ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ‘ਚ ਸ਼ਾਮਲ

ਅੰਮ੍ਰਿਤਸਰ     (ਰਾਕੇਸ਼ ਨਈਅਰ ਚੋਹਲਾ)
ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਅੱਜ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ।ਉਨ੍ਹਾਂ ਨੂੰ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਰਸ਼ਮੀ ਤੌਰ ’ਤੇ ਭਾਜਪਾ ਵਿਚ ਸ਼ਾਮਿਲ ਕੀਤਾ।ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਤਰੁਨ ਚੁੱਘ ਅਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ।ਸ਼੍ਰੀ ਵਿਨੋਦ ਤਾਵੜੇ ਨੇ ਸਰਦਾਰ ਸੰਧੂ ਨੂੰ ਭਾਜਪਾ ਵਿਚ ਸ਼ਾਮਿਲ ਕਰਨ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਰਦਾਰ ਸੰਧੂ ਨੇ ਦੇਸ਼ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ। ਉਨ੍ਹਾਂ ਸਰਦਾਰ ਸੰਧੂ ਦੇ ਪਰਿਵਾਰਕ ਪਿਛੋਕੜ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਸੰਧੂ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਨਾ ਕੇਵਲ ਗੁਰਦੁਆਰਾ ਸੁਧਾਰ ਲਹਿਰ ਸਗੋਂ ਦੇਸ਼ ਦੀ ਅਜ਼ਾਦੀ ਸੰਘਰਸ਼ ਵਿਚ ਵੀ ਅਹਿਮ ਭੂਮਿਕਾ ਰਹੀ ਹੈ।ਉਨ੍ਹਾਂ ਕਿਹਾ ਕਿ ਸ਼. ਸੰਧੂ ਦੇ ਮਾਤਾ-ਪਿਤਾ ਦਾ ਵੀ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਦੇਣ ਰਿਹਾ। ਉਨ੍ਹਾਂ ਦੇ ਪਿਤਾ ਜੀ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਪ੍ਰਸਿੱਧ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ  ਤਰਨਜੀਤ ਸਿੰਘ ਸੰਧੂ ਇਕ ਤਜਰਬੇਕਾਰ ਅਤੇ ਲਿਆਕਤ ਦੇ ਮਾਲਕ  ਹਨ,ਅਜਿਹੇ ਵਿਅਕਤੀ ਦੀ ਭਾਜਪਾ ਅਤੇ ਦੇਸ਼ ਨੂੰ ਸਖ਼ਤ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਮੁਖੀ ਯੋਜਨਾਵਾਂ ਨੂੰ ਲਾਗੂ ਕਰਨ ਤੋਂ ਇਲਾਵਾ ਪੰਜਾਬ ਨੂੰ ਨਵੀਂ ਦਿਸ਼ਾ ਤੇ ਦਸ਼ਾ ’ਚ ਲਿਆਉਣਾ ਚਾਹੁੰਦੇ ਹਨ।  ਪ੍ਰਧਾਨ ਮੰਤਰੀ ਮੋਦੀ ਵਿਕਾਸ ਯੋਜਨਾਵਾਂ ਨੂੰ ਲੈ ਕੇ ਦੇਸ਼ ਨੂੰ ਗਰੰਟੀ ਦੇਣੀ ਚਾਹੁੰਦੇ ਹਨ,ਸਰਦਾਰ ਸੰਧੂ ਉਨ੍ਹਾਂ ਗਰੰਟੀਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ।ਇਸ ਮੌਕੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਦੇਸ਼ ਤੇ ਸਮਾਜ ਦੀ ਸੇਵਾ ’ਚ ਨਵਾਂ ਅਧਿਆਇ ਸ਼ੁਰੂ ਕਰਨ ਦਾ ਅਵਸਰ ਦੇਣ ਲਈ ਭਾਜਪਾ ਪ੍ਰਧਾਨ ਜੇ ਪੀ ਨੱਢਾ,ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਕਾਸ ’ਤੇ ਫੋਕਸ ਕੀਤਾ ਹੋਇਆ ਹੈ।ਉਨ੍ਹਾਂ ਨੇ ਪਿਛਲੇ 10 ਸਾਲ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਕੰਮ ਕੀਤਾ।ਜਿਸ ਦੌਰਾਨ ਅਮਰੀਕਾ ਅਤੇ ਭਾਰਤ ਦੀ ਸਾਂਝ ਹੁਣ ਭਾਈਵਾਲੀ ’ਚ ਬਦਲ ਚੁੱਕੀ ਹੈ।  ਅਮਰੀਕੀ ਕੰਪਨੀਆਂ ਭਾਰਤ ’ਚ ਪੂੰਜੀ ਨਿਵੇਸ਼ ਕਰ ਰਹੀਆਂ ਹਨ।ਇਸ ਨਿਵੇਸ਼ ਦਾ ਲਾਭ ਅੰਮ੍ਰਿਤਸਰ ਪੰਜਾਬ ਨੂੰ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਮੇਰਾ ਹੋਮ ਟਾਊਨ ਹੈ।ਅੰਮ੍ਰਿਤਸਰ ਦੀ ਸਿੱਖਿਆ, ਵਪਾਰ,ਉਦਯੋਗ, ਮੈਡੀਕਲ-ਹੈਲਥ ਕੇਅਰ, ਟੂਰਿਜ਼ਮ,ਖੇਤੀ ਸੈਕਟਰ ਵਿਚ ਵਿਕਾਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ।ਵਿਕਾਸ ਨੀਤੀਆਂ ਦੇਸ਼ ