ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚੱਲ ਰਹੇ ਚਾਰ ਰੋਜ਼ਾ ਜਸ਼ਨ-2024 ਦਾ ਤੀਜਾ ਦਿਨ ਕ੍ਰੀਏਟਿਵ ਅਤੇ ਵੈਸਟਰਨ ਗਰੁੱਪ ਡਾਂਸ ਦੇ ਨਾਂ ਰਿਹਾ। ਪ੍ਰਬੰਧਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 11 ਅਪ੍ਰੈਲ ਨੂੰ ਇੰਨ੍ਹਾਂ ਵੱਕਾਰੀ ਸਹਿ-ਵਿੱਦਿਅਕ ਬਹੁ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਉੱਘੇ ਗਾਇਕ ਅਤੇ ਬਾਲੀਵੁੱਡ ਅਦਾਕਾਰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਨਮੁੱਖ ਹੋਣਗੇ। ਇਸ ਦਿਨ ਜਿੱਥੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਮੁੁੱਖ ਮਹਿਮਾਨ ਦੇ ਤੌਰ ਤੇ ਦਿਲ ਦੇ ਰੋਗਾਂ ਦੇ ਪ੍ਰਸਿੱਧ ਡਾਕਟਰ, ਡਾ. ਐਚ.ਪੀ. ਸਿੰਘ ਅਤੇ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਨਗੇ। 8 ਅਪ੍ਰੈਲ ਤੋਂ ਸ਼ੁਰੂ ਹੋਏ ਜਸ਼ਨ 2024 ਦੇ ਵਿਚ ਵਿਦਿਆਰਥੀਆਂ ਨੇ ਜਿੱਥੇ ਵੱਖ-ਵੱਖ ਵੰਨਗੀਆਂ ਰਾਹੀਂ ਆਪਣੀ ਕਲਾ ਦੇ ਜੌਹਰ ਵਿਖਾਏ। ਉੱਥੇ ਯੂਨੀਵਰਸਿਟੀ ਦੇ ਵੱਖ-ਵੱਖ ਆਡੀਟੋਰੀਅਮਾਂ ਵਿੱਚ ਹੋ ਰਹੇ ਵੱਖ-ਵੱਖ ਪ੍ਰੋਗਰਾਮਾਂ ਦਾ ਵਿਦਿਆਰਥੀ ਵਰਗ ਵੱਲੋਂ ਭਰਪੂਰ ਆਨੰਦ ਲਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦਸਮੇਸ਼ ਆਡੀਟੋਰੀਅਮ ਵਿੱਚ ਯੂਨੀਵਰਸਿਟੀ ਦੇ 22 ਵਿਭਾਗਾਂ ਦੀਆਂ ਟੀਮਾਂ ਨੇ ਕ੍ਰੀਏਟਿਵ ਗਰੁੱਪ ਡਾਂਸ ਵਿੱਚ ਇੱਕ ਤੋਂ ਵੱਧ ਕੇ ਅਜਿਹੀਆਂ ਪੇਸ਼ਕਾਰੀਆਂ ਦਿੱਤੀਆਂ। ਜਿਨ੍ਹਾਂ ਨਾਲ ਦਸਮੇਸ਼ ਆਡੀਟੋਰੀਅਮ ਦਾ ਹਾਲ ਹਰ ਪੇਸ਼ਕਾਰੀ ਤੋਂ ਬਾਅਦ ਗੂੰਜਦਾ ਨਜ਼ਰੀ ਪਿਆ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਕ੍ਰੀਏਟਿਵ ਗਰੁੱਪ ਡਾਂਸ ਵਿਚ ਪੰਜਾਬ ਦੇ ਲੋਕ ਗੀਤਾਂ, ਪੁਰਾਤਨ ਸਭਿਆਚਾਰ ਤੇ ਪਹਿਰਾਵੇ ਅਤੇ ਕੰਮਾਂ ਕਾਰਾਂ ਦੇ ਦ੍ਰਿਸ਼ਾਂ ਤੋਂ ਇਲਾਵਾ ਵੱਖ-ਵੱਖ ਮਨ ਨੂੰ ਮੋਹ ਲੈਣ ਵਾਲੀਆਂ ਭਾਵਨਾਵਾਂ ਭਰਪੂਰ ਗੀਤਾਂ ਨੂੰ ਅਜਿਹੇ ਕਲਾਤਮਕ ਰੰਗ ਵਿੱਚ ਰੰਗਿਆ ਕਿ ਦਰਸ਼ਕਾਂ ਨੇ ਇਸ ਦਾ ਖੂਬ ਆਨੰਦ ਲਿਆ। ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਤੇ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀ ਕਲਾਕਾਰਾਂ ਦੀ ਪੇੇਸ਼ਕਾਰੀ ਨੇ ਜੱਜਾਂ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਪੁਰਾਤਨ ਪਹਿਰਾਵੇ ਅਤੇ ਪੰਜਾਬ ਦੇ ਪ੍ਰੰਪਰਾਗਤ ਗੀਤਾਂ ਨੂੰ ਆਧੁਨਿਕ ਸੰਚਾਰ ਸਾਧਨਾਂ ਨਾਲ ਪੇਸ਼ ਕਰਕੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸੇ ਤਰ੍ਹਾਂ ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਦਿਆਰਥਣ ਕਲਾਕਾਰਾਂ ਨੇ ਸਮਾਜ ਵਿੱਚ ਔਰਤ ਦੀ ਸਥਿਤੀ ਨੂੰ ਬਿਆਨ ਕਰਦੀ ਪੇਸ਼ਕਾਰੀ ਨਾਲ ਔਰਤ ਦੇ ਪ੍ਰਚੰਡ ਰੂਪ ਨੂੰ ਬਾਖੂਬੀ ਪੇੇਸ਼ ਕੀਤਾ। ਡੀਨ ਵਿਦਿਆਰਥੀ ਭਲਾਈ, ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਇਸ ਮੌਕੇ ਕਿਹਾ ਕਿ ਅੱਜ ਦੀਆਂ ਪੇਸ਼ਕਾਰੀਆਂ ਵੇਖ ਕੇ ਪਤਾ ਲਗਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਕਲਾ ਦੀ ਸ਼ਰਸਾਰ ਰੂਪ ਵਿੱਚ ਝਲਕ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਜਿੱਥੇ ਹੋਰ ਵੀ ਖੇਤਰਾਂ ਵਿੱਚ ਮੱਲ੍ਹਾਂ ਮਾਰੀਆਂ ਹਨ ਉੱਥੇ ਇੱਥੋਂ ਦੇ ਵਿਦਿਆਰਥੀਆਂ ਨੇ ਕਲਾ ਦੇ ਖੇਤਰ ਵਿੱਚ ਵੀ ਮਾਅਰਕੇ ਮਾਰੇ ਹਨ। ਉਨ੍ਹਾਂ ਕਿਹਾ ਕਿ ਦਸਮੇਸ਼ ਆਡੀਟੋਰੀਅਮ ਦੇ ਇਸੇ ਮੰਚ ਤੋਂ ਬਹੁਤ ਸਾਰੇ ਵਿਦਿਆਰਥੀ ਵੱਡੇ ਕਲਾਕਾਰ ਬਣਕੇ ਨਿਕਲੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਖੁਭ ਕੇ ਜਿਵੇਂ ਆਪਣੀ ਕਲਾਤਮਿਕਤਾ ਨੂੰ ਸਟੇਜ ਉਪਰ ਲਿਆਉਂਦੇ ਹਨ ਉਸੇ ਤਰ੍ਹਾਂ ਹੀ ਉਹ ਪੜ੍ਹਾਈ ਨੂੰ ਵੀ ਸੁਹਜਾਤਮਕ ਬਣਾਉਣ ਅਤੇ ਯੂਨੀਵਰਸਿਟੀ ਦੇ ਨਾਲ-ਨਾਲ ਪੰਜਾਬ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਦੱਸਿਆ ਕਿ ਜਸ਼ਨ ਦੇ ਸਮਾਪਤੀ ਸਮਾਰੋਹ ਦੌਰਾਨ ਜਿਥੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਜਾਣਗੇ। ਉੱਥੇ ਯੂਨੀਵਰਸਿਟੀ ਦੀਆਂ ਕਰੀਬ 16 ਗਿੱਧੇ ਦੀਆਂ ਟੀਮਾਂ ਯੂਨੀਵਰਸਿਟੀ ਦੇ ਇਸ ਮੰਚ ਨੂੰ ਗਿੱਧੇ ਦੀ ਧਮਾਲ ਨਾਲ ਨਿਹਾਲ ਕਰ ਦੇਣਗੀਆਂ। ਪੰਜਾਬ ਦੇ ਇਸ ਲੋਕ ਨਾਚ ਨੂੰ ਵੇਖਣ ਲਈ ਦਰਸ਼ਕਾਂ ਵਿੱਚ ਉਤਸ਼ਾਹ ਬਹੁਤ ਹੈ ਅਤੇ ਇਸ ਦੇ ਨਾਲ ਹੀ ਉਚੇਚੇ ਤੌਰ ਤੇ ਉਘੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਅਤੇ ਨਾਮਵਰ ਅਦਾਕਾਰ ਨੀਰੂ ਬਾਜਵਾ ਵੀ ਵਿਦਿਆਰਥੀਆਂ ਦੇ ਰੂਬਰੂ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵਿਦਿਆਰਥੀਆਂ ਵਿੱਚ ਵੋਟਾਂ ਵਿੱਚ ਭਾਗ ਲੈਣ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਸਵੀਪ ਗਿੱਧਾ ਵੀ ਪੇਸ਼ ਕੀਤਾ ਜਾਵੇਗਾ ਅਤੇ ਇੱਕ ਐਥਿਕ ਵੋਟਿਕ ਦੇ ਆਧਾਰ ਤੇ ਇੱਕ ਨੁੱਕੜ ਨਾਟਕ ਵੀ ਪੇਸ਼ ਹੋਵੇਗਾ। ਕੱਲ੍ਹ ਡਾਂਸਟੂ ਟਿਊਨ ਦੀਆਂ 16 ਟੀਮਾਂ ਵੀ ਦੇ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅੱਜ ਦਸਮੇਸ਼ ਆਡੀਟੋੋਰੀਅਮ ਵਿੱਚ ਸਵੇਰ ਤੋਂ ਸ਼ਾਮ ਤੱਕ ਵੈਸਟਰਨ ਗਰੁੱਪ ਡਾਂਸ, ਕ੍ਰੀਏਟਿਵ ਗਰੁੱਪ ਡਾਂਸ ‘ਚ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਪੇਸ਼ਕਾਰੀਆਂ ਦੇ ਕੇ ਵਿਦਿਆਰਥੀਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸੇ ਤਰ੍ਹਾਂ ਕਾਨਫਰੰਸ ਹਾਲ ਵਿੱਚ ਪੋਇਟੀਕਿਲ ਸਿੰਪੋਜ਼ੀਅਮ ਅਤੇ ਐਗਜ਼ਟੈਂਪੋਰ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਵੀ ਵਿਦਿਆਰਥੀਆਂ ਵਿੱਚ ਵੋਟਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਵੱਖ-ਵੱਖ ਗਤੀਵਿਧੀਆਂ ਵੀ ਕੀਤੀਆਂ ਗਈਆਂ। ਯੁਵਕ ਭਲਾਈ ਦੇ ਇੰਚਾਰਜ ਡਾ. ਅਮਨਦੀਪ ਸਿੰਘ, ਜੱਜ ਰਾਜਬੀਰ ਕੌਰ, ਜੱਜ ਦਵਿੰਦਰ ਦਿਆਲਪੁਰੀ, ਡਾ. ਸਰਬਇੰਦਰਪਾਲ ਸਿੰਘ, ਮੈਂਡਮ ਜੋਬਨਜੀਤ ਕੌਰ, ਮੈਂਡਮ ਰੁਪਿੰਦਰ ਕੌਰ ਇਸ ਮੌਕੇ ਤੇ ਹਾਜ਼ਰ ਸਨ।
Leave a Reply