ਅੰਮ੍ਰਿਤਸਰ, (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਪੰਜਾਬ ਸਰਕਾਰ ਵੱਲੋਂ ਪੀ:ਜੀ:ਆਰ:ਐਸ ਪੋਰਟਲ ’ਤੇ ਲੋਕਾਂ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੀਤੀਆਂ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਮਿਥੇ ਸਮੇਂ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜਿੰਨਾਂ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਮਿਥੇ ਸਮੇਂ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕੀਤਾ ਜਾਵੇਗਾ, ਉਹਨਾਂ ਦੇ ਵਿਰੁੱਧ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ।
ਪੀ:ਜੀ:ਆਰ:ਐਸ ਪੋਰਟਲ ’ਤੇ ਵੱਖ-ਵੱਖ ਵਿਭਾਗਾ ਪਾਸ ਪਈਆਂ ਪੈਡਿੰਗ ਸ਼ਿਕਾਇਤਾਂ ਨੂੰ ਲੈ ਕੇ ਸਹਾਇਕ ਕਮਿਸ਼ਨਰ ਸ੍ਰੀ ਵਿਵੇਕ ਮੋਦੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਨੂੰ ਪੋਰਟਲ ਰਾਹੀਂ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ connect.punjab.gov.in ਜਾਂ ਕਾਲ ਸੈਂਟਰ ਦੇ ਨੰਬਰ 1100 ਰਾਹੀਂ ਜਾਂ ਸੇਵਾ ਕੇਂਦਰਾਂ ਦੇ ਰਾਹੀਂ ਆਪਣੀ ਸ਼ਿਕਾਇਤ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਪੰਜਾਬ ਪੱਧਰ ’ਤੇ ਵੀ ਮੋਨੀਟਰਿੰਗ ਕੀਤੀ ਜਾਂਦੀ ਹੈ ਅਤੇ ਜਿਲ੍ਹਾ ਪੱਧਰ ’ਤੇ ਮੁੱਖ ਮੰਤਰੀ ਫ਼ੀਲਡ ਅਫ਼ਸਰ ਵੱਲੋਂ ਵੀ ਇਸ ਦੀ ਨਿਗਰਾਨੀ ਕੀਤੀ ਜਾਂਦੀ ਹੈ। ਸ੍ਰੀ ਮੋਦੀ ਨੇ ਦੱਸਿਆ ਕਿ ਪੋਰਟਲ ਰਾਹੀਂ ਪ੍ਰਾਪਤ ਹੋਈ ਸ਼ਿਕਾਇਤ ਦਾ ਨਿਪਟਾਰਾ ਹੋਣ ਤੇ ਸਬੰਧਤ ਵਿਅਕਤੀ ਨੂੰ ਐਸ:ਐਮ:ਐਸ ਰਾਹੀਂ ਪੁੱਛਿਆ ਜਾਂਦਾ ਹੈ ਕਿ ਉਹ ਆਪਣੀ ਸ਼ਿਕਾਇਤ ਦੇ ਨਿਪਟਾਰਾ ਸਬੰਧੀ ਸੰਤੁਸ਼ਟ ਹੈ ਜਾਂ ਨਹੀਂ ਜੇਕਰ ਉਸ ਵੱਲੋਂ ਅਸੰਤੁਸ਼ਟਤਾ ਦਾ ਪ੍ਰਗਟਾਵਾ ਕੀਤਾ ਜਾਵੇ ਤਾਂ ਉਸ ਦੀ ਸ਼ਿਕਾਇਤ ਨੂੰ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ ਜਾਂਦਾ ਹੈ।
ਸ੍ਰੀ ਮੋਦੀ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਭਾਗ ਨਾਲ ਸਬੰਧਤ ਪਈਆਂ ਸ਼ਿਕਾਇਤਾਂ ਦਾ ਨਿਪਟਾਰਾ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰਨਾ ਯਕੀਨੀ ਬਣਾਉਣ। ਇਸ ਮੀਟਿੰਗ ਵਿੱਚ ਜ਼ਿਲ੍ਹਾ ਆਈਟੀ ਇੰਚਾਰਜ਼ ਗੁਲਸ਼ਨ ਕੁਮਾਰ, ਮੈਂਡਮ ਸੁਖਰਾਜ ਕੌਰ , ਤੰਨੂ ਮਹਾਜਨ, ਰਾਜਕੁਮਾਰ, ਮਲਕੀਤ ਸਿੰਘ ਤੋਂ ਇਲਾਵਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।
Leave a Reply