ਸਾਰਾ ਹੱਕ ਪੁੱਤ ਨੂੰ ਕਿਉਂ ਧੀ ਨੂੰ ਕਿਉਂ ਨਹੀਂ 

ਸਮਾਂ ਅੱਜ ਵੀ ਨਹੀਂ ਬਦਲਿਆ,ਜਿਸ ਥਾਂ ਧੀ ਦਾ ਹੱਕ ਪੁੱਤ ਬਰਾਬਰ ਹੋਣਾ ਚਾਹੀਦਾ ਉਸ ਥਾਂ ਪੁੱਤ ਨੂੰ ਹੀ ਪੁਰਾ ਹੱਕ ਦਿੱਤਾ ਜਾ ਰਿਹਾ ਹੈ। ਧੀ ਦੇ ਜੰਮ ਮਗਰੋਂ ਉਸਨੂੰ ਉਹ ਸਾਰੇ ਹੱਕ ਕਿਉਂ ਨਹੀਂ ਦਿੱਤੇ ਜਾ ਰਹੇ ਜੋ ਇੱਕ ਪੁੱਤ ਨੂੰ ਦਿੱਤੇ ਜਾਂਦੇ ਹਨ। ਪਿੱਛਲੇ ਦੋਰ ਵਿੱਚ ਧੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ ਲੇਕਿਨ ਇਹ ਕਿਹੋ ਜਿਹਾ ਦੋਰ ਹੈ ਜਿੱਥੇ ਧੀ ਨੂੰ ਜੰਮ ਤੋਂ ਬਾਅਦ ਉਸਦਾ ਸਾਰਾ ਹੱਕ ਖੋਹ ਲਿਆ ਜਾਂਦਾ ਹੈ। ਪੰਜਾਬ ਦੇ ਅਹਿਮ ਇਲਾਕਿਆਂ ਦੀ ਜਾਂਚ ਕਰੀਏ ਤਾਂ ਕਈ ਅਜਿਹੇ ਸ਼ਹਿਰ ਹਨ ਜਿਹਨਾਂ ਵਿੱਚ ਧੀਆਂ ਤਾਂ ਹਨ ਪਰ ਉਹਨਾਂ ਦਾ ਭਵਿੱਖ ਨਹੀਂ। ਵੱਡਾ ਹੋ ਕੇ ਪੁੱਤ ਨਸ਼ਿਆਂ ਵਿੱਚ ਫੱਸ ਜਾਂਦਾ ਹੈ ਤੇ ਆਪਣਾ ਸਭ ਕੁਝ ਗੁਆ ਲੈਂਦਾ ਹੈ। ਦੂਜੇ ਪਾਸੇ ਧੀ ਆਪਣੀ ਜਿੰਦਗੀ ਮਾਂ ਤੇ ਬਾਪੂ ਲਈ ਨਿਸ਼ਾਵਰ ਕਰ ਦਿੰਦੀ ਹੈ ਤੇ ਉਹਨਾਂ ਦੀ ਇੱਜਤਦਾਰ ਧੀ ਬਣ ਦਿਖਾਉਂਦੀ ਹੈ। ਦੋਵਾਂ ਵਿੱਚ ਬਹੁਤ ਜਾਦੇ ਫ਼ਰਕ ਹੈ ਫਿਰ ਵੀ ਉਹ ਲੋਕ ਹਨ ਜੋ ਪੁੱਤ ਨੂੰ ਪੁੱਤ ਸਮਝਦੇ ਹਨ ਤੇ ਧੀ ਨੂੰ ਕੁਝ ਵੀ ਨਹੀਂ।
             ਲੁਧਿਆਣਾ ਸ਼ਹਿਰ ਵੱਸਦੇ ਸੰਧੂ ਪਰਿਵਾਰ ਵਿੱਚ ਧੀ ਨੇ ਜਨਮ ਲਿਆ। ਸੰਧੂ ਸਾਬ ਬੜੇ ਨਿਰਾਸ਼ ਹੋਏ ਕਿ ਸਾਡੇ ਘਰ ਕਿੱਥੋਂ ਧੀ ਹੋ ਗਈ..ਮੈਨੂੰ ਤਾਂ ਪੁੱਤ ਚਾਹੀਦਾ ਸੀ। ਧੀ ਦੀ ਮਾਂ ਨੇ ਆਖਿਆ,’ ਹੁਣ ਜਦੋਂ ਧੀ ਹੋ ਹੀ ਗਈ ਹੈ ਤਾਂ ਧੀ ਹੀ ਸਹੀ। ਮੇਰੀ ਧੀ ਨੂੰ ਕੁਝ ਵੀ ਨਹੀਂ ਕਹਿਣਾ,ਤੁਸੀ ਨਹੀਂ ਸਵੀਕਾਰ ਕਰਨਾ ਤਾਂ ਨਾ ਕਰੋ ਪਰ ਮੈ ਆਪਣੀ ਧੀ ਨੂੰ ਜਿੰਦਗੀ ਦਵਾਂਗੀ ਤੇ ਉਸਨੂੰ ਪਾਲਾਂਗੀ। ‘ ਇਹ ਸਭ ਸੁਣ ਕੇ ਸੰਧੂ ਸਾਬ ਬੜੇ ਗੁੱਸੇ ਤੇ ਨਾਰਾਜ਼ ਹੋਏ ਤੇ ਉਹਨਾਂ ਆਖਿਆ,’ ਮੈਨੂੰ ਇਸ ਘਰ ਦਾ ਵੰਸ਼ ਚਾਹੀਦਾ ਸੀ ਤੇ ਤੂੰ ਇਹ ਨਾ ਸੋਚੀ ਕਿ ਸਾਰਾ ਹੱਕ ਤੇਰੀ ਧੀ ਨੂੰ ਦਉ।’ ਧੀ ਦੀ ਮਾਂ ਰੋਣ ਲੱਗ ਪੈਂਦੀ ਹੈ। ‘ ਕਿਸਮਤ ਦੀ ਲਕੀਰਾਂ ਇੱਕ ਵਾਰ ਲਿੱਖੀ ਜਾਣ ਤਾਂ ਉਸਨੂੰ ਕੋਈ ਵੀ ਨਹੀਂ ਬਦਲ ਸਕਦਾ। ਧੀ ਨੇ ਜਨਮ ਲੈਣਾ ਸੀ ਤਾਂ ਲੈ ਲਿਆ।’ ਮਾਂ ਧੀ ਦਾ ਪਿਆਰ ਬਣਿਆ ਰਿਹਾ।
          ਇੱਕ ਸਾਲ ਮਗਰੋਂ ਇੱਕ ਪੁੱਤ ਨੇ ਜਨਮ ਲਿਆ ਜਿਸਦਾ ਸੰਧੂ ਪਰਿਵਾਰ ਨੂੰ ਇੰਤਜ਼ਾਰ ਸੀ। ਘਰ ਵਿੱਚ ਬੜਾ ਪ੍ਰੋਗਰਾਮ ਰਖਾਇਆ ਤੇ ਪੂਰੇ ਪਿੰਡ ਨੂੰ ਸੱਦਾ ਦਿੱਤਾ। ਪੁੱਤ ਹੋਣ ਦੀ ਖੁਸ਼ੀ ਬਹੁਤ ਜਿਆਦਾ ਸੀ ਕਿ ਸੰਧੂ ਆਪਣੀ ਘਰਵਾਲੀ ਨੂੰ ਆਖਦਾ ਹੈ,’ ਹੁਣ ਦੇਖੀ ਮੈ ਆਪਣੇ ਪੁੱਤ ਨੂੰ ਕਿੱਥੋਂ ਤੱਕ ਪਹੁੰਚਾਉਂਦਾ ਹਾਂ। ਉਹ ਮੇਰਾ ਪੁੱਤ ਹੈ ਤੇ ਇਸ ਘਰ ਦਾ ਰਾਜਾ ਜਿਸਨੂੰ ਉਹ ਸਾਰੇ ਹੱਕ ਦਿੱਤੇ ਜਾਣਗੇ ਜੋ ਉਸਦੇ ਬਣਦੇ ਹਨ। ਸੰਧੂ ਨੂੰ ਆਪਣੇ ਉੱਤੇ ਬੜਾ ਮਾਨ ਸੀ ਤੇ ਸੰਧੂ ਹਮੇਸ਼ਾ ਗੁੱਸੇ ਵਿੱਚ ਹੀ ਰਹਿੰਦਾ ਸੀ। ਧੀ ਨੂੰ ਤਾਂ ਉਹ ਥੋੜ੍ਹਾ ਵੀ ਪਿਆਰ ਨਹੀਂ ਸੀ ਕਰਦਾ ਤੇ ਧੀ ਸੰਧੂ ਨੂੰ ਬਿਲਕੁੱਲ ਪਸੰਦ ਨਹੀਂ ਸੀ।
          ਆਮ ਆਦਮੀ ਦੀ ਗੱਲ ਪੁੱਠੀ ਸਿੱਧੀ ਅਗਰ ਸੰਧੂ ਦੇ ਕੰਨੀ ਪਹੁੰਚਦੀ ਤਾਂ ਉਹ ਦਬਾ ਦਿੰਦਾ ਤੇ ਅੱਗੋ ਆਖਦਾ,’ ਇਹ ਜੁਬਾਨ ਅੱਜ ਖੁੱਲ੍ਹ ਗਈ ਮੁੜ ਨਾ ਖੁੱਲ੍ਹੇ। ਸੰਧੂ ਦਾ ਦਬਕਾ ਆਮ ਲੋਕਾਂ ‘ ਤੇ ਭਾਰੂ ਸੀ ਕਿਉਂਕਿ ਉਹ ਦੱਸ ਕਿੱਲਿਆ ਦਾ ਕੱਲਾ ਮਾਲਿਕ ਸੀ। ਉਸਦਾ ਪਿੰਡ ਵਿੱਚ ਸਭ ਤੋਂ ਉੱਚਾ ਘਰ ਤੇ ਰੁੱਤਬਾ ਸੀ। ਵੀਹ ਸਾਲ ਬਾਅਦ ਸੰਧੂ ਕੋਲ਼ ਬਾਵਾ ਪੈਸਾ ਬਣ ਗਿਆ ਤੇ ਆਪਣੇ ਪੁੱਤ ਦੇ ਸਾਰੇ ਸ਼ੌਕ ਪੂਰੇ ਕੀਤੇ। ਵੀਹ ਸਾਲ ਦਾ ਹਰਜੋਤ ਸਿੰਘ ਸੰਧੂ ਸਕੂਲ ਪੜ੍ਹਦਾ ਸੀ। ਹਰਜੋਤ ਦਾ ਗੁੱਸਾ ਵੀ ਉਸਦੇ ਬਾਪੂ ਵਾਂਗ ਪੇਸ਼ ਆਇਆ। ਹਰਜੋਤ ਕੁਝ ਮੁੰਡਿਆ ਨੂੰ ਕੁੱਟ ਆਉਂਦਾ ਸੀ ਤੇ ਪਿੰਡ ਦਾ ਕੋਈ ਵੀ ਆਮ ਬੰਦਾ ਸੰਧੂ ਨੂੰ ਕੁਝ ਨਾ ਬੋਲਦਾ। ਹਰਜੋਤ ਆਪਣੇ ਬਾਪੂ ਜੀ ਦੇ ਦਮ ਉੱਤੇ ਬਲ ਰੱਖ਼ਦਾ ਸੀ।
