ਭਾਜਪਾ ਦਾ ਮੈਨੀਫੈਸਟੋ ਆਮ ਲੋਕਾਂ ਦੀਆਂ ਜ਼ਰੂਰਤਾਂ ’ਤੇ ਫੋਕਸ ਹੈ-   ਤਰਨਜੀਤ ਸਿੰਘ ਸੰਧੂ ।

ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਸਾਹਮਣੇ ਵਿਕਸਿਤ ਭਾਰਤ ਦਾ ਮੈਨੀਫੈਸਟੋ ਰੱਖਣ ਲਈ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਭਾਜਪਾ ਦੇ ਚੋਣ ਮਨੋਰਥ ਪੱਤਰ ਦੇ ਹਰ ਨੁਕਤੇ ਨੂੰ ਗਾਰੰਟੀ ਵਜੋਂ ਲਾਗੂ ਕੀਤਾ ਹੈ ਅਤੇ ਹੁਣ ਦਾ ਚੋਣ ਮੈਨੀਫੈਸਟੋ ਵੀ ਵਿਕਸਿਤ ਭਾਰਤ, ਗ਼ਰੀਬ, ਨੌਜਵਾਨ ਸ਼ਕਤੀ, ਭੋਜਨ ਅਤੇ ਮਹਿਲਾਵਾਂ ਨੂੰ ਸ਼ਕਤੀ ਪ੍ਰਦਾਨ ਕਰਨ ਵਾਲਾ ਹੈ।
ਸ. ਸੰਧੂ ਸਥਾਨਕ ਕਿਰਪਾਲ ਕਾਲੋਨੀ ਵਿਖੇ ਨੁੱਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ , ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਵੀ ਮੌਜੂਦ ਸਨ। ਸ. ਸੰਧੂ ਨੇ ਕਿਹਾ ਕਿ ਭਾਜਪਾ ਨੇ ਆਮ ਲੋਕਾਂ ਦੇ ਜੀਵਨ ਨੂੰ ਫੋਕਸ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਜੀਵਨ ਨੂੰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ  ਪ੍ਰਧਾਨ ਮੰਤਰੀ ਮੋਦੀ ਨੇ ਬੁਨਿਆਦੀ ਢਾਂਚੇ ਦੇ ਨਿਰਮਾਣ ਰਾਹੀਂ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੀ ਗੱਲ ਕੀਤੀ ਹੈ ਅਤੇ ਪਾਰਟੀ ਹੁਣ ਸਟਾਰਟਅੱਪ ਅਤੇ ਗਲੋਬਲ ਸੈਂਟਰਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ  ਭਾਜਪਾ ਦਾ ਇਹ ਸੰਕਲਪ ਪੱਤਰ ਯੰਗ ਇੰਡੀਆ ਦੀਆਂ ਨੌਜਵਾਨ ਇੱਛਾਵਾਂ ਨੂੰ ਵੀ ਦਰਸਾਉਂਦਾ ਹੈ। ਪਿਛਲੇ 10 ਸਾਲਾਂ ‘ਚ 25 ਕਰੋੜ ਲੋਕਾਂ ਨੂੰ ਗ਼ਰੀਬੀ ‘ਚੋਂ ਬਾਹਰ ਕੱਢ ਕੇ ਭਾਜਪਾ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਸਰਕਾਰ ਨਤੀਜੇ ਲਿਆਉਂਦੀ ਹੈ । ਭਾਜਪਾ ਨੇ ਗ਼ਰੀਬਾਂ ਦੀ ਭਲਾਈ ਲਈ ਕਈ ਯੋਜਨਾਵਾਂ ਦਾ ਵਿਸਥਾਰ ਕਰਨ ਦਾ ਸੰਕਲਪ ਲਿਆ ਹੈ। ਮੋਦੀ ਦੀ ਗਾਰੰਟੀ ਹੈ ਕਿ ਮੁਫ਼ਤ ਰਾਸ਼ਨ ਸਕੀਮ ਆਉਣ ਵਾਲੇ 5 ਸਾਲਾਂ ਤੱਕ ਜਾਰੀ ਰਹੇਗੀ। ਭਾਜਪਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਗ਼ਰੀਬਾਂ ਨੂੰ ਦਿੱਤਾ ਜਾਣ ਵਾਲਾ ਭੋਜਨ ਪੌਸ਼ਟਿਕ, ਸਸਤੀ ਅਤੇ ਤਸੱਲੀਬਖ਼ਸ਼ ਹੋਵੇ, ਤਾਂ ਜੋ ਗ਼ਰੀਬਾਂ ਦਾ ਢਿੱਡ, ਦਿਲ ਅਤੇ ਜੇਬਾਂ ਭਰ ਸਕਣ। ਮੋਦੀ ਦੀ ਗਾਰੰਟੀ ਹੈ ਕਿ ਸਾਰੇ ਜਨ ਔਸ਼ਧੀ ਕੇਂਦਰਾਂ ‘ਤੇ ਸਸਤੀਆਂ ਦਵਾਈਆਂ 80 ਫ਼ੀਸਦੀ ਛੋਟ ‘ਤੇ ਉਪਲਬਧ ਹੋਣਗੀਆਂ ਅਤੇ ਜਨ ਔਸ਼ਧੀ ਕੇਂਦਰਾਂ ਦਾ ਵੀ ਵਿਸਥਾਰ ਕੀਤਾ ਜਾਵੇਗਾ। ਮੋਦੀ ਦੀ ਗਾਰੰਟੀ ਹੈ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਦਾ ਰਹੇਗਾ ਅਤੇ 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ ‘ਚ ਲਿਆਉਣ ਦਾ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਹੁਣ ਤੱਕ ਗ਼ਰੀਬਾਂ ਲਈ 4 ਕਰੋੜ ਪੱਕੇ ਮਕਾਨ ਬਣਾਏ ਹਨ ਅਤੇ ਇਸ ਯੋਜਨਾ ਦਾ ਵਿਸਥਾਰ ਕਰਦੇ ਹੋਏ 3 ਕਰੋੜ ਹੋਰ ਪੱਕੇ ਮਕਾਨ ਬਣਾਏ ਜਾਣੇ ਹਨ। ਹੁਣ ਤੱਕ ਭਾਜਪਾ ਸਰਕਾਰ ਨੇ ਹਰ ਘਰ ਸਸਤੇ ਸਿਲੰਡਰ ਪਹੁੰਚਾਏ ਹਨ ਪਰ ਹੁਣ ਭਾਜਪਾ ਹਰ ਘਰ ਤੱਕ ਸਸਤੀ ਪਾਈਪ ਵਾਲੀ ਰਸੋਈ ਗੈਸ ਪਹੁੰਚਾਉਣ ਦਾ ਕੰਮ ਵੀ ਤੇਜ਼ੀ ਨਾਲ ਪੂਰਾ ਕਰੇਗੀ। ਭਾਜਪਾ ਸਰਕਾਰ ਨੇ ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤੇ ਹਨ ਅਤੇ ਹੁਣ ਕਰੋੜਾਂ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਨੂੰ ਜ਼ੀਰੋ ਕਰਨ ਅਤੇ ਬਿਜਲੀ ਤੋਂ ਕਮਾਈ ਕਰਨ ਦੇ ਮੌਕੇ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਸ. ਸੰਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤੋਂ ਮਿਲੇ ਲਾਭਾਂ ਕਾਰਨ ਪਿਛਲੇ ਸਾਲਾਂ ਵਿੱਚ ਕਰੋੜਾਂ ਲੋਕ ਉੱਦਮੀ ਬਣੇ ਹਨ। ਇਸ ਸਕੀਮ ਰਾਹੀਂ ਕਰੋੜਾਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਲੱਖਾਂ ਲੋਕ ਰੋਜ਼ਗਾਰ ਦੇ ਨਿਰਮਾਤਾ ਬਣੇ ਹਨ। ਹੁਣ ਮੁਦਰਾ ਯੋਜਨਾ ਦੇ ਤਹਿਤ ਲੋਨ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਜਾਵੇਗੀ। ਭਾਜਪਾ ਦਾ ਇਹ ਫ਼ੈਸਲਾ ਇੰਡਸਟਰੀ 4.0 ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਨੌਜਵਾਨਾਂ ਨੂੰ ਨਵੀਂ ਤਾਕਤ ਦੇਵੇਗਾ। ਇਹ ਸਕੀਮ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੀ ਦਿਲਚਸਪੀ ਦੇ ਕੰਮ ਕਰਨ ਲਈ ਵਧੇਰੇ ਫ਼ੰਡ ਅਤੇ ਵਧੇਰੇ ਸਰੋਤ ਪ੍ਰਦਾਨ ਕਰੇਗੀ।

Leave a Reply

Your email address will not be published.


*