ਪਟਿਆਲਾ;;;;;;;;;;;;;;; ਦਿਨੀ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਵਾਪਰੀ ਇੱਕ ਮੰਦਭਾਗੀ ਘਟਨਾ ਨੇ ਉਚੇਰੀ ਵਿੱਦਿਅਕ ਸੰਸਥਾਵਾਂ ਦੀ ਪਿੱਛਲੇ ਤਿੰਨ-ਚਾਰ ਦਹਾਕਿਆਂ ਤੋਂ ਨਿੱਘਰਦੀ ਸਥਿਤੀ ਨੂੰ ਮੁੜ ਉਜਾਗਰ ਕੀਤਾ ਹੈ, ਜਾਣਕਾਰੀ ਅਨੁਸਾਰ ਇਸ ਕਾਲਜ ਦੇ ਅੰਦਰ 27 ਮਾਰਚ ਨੂੰ ਸਮੂਹਿਕ ਜਬਰ ਜਿਨਾਹ ਦੀ ਘਟਨਾ ਵਾਪਰਣ ਸੰਬੰਧੀ ਪੀੜਤ ਲੜਕੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਉਣ ਉਪਰੰਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਦਕਿ ਇੱਕ ਦੋਸ਼ੀ ਹਾਲੇ ਵੀ ਫਰਾਰ ਹੈ, ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਵੱਲੋਂ ਇਸ ਮੰਦਭਾਗੀ ਘਟਨਾ ਪਿੱਛੇ ਜਿੰਮੇਵਾਰ ਅਨਸਰਾਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪੰਜਾਬ ਸਰਕਾਰ ਤੇ ਕਾਲਜ ਪ੍ਰਸ਼ਾਸਨ ਦੇ ਗੈਰ-ਜਿੰਮੇਵਾਰਾਨਾ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਹੈ ।
ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਅਤਿੰਦਰ ਘੱਗਾ, ਜਿਲ੍ਹਾ ਸਕੱਤਰ ਹਰਵਿੰਦਰ ਰੱਖੜਾ, ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਬਲਾਕ ਨਾਭਾ ਦੇ ਪ੍ਰਧਾਨ ਰਾਮਸ਼ਰਨ ਅਲੋਹਰਾ ਅਤੇ ਸਕੱਤਰ ਭਜਨ ਸਿੰਘ ਨੌਹਰਾ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰੀ ਕਾਲਜਾਂ ਵਿੱਚ ਅਨੁਸ਼ਾਸ਼ਨਹੀਣਤਾ ਅਤੇ ਗੈਰ-ਵਿਦਿਅਕ ਮਾਹੌਲ ਬਣਾਉਣ ਪਿੱਛੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਜਿੰਮੇਵਾਰ ਹਨ, ਜਿਨਾਂ ਨੇ ਉੱਚ ਸਿੱਖਿਆ ਨੂੰ ਹਾਸ਼ੀਏ ‘ਤੇ ਧੱਕ ਸੁੱਟਿਆ ਹੈ ਅਤੇ ਸਿੱਖਿਆ ਦੇ ਨਿੱਜੀਕਰਨ ਦੇ ਏਜੰਡੇ ਨੂੰ ਇੱਕ ਦੂਜੇ ਤੋਂ ਵੱਧ ਚੜ ਕੇ ਸਿਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਸਿੱਖਿਆ ਨੂੰ ਗਰੀਬ ਤੇ ਮੱਧ ਵਰਗ ਤੋਂ ਲਗਾਤਾਰ ਦੂਰ ਕੀਤਾ ਜਾ ਰਿਹਾ ਹੈ। ਸਾਮਰਾਜ ਨਿਰਦੇਸ਼ਤ ਕਾਰਪੋਰੇਟੀ ਨੀਤੀਆਂ ਨੇ ਲੱਚਰ ਸੱਭਿਆਚਾਰ ਪਰੋਸਣ ਦੇ ਨਾਲ ਨਾਲ ਸਮਾਜਿਕ ਕਦਰਾਂ-ਕੀਮਤਾਂ ਨੂੰ ਹੋਰ ਨਿਵਾਣ ਵੱਲ ਲਿਜਾਣ ਦਾ ਕੰਮ ਕੀਤਾ ਹੈ। ਜੇਕਰ ਕਾਲਜ ਦੇ ਵਿੱਦਿਅਕ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਹਾਕਿਆਂ ਤੋਂ ਪ੍ਰੋਫੈਸਰਾਂ ਅਤੇ ਹੋਰ ਨਾਨ ਟੀਚਿੰਗ ਅਮਲੇ ਦੀ ਨਵੀਂ ਭਰਤੀ ਨਾ ਹੋਣ ਕਾਰਨ ਪੜਨ ਪੜਾਉਣ ਦਾ ਕਾਰਜ ਸੁਚੱਜੇ ਢੰਗ ਨਾਲ ਨਹੀਂ ਚੱਲ ਰਿਹਾ ਅਤੇ ਵਿਦਿਆਰਥੀ ਕਲਾਸਾਂ ਤੋਂ ਬਾਹਰ ਗੈਰ ਵਿੱਦਿਅਕ ਅਤੇ ਗੈਰ ਵਾਜਬ ਗਤੀਵਿਧੀਆਂ ਵਿੱਚ ਮਸ਼ਰੂਫ ਰਹਿੰਦੇ ਹਨ ਅਤੇ ਆਖਰਕਾਰ ਇਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਹਨ। ਇਸ ਘਟਨਾ ਲਈ ਸਰਕਾਰੀ ਰਿਪੁਦਮਨ ਕਾਲਜ ਦਾ ਸਥਾਨਕ ਪ੍ਰਬੰਧਕ ਅਮਲਾ ਵੀ ਜਿੰਮੇਵਾਰ ਹੈ, ਜਿਹੜਾ ਸੰਸਥਾ ਵਿੱਚ ਅਕਾਦਮਿਕ ਮਾਹੌਲ ਬਣਾ ਕੇ ਰੱਖਣ ਅਤੇ ਅਨੁਸ਼ਾਸ਼ਨ ਕਾਇਮ ਰੱਖਣ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਿਤ ਹੋਇਆ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਇਸ ਘਟਨਾ ਪਿੱਛੇ ਹਰ ਜਿੰਮੇਵਾਰ ਵਿਅਕਤੀ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਫਰਾਰ ਮੁਲਜ਼ਮ ਨੂੰ ਵੀ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਣੀ ਚਾਹੀਦੀ ਹੈ।
Leave a Reply