           ਰਮਣੀਕ ਕੌਰ ਆਪਣੇ ਭਰਾ ਤੋਂ ਇੱਕ ਸਾਲ ਵੱਡੀ ਸੀ। ਉਹ ਸ਼ੁਰੂ ਤੋਂ ਹੀ ਆਪਣੀ ਮਾਂ ਦੀ ਬੁੱਕਲ਼ ਵਿੱਚ ਰਹੀ ਤੇ ਮਾਂ ਦੇ ਸਿਖਾਏ ਬੋਲਾਂ ਉੱਤੇ ਖਰੀ ਉਤਰੀ। ਰਮਣੀਕ ਨੇ ਬਚਪਨ ਤੋਂ ਹੀ ਫ਼ੈਸਲਾ ਕਰ ਲਿਆ ਸੀ ਕਿ ਮੈ ਆਪਣੇ ਬਾਪੂ ਜੀ ਨੂੰ ਉਹ ਸਾਰੀਆਂ ਖੁਸ਼ੀਆਂ ਵੰਡ ਦਵਾਂਗੀ ਜੋ ਉਹਨਾਂ ਨੇ ਜਿੰਦਗੀ ਵਿੱਚ ਕਦੇ ਸੋਚੀਆਂ ਵੀ ਨਹੀਂ ਹੋਣੀਆਂ। ਰਮਣੀਕ ਤੜਕੇ ਉੱਠ ਪਾਠ ਕਰ ਲਿਆ ਕਰਦੀ ਸੀ ਤੇ ਗੁਰੂ ਘਰ ਜਾ ਮੱਥਾ ਟੇਕਦੀ ਸੀ। ਰਮਣੀਕ ਦਾ ਸੁਭਾਅ ਆਪਣੀ ਮਾਂ ਵਰਗਾ ਸੀ। ਰਮਣੀਕ ਨੂੰ ਉਸਦੇ ਬਾਪੂ ਜੀ ਨਹੀਂ ਬਲਾਉਂਦੇ ਸੀ। ਰਮਣੀਕ ਰੱਬ ਉੱਤੇ ਪੂਰਾ ਭਰੋਸਾ ਰੱਖਦੀ ਸੀ। ਉਹ ਆਪਣੇ ਆਪ ਨੂੰ ਆਖਦੀ ਸੀ,’ ਉਹ ਦਿਨ ਦੂਰ ਨਹੀਂ ਜਿਸ ਦਿਨ ਬਾਪੂ ਜੀ ਮੇਰੇ ਮੱਥੇ ਨੂੰ ਚੁੰਮ ਆਪਣੇ ਸੀਨੇ ਨਾ ਲਾਉਣ।’
           ਤਿੰਨ ਚਾਰ ਸਾਲ ਹੋਰ ਬੀਤ ਗਏ। ਹਰਜੋਤ ਗਲਤ ਕੰਮਾਂ ਵਿੱਚ ਚਲਾ ਗਿਆ। ਉਸਨੇ ਨਸ਼ਿਆਂ ਦਾ ਰਾਹ ਅਪਣਾ ਲਿਆ ਤੇ ਚੋਰੀ ਚੋਰੀ ਬਾਪੂ ਜੀ ਤੋਂ ਨਸ਼ਾ ਕਰਨ ਲੱਗ ਪਿਆ। ਨਸ਼ਾ ਸ਼ਰੀਰ ਨੂੰ ਅਗਰ ਲੱਗ ਜਾਵੇ ਤਾਂ ਮੌਤ ਦਾ ਖੂਹ ਦੂਰ ਨਹੀਂ। ਸੰਧੂ ਸਾਬ ਨੂੰ ਤਾਂ ਆਪਣਾ ਪੁੱਤ ਹੀ ਪਿਆਰਾ ਸੀ ਤੇ ਉਹ ਬਹੁਤ ਮਾਨ ਕਰਦਾ ਸੀ। ਪੁੱਤ ਦਾ ਕਾਲਜ ਪਹੁੰਚਣ ਤੋਂ ਬਾਅਦ ਸੰਧੂ ਦਾ ਨਜਰੀਆਂ ਵਧੇਰੇ ਉੱਚਾ ਹੁੰਦਾ ਗਿਆ। ਧੀ ਨੇ ਡਾਕਟਰੀ ਦੀ ਪੜ੍ਹਾਈ ਮਾਂ ਤੋਂ ਪੁੱਛ ਕੇ ਕੀਤੀ ਤੇ ਮਾਂ ਤੋਂ ਵਚਨ ਲਿਆ ਕਿ ਤੁਸੀ ਬਾਪੂ ਜੀ ਨੂੰ ਮੇਰੇ ਬਾਰੇ ਇਹ ਸਭ ਨਹੀਂ ਦੱਸੋਂਗੇ। ਮਾਂ ਨੇ ਵਚਨ ਕਰ ਦਿੱਤਾ।
