ਕਪੂਰਥਲਾ::::::::::::::: ਸਥਾਨਕ ਦਾਣਾ ਮੰਡੀ ਵਿਖੇ ਚੱਲ ਰਹੀ ਕਣਕ ਦੀ ਖਰੀਦ ਦਾ ਜਾਇਜ਼ਾ ਲੈੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦੀ ਫਸਲ ਤੈਅ ਸਮੇਂ ਵਿਚ ਖ਼ਰੀਦੀ ਜਾਵੇ।
ਦਾਣਾ ਮੰਡੀ ਵਿਖੇ ਆਪਣੀ ਫਸਲ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਉਨ੍ਹਾਂ ਤੋਂ ਮੰਡੀਆਂ ਵਿਚ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਫਸਲ ਖਰੀਦ ਹੋਣ ਉਪਰੰਤ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਈ ਜਾਵੇ।
ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜਿਲੇ ਦੀਆਂ 44 ਪੱਕੀਆਂ ਮੰਡੀਆਂ ਅਤੇ 33 ਆਰਜ਼ੀ ਖਰੀਦ ਕੇਂਦਰਾਂ ਵਿਖੇ ਕਣਕ ਦੀ ਖਰੀਦ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿਲੇ ਵਿਚ ਹੁਣ ਤੱਕ 20123 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 18764 ਮੀਟਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ 93 ਫੀਸਦੀ ਕਣਕ ਦੀ ਖਰੀਦ ਦੀ 72 ਘੰਟਿਆਂ ਵਿਚ ਲਿਫਟਿੰਗ ਦੇ ਨਾਲ-ਨਾਲ 48 ਘੰਟਿਆਂ ਵਿਚ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ ।
ਡਿਪਟੀ ਕਮਿਸ਼ਨਰ ਨੇ ਮੰਡੀ ਵਿੱਚ ਕਿਸਾਨਾਂ ਦੀ ਫਸਲ ਦੀਆਂ ਢੇਰੀਆਂ ਚੈੱਕ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਨਮੀ ਦੀ ਮਾਤਰਾ ਵਾਲੂ ਫਸਲ ਹੀ ਮੰਡੀਆਂ ਵਿਚ ਲਿਆਉਣ ਦੀ ਤਰਜੀਹ ਦੇਣ । ਉਨ੍ਹਾਂ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਅਤੇ ਕਾਮਿਆਂ ਦੀ ਸਹੂਲਤ ਲਈ ਮੰਡੀਆਂ ਵਿਚ ਹਰ ਲੋੜੀਂਦੀ ਵਿਵਸਥਾ ਯਕੀਨੀ ਬਣਾਈ ਗਈ ਹੈ। ਜਿਕਰਯੋਗ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਨਗ੍ਰੇਨ,ਮਾਰਕਫੈੱਡ ਪਨਸਪ ਅਤੇ ਵੇਅਰਹਾਊਸ ਤੋਂ ਇਲਾਵਾ ਐਫ.ਸੀ.ਆਈ ਵਲੋਂ ਕਿਸਾਨਾਂ ਦੀ ਫਸਲ ਖਰੀਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਸਾਫ-ਸਫਾਈ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਲੋੜੀਂਦੀ ਗਿਣਤੀ ਵਿਚ ਤਰਪਾਲਾਂ ਆਦਿ ਦਾ ਵੀ ਇੰਤਜ਼ਾਮ ਰੱਖਿਆ ਜਾਵੇ। ਇਸ ਮੌਕੇ ਐਸ.ਡੀ.ਐਮ. ਡਾ.ਇਰਵਿਨ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
Leave a Reply