ਅੰਮ੍ਰਿਤਸਰ, (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ ਲੁਬਾਣਾ ਨੇ ਅੱਜ ਆਪਣੀਆਂ ਟੀਮਾਂ ਨਾਲ ਸਕੂਲ ਵਾਹਨਾਂ ਦੀ ਜਾਂਚ ਕਰਦੇ ਹੋਏ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਹਰ ਹਾਲ ਵਿੱਚ ਯਕੀਨੀ ਬਣਾਈ ਜਾਵੇਗੀ ਅਤੇ ਬੱਚਿਆਂ ਦੀ ਜਾਨ-ਮਾਲ ਦੀ ਰਾਖੀ ਲਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨਾਂ ਕਿਹਾ ਕਿ ਇਸ ਲਈ ਸਕੂਲ ਚਲਾ ਰਹੀਆਂ ਸੰਸਥਾਵਾਂ ਤੇ ਪ੍ਰਿੰਸੀਪਲ ਨਿੱਜੀ ਤੌਰ ਉਤੇ ਧਿਆਨ ਦੇਣ, ਕਿਉਂਕਿ ਰੱਬ ਨਾ ਕਰੇ ਜੇਕਰ ਕੋਈ ਹਾਦਸਾ ਸਕੂਲ ਵਾਹਨ ਨਾਲ ਵਾਪਰ ਜਾਂਦਾ ਹੈ ਤਾਂ ਇਸ ਨਿਯਮ ਤਹਿਤ ਉਸ ਦੀ ਸਿੱਧੀ ਜਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਮੰਨੀ ਜਾਂਦੀ ਹੈ ਅਤੇ ਕੇਸ ਡਰਾਈਵਰ ਦੇ ਨਾਲ-ਨਾਲ ਸਕੂਲ ਪ੍ਰਿੰਸੀਪਲ ਉੱਤੇ ਵੀ ਕੀਤਾ ਜਾਂਦਾ ਹੈ।
ਉਨਾਂ ਕਿਹਾ ਕਿ ਅਸੀਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਾਹਨਾਂ ਤੇ ਵੈਨ ਚਾਲਕਾਂ ਨੂੰ ਬਖ਼ਸਾਂਗੇ ਨਹੀਂ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਲਈ ਲਗਾਤਾਰ ਅਮਲ ਚੱਲਦਾ ਰਹੇਗਾ। ਉਨਾਂ ਦੱਸਿਆ ਕਿ ਸਾਡੇ ਐਸ.ਡੀ ਐਮ ਸਾਹਿਬਾਨ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਵੱਖ-ਵੱਖ ਸਕੂਲਾਂ, ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਦੌਰਾਨ ਕਰ ਚੁੱਕੇ ਹਨ। ਉਨਾਂ ਨੇ ਕਿਹਾ ਕਿ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਕੂਲ ਵੈਨ/ਬੱਸਾਂ ਦੇ ਚਾਲਕ ਇਹ ਪੂਰਨ ਤੌਰ ’ਤੇ ਯਕੀਨੀ ਬਣਾਉਣ ਕਿ ਸਕੂਲ ਵਾਹਨ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਰਧਾਰਤ ਮਾਪਦੰਡ ਪੂਰੇ ਕਰਦੇ ਹੋਣ। ਉਨ੍ਹਾਂ ਕਿਹਾ ਕਿ ਸਕੂਲ ਵੈਨਾਂ/ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰਾ, ਦੋਵਾਂ ਪਾਸਿਆਂ ’ਤੇ ਖਿੜਕੀ ਉਪਰ ਲੋਹੇ ਦੀ ਗਰਿੱਲ ਲੱਗੀ ਹੋਵੇ, ਫਸਟ ਏਡ ਬਾਕਸ, ਲੜਕੀਆਂ ਲਈ ਮਹਿਲਾਂ ਅਟੈਂਡੈਂਟ, ਡਰਾਇਵਰ ਕੋਲ ਹੈਵੀ ਡਰਾਇਵਿੰਗ ਲਾਇਸੰਸ ਅਤੇ ਵਾਹਨ ਵਿੱਚ ਸਪੀਡ ਗਵਰਨ ਲੱਗਾ ਹੋਵੇ। ਸਕੂਲ ਵਾਹਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਸਕੂਲ ਵਾਹਨਾਂ ਦੇ ਕਾਗਜਾਂ ਵਿੱਚ ਕੋਈ ਕਮੀ ਹੈ ਉਨ੍ਹਾਂ ਦੇ ਡਰਾਇਵਰ ਇੱਕ ਹਫ਼ਤੇ ਦੇ ਅੰਦਰ-ਅੰਦਰ ਸਾਰੇ ਕਾਗਜ਼ ਵੀ ਪੂਰੇ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਕੂਲ ਬੱਸ ਦੇ ਰੁਕਣ ’ਤੇ ਹੀ ਬੱਚਿਆਂ ਨੂੰ ਚੜਾਇਆ ਅਤੇ ਉਤਾਰਿਆ ਜਾਵੇ। ਵੈਨਾਂ ਦੀ ਰਫਤਾਰ ਨਿਰਧਾਰਿਤ ਰਫ਼ਤਾਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੱਧਰ ਤੇ ਵੀ ਸਕੂਲੀ ਵਾਹਨਾਂ ਦੀ ਚੈਕਿੰਗ ਕਰਦੇ ਰਹਿਣ।
Leave a Reply