            ਕੁਝ ਸਾਲ ਹੋਰ ਬੀਤ ਗਏ। ਅਚਾਨਕ ਸੰਧੂ ਸਾਬ ਨੂੰ ਹਰਜੋਤ ਦਾ ਸੱਚ ਪਤਾ ਲੱਗ ਹੀ ਗਿਆ ਤੇ ਉਹਨਾਂ ਨੇ ਹਰਜੋਤ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ। ਹਰਜੋਤ ਆਪਣੇ ਬਾਪੂ ਜੀ ਦੀ ਗੱਲ ਨਹੀਂ ਮੰਨ ਰਿਹਾ ਸੀ ਤੇ ਨਸ਼ੇ ਵਿੱਚ ਧੁੱਤ ਹੋ ਡਿੱਗਦਾ ਫਿਰਦਾ ਸੀ। ਰਮਣੀਕ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਤੇ ਡਾਕਟਰ ਦਾ ਅਹੁਦਾ ਵੀ ਪਾ ਚੁੱਕੀ ਸੀ। ਰਮਣੀਕ ਸ਼ੁਰੂ ਤੋਂ ਜਾਣਦੀ ਸੀ ਜਦੋਂ ਹਰਜੋਤ ਨੇ ਨਸ਼ੇ ਦੇ ਦਲਦਲ ਵਿੱਚ ਪੈਰ ਰੱਖਿਆ ਸੀ ਲੇਕਿਨ ਉਹ ਦੱਸ ਨਹੀਂ ਸਕਦੀ ਸੀ ਕਿਉਂਕਿ ਉਸਦੀ ਗੱਲ ਉਸਦੇ ਬਾਪੂ ਜੀ ਨਹੀਂ ਸੁਣਦੇ ਸੀ ਤੇ ਮਾਂ ਨੂੰ ਸੱਚ ਦੱਸਣੋਂ ਰਹੀ। ਮਾਂ ਨੂੰ ਰਮਣੀਕ ਨੇ ਇਸ ਲਈ ਦੱਸਣਾ ਜਰੂਰੀ ਨਾ ਸਮਝਿਆ ਕਿਉਂਕਿ ਸੰਧੂ ਸਾਬ ਦਾ ਗੁੱਸਾ ਪੁੱਤ ਦੀ ਜਾਨ ਵੀ ਲੈ ਸਕਦਾ ਸੀ ਤੇ ਆਪਣੀ ਜਾਨ ਵੀ।
         ਰਮਣੀਕ ਨੇ ਇਸ ਗੱਲ ਨੂੰ ਪੂਰੇ   ਚਾਰ ਸਾਲ ਛੁਪਾ ਕੇ ਰੱਖਿਆ। ਇੱਕ ਦਿਨ ਪਤਾ ਲੱਗ ‘ ਤੇ ਸੰਧੂ ਨੇ ਹਰਜੋਤ ਨੂੰ ਬਹੁਤ ਝਿੜਕਿਆ ਤੇ ਨਸ਼ਾ ਛੱਡਣ ਲਈ ਆਖਿਆ ਪਰ ਪੁੱਤ ਨਾ ਮੰਨਿਆ। ਸੰਧੂ ਬਹੁਤ ਨਿਰਾਸ਼ ਹੋਇਆ ਤੇ ਆਪਣੇ ਆਪ ਨੂੰ ਕੋਸਣ ਲੱਗਾ। ਇੱਕ ਦਿਨ ਹਰਜੋਤ ਦੀ ਤਬੀਅਤ ਅਚਾਨਕ ਵਿਗੜ੍ਹ ਗਈ। ਹਸਪਤਾਲ਼ ਵਿੱਚ ਦਾਖਿਲ ਕਰਵਾਇਆ। ਰਮਣੀਕ ਖੜ੍ਹੀ ਦੇਖ ਕੇ ਮਰੀਜ਼ ਨੂੰ ਜਲਦ ਹੀ ਡਾਕਟਰ ਅਚਾਨਕ ਐਮਰਜੈਂਸੀ ਵਿੱਚ ਲੈ ਗਏ ਤੇ ਬਾਹਰ ਅਾ ਕੇ ਡਾਕਟਰ ਨੇ ਆਵਾਜ਼ ਮਾਰ ਕਿਹਾ,’ ਡਾ. ਰਮਣੀਕ! ਤੁਸੀ ਜਲਦੀ ਆਓ..ਇਹ ਆਪ੍ਰੇਸ਼ਨ ਤੁਸੀ ਹੀ ਕਰੋਂਗੇ।’ ਰਮਣੀਕ ਦੀ ਆਵਾਜ਼ ਆਈ,’ ਹਾਂਜੀ! ਆਈ। ਇਹ ਸਭ ਦੇਖ ਕੇ ਸੰਧੂ ਬੜਾ ਹੈਰਾਨ ਹੋਇਆ। ਸੰਧੂ ਨੇ ਆਪਣੀ ਘਰਵਾਲੀ ਰਾਜਦੀਪ ਕੌਰ ਨੂੰ ਪੁੱਛਿਆ,’ ਤੂੰ ਮੈਨੂੰ ਦੱਸਿਆ ਨਹੀਂ.. ਰਮਣੀਕ ਇੱਕ ਡਾਕਟਰ ਐ ?
           ‘ਸੰਧੂ ਸਾਬ ਤੁਹਾਨੂੰ ਆਪਣੇ ਉੱਤੇ ਮਾਨ ਬੜਾ ਸੀ ਤੇ ਤੁਸੀ ਆਪਣੇ ਪੁੱਤ ਨੂੰ ਹੀ ਪਿਆਰ ਕਰਦੇ ਸੀ। ਰੋਜ਼ ਮੈਨੂੰ ਰਮਣੀਕ ਆਖਿਆ ਕਰਦੀ…ਬਾਪੂ ਜੀ ਥੱਕ ਜਾਂਦੇ ਹੋਵਣਗੇ ਤੁਸੀ ਉਹਨਾਂ ਲਈ ਸ਼ਰਬਤ ਬਣਾ ਦਵੋ,ਕਦੇ ਆਖੇ ਤੁਸੀ ਲੱਤਾਂ ਘੁੱਟ ਦਵੋ ਫਿਰ ਇੱਕ ਦਿਨ ਰਮਣੀਕ ਬੜੀ ਹੋ ਗਈ। ਉਸਨੇ ਫ਼ੈਸਲਾ ਕੀਤਾ ਕਿ ਉਹ ਡਾਕਟਰ ਬਣ ਕੇ ਤੁਹਾਡੀ ਸਿਹਤ ਦਾ ਸਦਾ ਖਿਆਲ ਰੱਖੇ ਤੇ ਪੂਰੇ ਪਰਿਵਾਰ ਨੂੰ ਖੁਸ਼ ਦੇਖੇ। ਰਮਣੀਕ ਨੇ ਮੇਰੇ ਤੋਂ ਵਚਨ ਮੰਗਿਆ ਸੀ ਜਿਸ ਕਰਕੇ ਮੈ ਚੁੱਪ ਰਹੀ ਤੇ ਮੈ ਉਸ ਬਾਰੇ ਕਦੇ ਵੀ ਡਾਕਟਰ ਦੀ ਪੜਾਈ ਬਾਰੇ ਨਾ ਦੱਸਿਆ। ਮੈਨੂੰ ਵੀ ਅੱਜ ਹੀ ਪਤਾ ਲੱਗਿਆ ਕਿ ਰਮਣੀਕ ਡਾਕਟਰ ਐ।’
          ਸੰਧੂ ਬੜਾ ਭਾਵੁਕ ਹੁੰਦਾ ਹੈ ‘ਅੱਜ ਮੈ ਆਪਣੇ ਆਪ ਤੋਂ ਬਹੁਤ ਜਿਆਦੇ ਸ਼ਰਮਿੰਦਾ ਵਾਂ। ਮੈ ਜਿਸ ਪੁੱਤ ਦੀ ਬਦੌਲਤ ਇਹਨਾਂ ਮਾਨ ਮਹਿਸੂਸ ਕਰਦਾ ਆ ਰਿਹਾ ਸੀ ਉਹ ਤਾਂ ਨਸ਼ੇ ਕਰਨ ਵਾਲਾ ਨਿਕਲਿਆ। ਉਸਨੂੰ ਸਾਰੀਆਂ ਖੁਸ਼ੀਆਂ ਦਿੱਤੀਆਂ ਪਰ ਉਸਨੇ ਕੀ ਕੀਤਾ ਮੇਰਾ ਦਿਲ ਤੋੜਿਆ। ਮੈ ਆਪਣੀ ਧੀ ਦਾ ਬਹੁਤ ਵੱਡਾ ਗੁਨਾਹਗਾਰ ਹਾਂ। ਅੱਜ ਮੈਨੂੰ ਆਪਣੀ ਗਲਤੀ ਨਜਰ ਆ ਰਹੀ ਹੈ। ਕਾਸ਼! ਤੇਰੀ ਮੈ ਗੱਲ ਸੁਣ ਲਈ ਹੁੰਦੀ ਤਾਂ ਅੱਜ ਸ਼ਾਇਦ ਇਹ ਦਿਨ ਨਾ ਦੇਖਣਾ ਪੈਂਦਾ।’ ਸੰਧੂ ਦੀਆਂ ਅੱਖਾਂ ਵਿੱਚੋਂ ਹੰਝੂ ਟੱਪਕਣ ਲੱਗ ਪਏ। ਰਾਜਦੀਪ ਆਖਦੀ ਹੈ,’ ਵੇਖੋ ਸੰਧੂ ਜੀ…ਜੋ ਹੋਣਾ ਸੀ ਹੋ ਗਿਆ,ਹੁਣ ਵੀ ਕੁਝ ਵਿਗੜਿਆ ਨਹੀਂ। ਸਾਡੀ ਧੀ ਸਾਡੀ ਹੀ ਹੈ।’ ਥੋੜ੍ਹੀ ਦੇਰ ਬਾਅਦ ਇੱਕ ਡਾਕਟਰ ਬਾਹਰ ਆਉਂਦਾ ਹੈ। ਅਚਾਨਕ ਸੰਧੂ ਉਹਨਾਂ ਨੂੰ ਆਪਣੇ ਪੁੱਤ ਬਾਰੇ ਪੁੱਛਦਾ ਹੈ,’ ਡਾਕਟਰ ਸਾਬ ਹੁਣ ਮੇਰਾ ਪੁੱਤ ਕਿਵੇਂ ਐ…ਠੀਕ ਤਾਂ ਹੈ ਨਾ।’
