਾਲ  ਇਲਾਕੇ ਦੇ ਅਲੱਗ ਅਲੱਗ ਪਿੰਡਾਂ ਵਿੱਚ ਇਸ ਗੈਸ ਪਲਾਂਟ ਖਿਲਾਫ ਜ਼ੋਰਦਾਰ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ।, ਇਸੇ ਲੜੀ ਤਹਿਤ ਇਲਾਕੇ ਦੇ ਲਗਭਗ 10 -12 ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਗੈਸ ਫੈਕਟਰੀ ਦੇ ਸਾਹਮਣੇ ਪੱਕਾ ਮੋਰਚਾ ਲਗਾ ਦਿੱਤਾ ਹੈ। ਅੱਜ ਇਲਾਕੇ ਦੇ ਇਕੱਠੇ ਹੋਏ ਲੋਕਾਂ ਨੇ ਗੁਰਦੁਆਰਾ ਸਾਹਿਬ ਮੀਟਿੰਗ ਕਰਕੇ ਮਤਾ ਪਾਸ ਕੀਤਾ ਕਿ ਜੇਕਰ ਕਿਸੇ ਵੀ ਪਾਰਟੀ ਵੱਲੋਂ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਇਸ ਵਾਰ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ। ਮੀਟਿੰਗ ਉਪਰੰਤ ਇਕੱਠੇ ਹੋਏ ਲੋਕਾਂ ਨੇ ਗੈਸ ਫੈਕਟਰੀ ਵੱਲ ਨੂੰ ਚਾਲੇ ਪਾ ਦਿੱਤੇ ।ਜਿਨਾਂ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ, ਬੱਚੇ, ਬਜ਼ੁਰਗ ਅਤੇ ਨੌਜਵਾਨ ਸ਼ਾਮਿਲ ਸਨ। ਸਿਖਰ ਦੁਪਹਿਰੇ ਤਪਦੀ ਧੁੱਪ ਦੀ ਪਰਵਾਹ ਨਾ ਕਰਦੇ ਹੋਏ ਇਕੱਠੇ ਹੋਏ ਸਾਰੇ ਲੋਕਾਂ ਨੇ ਫੈਕਟਰੀ ਅੱਗੇ ਪਹੁੰਚ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਇਸ ਗੈਸ ਫੈਕਟਰੀ ਵਿੱਚੋਂ ਨਿਕਲਦੀ ਗੈਸ ਨੇ ਸਾਡਾ ਸਾਹ ਲੈਣਾ ਔਖਾ ਕੀਤਾ ਪਿਆ ਹੈ। ਬਦਬੂ ਕਾਰਨ ਪਿੰਡਾਂ ਵਿੱਚ ਬਿਮਾਰੀਆਂ ਫੈਲਣ ਦਾ ਬਹੁਤ ਜਿਆਦਾ ਖਤਰਾ ਬਣਿਆ ਹੋਇਆ ਹੈ। ਇਸ ਗੈਸ ਫੈਕਟਰੀ ਵੱਲੋਂ ਜੋ ਖਾਦ ਦੇ ਤੌਰ ਤੇ ਖੇਤਾਂ ਵਿੱਚ ਪਾਣੀ ਡੋਲਿਆ ਜਾ ਰਿਹਾ ਹੈ ਉਸ ਨਾਲ ਵੀ ਸਾਡੀਆਂ ਜਮੀਨਾਂ ਬੰਜਰ ਹੋ ਰਹੀਆਂ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਇਸ ਫੈਕਟਰੀ ਕਾਰਨ ਹੋ ਰਹੇ ਨੁਕਸਾਨ ਬਾਰੇ ਪਹੁੰਚੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿਅਸੀਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਅਤੇ ਫੈਕਟਰੀ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਮਸਲੇ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਪਰ ਸਾਡਾ ਕਿਸੇ ਪਾਸਿਓਂ ਵੀ ਕੋਈ ਹੱਲ ਨਹੀਂ ਹੋਇਆ। ਸਾਂਝੀ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਇਲਾਕਾ ਵਾਸੀਆਂ ਵੱਲੋਂ ਇਸ ਫੈਕਟਰੀ ਨੂੰ ਪੱਕੇ ਤੌਰ ਤੇ ਤਾਲਾ ਲਗਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published.


*