             ਡਾਕਟਰ ਅੱਗੋ ਆਖਦਾ ਹੈ,’ ਤੁਸੀ ਫ਼ਿਕਰ ਨਾ ਕਰੋ.. ਡਾ. ਰਮਣੀਕ ਬਹੁਤ ਹੀ ਅੱਛੇ ਡਾਕਟਰ ਹਨ। ਉਹਨਾਂ ਨੂੰ ਡਾਕਟਰੀ ਦਾ ਪੇਸ਼ਾ ਕਰਦੇ ਕਈ ਸਾਲ ਹੋ ਗਏ ਹਨ ਤੇ ਉਹਨਾਂ ਨੂੰ ਪਤਾ ਹੈ ਮਰੀਜ਼ ਨੂੰ ਕਿਵੇਂ ਠੀਕ ਕਰਨਾ ਹੈ। ਤੁਸੀ ਨਾ ਘਬਰਾਓ।’ ਸੰਧੂ ਆਪਣੀ ਧੀ ਬਾਰੇ ਜਾਣ ਕੇ ਖੁਸ਼ ਹੁੰਦਾ ਹੈ ਤੇ ਡਾਕਟਰ ਨੂੰ ਪੁੱਛਦਾ ਹੈ,’ ਤੁਸੀ ਦੱਸ ਸਕਦੇ ਹੋ ਰਮਣੀਕ ਕਦੋਂ ਤੋਂ ਡਾਕਟਰੀ ਦਾ ਕੰਮ ਕਰ ਰਹੀ ਹੈ।’ ਡਾਕਟਰ ਅਚਾਨਕ ਦੱਸਦਾ ਹੈ,’ ਜੀ! ਜਰੂਰ… ਉਹਨਾਂ ਨੂੰ ਪੂਰੇ ਚਾਰ ਸਾਲ ਹੋ ਚੁੱਕੇ ਹਨ। ਉਹਨਾਂ ਦੇ ਹੱਥ ਦਾ ਜੋ ਵੀ ਅਪ੍ਰੇਸ਼ਨ ਹੋਇਆ ਹੈ,ਉਹ ਮਰੀਜ਼ ਇੱਕਦਮ ਠੀਕ ਹੋਇਆ ਹੈ। ਜਿਸ ਕਰਕੇ ਉਹਨਾਂ ਨੂੰ ਰੱਬ ਦਾ ਫ਼ਰਿਸ਼ਤਾ ਵੀ ਕਿਹਾ ਜਾਂਦਾ ਹੈ। ਉਹ ਬਾਪ ਬੜਾ ਹੀ ਖੁਸ਼ – ਕਿਸਮਤ ਵਾਲਾ ਹੈ ਜਿਸਦੀ ਇਹ ਧੀ ਹੈ।’ ਇਹਨਾਂ ਦੱਸ ਕੇ ਡਾਕਟਰ ਉੱਥੋਂ ਚਲਾ ਜਾਂਦਾ ਹੈ।
            ਸੰਧੂ ਇੱਕ ਵਾਰ ਫਿਰ ਤੋਂ ਭਾਵੁਕ ਹੋ ਜਾਂਦਾ ਹੈ। ਉਹ ਸੋਚਾਂ ਸੋਚਦਾ ਹੈ ਕਿ ਪਿੱਛਲੇ ਜਨਮ ਮੈ ਪਤਾ ਨਹੀਂ ਕੀ ਪਾਪ ਕੀਤਾ ਸੀ ਜਿਹੜਾ ਮੈਨੂੰ ਇਸ ਜਨਮ ਭੁਗਤਣਾ ਪੈ ਰਿਹਾ। ਮੈਨੂੰ ਆਪਣੀ ਧੀ ਨਾਲ ਇੰਝ ਨਹੀਂ ਕਰਨਾ ਚਾਹੀਦਾ ਸੀ। ਧੀ ਤਾਂ ਸਦਾ ਹੀ ਆਪਣੇ ਬਾਪ ਦੀ ਪੱਗ ਹੁੰਦੀਆਂ ਹਨ ਜੋ ਇੱਜਤਾਂ ਬਣ ਕੇ ਰਹਿੰਦੀਆਂ ਹਨ। ਮੈਨੂੰ ਆਪਣੀ ਧੀ ਦਾ ਹੱਕ ਨਹੀਂ ਖੋਣਾ ਚਾਹੀਦਾ ਸੀ।’
            ਪੰਦਰਾਂ ਮਿੰਟ ਬਾਅਦ ਰਮਣੀਕ ਬਾਹਰ ਆ ਜਾਂਦੀ ਹੈ। ਰਮਣੀਕ ਅਾ ਕੇ ਦੱਸਦੀ ਹੈ ਕਿ ਹਰਜੋਤ ਹੁਣ ਖ਼ਤਰੇ ਤੋਂ ਬਾਹਰ ਹੈ। ਹੁਣ ਜਲਦੀ ਹੀ ਠੀਕ ਹੋ ਜਾਏਗਾ। ਸੰਧੂ ਆਪਣੀ ਧੀ ਨੂੰ ਵੇਖਦਾ ਹੀ ਰਹਿ ਗਿਆ ਤੇ ਮੂੰਹੋਂ ਕੁਝ ਬੋਲਣ ਲੱਗਦਾ ਇਹਨੇ ਨੂੰ ਸੰਧੂ ਰੋਣ ਲੱਗ ਪਿਆ। ਰਮਣੀਕ ਕੋਲ਼ ਆ ਕਹਿੰਦੀ,’ ਕੀ ਹੋਇਆ ਡੈਡੀ ਜੀ…ਤੁਸੀ ਰੋਅ ਕਿਉਂ ਰਹੇ ਹੋ। ਹਰਜੋਤ ਹੁਣ ਠੀਕ ਆ,ਉਸਨੂੰ ਕੁਝ ਨੀ ਹੋਇਆ। ਨਾ ਰੋਵੋ ਡੈਡੀ ਜੀ..! ਸੰਧੂ ਅੱਜ ਦਿਲ ਤੋਂ ਪਿਗਲ ਕੇ ਰਹਿ ਗਿਆ ਸੀ ਤੇ ਸੰਧੂ ਆਪਣੀ ਧੀ ਦੇ ਮੱਥੇ ਨੂੰ ਚੁੰਮ ਆਖਦਾ ਹੈ,’ ਮੈਨੂੰ ਪੁੱਤ ਧੀਏ! ਮਾਫ਼ ਕਰਦੇ..ਮੈ ਤੇਰਾ ਗੁਨਾਹਗਾਰ ਹਾਂ। ਪੂਰੇ ਪੱਚੀ ਸਾਲ ਤੇਰੇ ਤੋਂ ਈਰਖਾ ਰੱਖੀ ਤੇ ਤੈਨੂੰ ਆਪਣੇ ਤੋਂ ਵੱਖ ਰੱਖਿਆ।’ ਰਮਣੀਕ ਦਾ ਜੋ ਸੁਪਨਾ ਸੀ ਉਹ ਪੂਰਾ ਹੋ ਗਿਆ । ਰਮਣੀਕ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਬਾਪੂ ਜੀ ਮੱਥਾ ਨਾ ਚੁੰਮਣ। ਰਮਣੀਕ ਆਖਦੀ ਹੈ,’ ਤੁਸੀ ਡੈਡੀ ਜੀ ਇੰਝ ਕਿਉਂ ਸੋਚਦੇ ਓ..ਨਾ ਸੋਚੋ ਤੇ ਨਾ ਕੁਝ ਬੋਲੋ…ਮੈ ਸ਼ੁਰੂ ਤੋਂ ਹੀ ਤੁਹਾਡੀ ਧੀ ਹਾਂ ਤੇ ਹੁਣ ਵੀ ਤੁਹਾਡੀ ਹੀ ਧੀ ਹਾਂ। ਮੈ ਤੁਹਾਡੇ ਤੋਂ ਕੋਈ ਗੁੱਸਾ ਨਹੀਂ ਹਾਂ। ਅੱਜ ਮੈਨੂੰ ਮੇਰੇ ਡੈਡੀ ਜੀ ਮਿਲ ਗਏ ਇਸਤੋਂ ਵੱਧ ਕੇ ਮੈਨੂੰ ਕੀ ਚਾਹੀਦਾ ਐ।’ ਰਮਣੀਕ ਵੀ ਰੋਣ ਲੱਗ ਪੈਂਦੀ ਹੈ।
            ਮਾਂ ਦੇ ਦੁਲਾਰ ਨੇ ਰਮਣੀਕ ਨੂੰ ਉਹ ਸਭ ਸਿਖਾਇਆ ਸੀ ਜੋ ਇੱਕ ਧੀ ਨੂੰ ਹੋਣਾ ਚਾਹੀਦਾ ਹੈ। ਸੰਧੂ ਨੇ ਆਪਣਾ ਫ਼ੈਸਲਾ ਸੁਣਾਇਆ,’ ਅੱਜ ਤੋਂ ਬਾਅਦ ਧੀ ਤੇ ਪੁੱਤ ਵਿੱਚ ਕੋਈ ਫ਼ਰਕ ਨਹੀਂ ਸਮਝਿਆ ਜਾਵੇਗਾ। ਦੋਵਾਂ ਨੂੰ ਬਰਾਬਰ ਦਾ ਹੱਕ ਮਿਲੇਗਾ। ਜੋ ਪੁੱਤ ਨਹੀਂ ਕਰ ਪਾਇਆ ਉਹ ਮੇਰੀ ਧੀ ਨੇ ਕਰ ਵਿਖਾਇਆ। ਮੈਨੂੰ ਆਪਣੀ ਧੀ ਉੱਤੇ ਗਰਵ ਹੈ।’ ਰਮਣੀਕ ਬਹੁਤ ਖੁਸ਼ ਸੀ ਕਿ ਉਸਨੂੰ ਉਸਦਾ ਹੱਕ ਵੀ ਮਿਲ ਗਿਆ ਤੇ ਉਹ ਸਾਰੀਆਂ ਖੁਸ਼ੀਆਂ ਮੁੜ ਵਾਪਿਸ ਮਿਲ ਗਈਆਂ ਜੋ ਬਚਪਨ ਵਿੱਚ ਖੋਹ ਲਈਆਂ ਗਈ ਸੀ। ਅੱਧੇ ਘੰਟੇ ਕੁ ਬਾਅਦ ਹਰਜੋਤ ਨੂੰ ਹੋਸ਼ ਆ ਗਿਆ ਤੇ ਨਰਸ ਬਾਹਰ ਆ ਕੇ ਰਮਣੀਕ ਨੂੰ ਬਲਾਉਂਦੀ ਹੈ। ਰਮਣੀਕ ਆਪਣੇ ਨਾਲ ਚੱਲਣ ਲਈ ਸੰਧੂ ਨੂੰ ਆਖਦੀ ਹੈ।
           ਹਰਜੋਤ ਆਪਣੇ ਬਾਪੂ ਜੀ ਤੋਂ ਮਾਫ਼ੀ ਮੰਗਦਾ ਹੈ ਤੇ ਆਖਦਾ ਹੈ,’ ਅੱਜ ਦੀਦੀ ਨਾ ਹੁੰਦੀ ਤਾਂ ਮੈ ਇਸ ਜੱਗ ਨਾ ਹੁੰਦਾ ਬਾਪੂ ਜੀ..ਮੈਨੂੰ ਮੇਰੀ ਗਲਤੀ ਮਾਫ਼ ਕਰ ਦਿਓ। ਅੱਗੇ ਤੋਂ ਕਦੇ ਵੀ ਨਹੀਂ ਨਸ਼ਾ ਕਰਾਂਗਾ ਤੇ ਨਾ ਮੂੰਹ ਦੇਖਾਂਗਾ। ਪੁੱਤ ਦੀ ਗੱਲ ਸੁਣ ਸੰਧੂ ਬੋਲਦਾ ਹੈ,’ ਬਸ ਚੁੱਪ ਕਰਜਾ ਹੁਣ!…ਹੁਣ ਕਿੰਨਾ ਰੁਵਾਏਂਗਾ! ਰੁਵਾ ਰੁਵਾ ਕੇ ਮੇਰਾ ਵੀ ਦਿਲ ਕਮਜ਼ੋਰ ਕਰਤਾ। ਅੱਜ ਪਤਾ ਲੱਗਾ ਕਿ ਪੁੱਤ ਤੇ ਧੀ ‘ ਚ ਫ਼ਰਕ ਕੀ।’ ਪਿੱਛੇ ਖੜ੍ਹੀ ਧੀ ਤੇ ਮਾਂ ਦੋਵੇਂ ਹੱਸਣ ਲੱਗ ਪਏ। ਰਮਣੀਕ ਦੀ ਮਾਂ ਅੱਗੇ ਆ ਜਾਂਦੀ ਹੈ ਤੇ ਆਪਣੇ ਪੁੱਤ ਨੂੰ ਵੇਖ ਆਖਦੀ ਹੈ,’ ਹਰਜੋਤ ਪੁੱਤ ਅੱਜ ਤੇਰੇ ਬਾਪੂ ਜੀ ਨੇ ਰਮਣੀਕ ਨੂੰ ਵੀ ਅਪਣਾ ਲਿਆ। ਤੂੰ ਹੁਣ ਫ਼ਿਕਰ ਨਾ ਕਰ ਹੁਣ ਸਭ ਵਾਹਿਗੁਰੂ ਜੀ ਨੇ ਠੀਕ ਕਰ ਦੇਣਾ। ਤੂੰ ਆਪਣੇ ਮੂੰਹ ਤੋਂ ਮਾਫ਼ੀ ਮੰਗ ਕੇ ਆਪਣੇ ਬਾਪੂ ਜੀ ਦਾ ਦਿਲ ਹਲਕਾ ਕੀਤਾ ਆ…ਬਸ ਪੁੱਤ ਨਸ਼ਾ ਵੱਲ ਨਾ ਜਾਵੀਂ,ਜਿਹੜਾ ਇਸ ਰਾਹ ਗਿਆ ਉਹ ਕਦੇ ਵੀ ਮੁੜਿਆ ਨਹੀਂ।’
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ

Leave a Reply

Your email address will not be published.


*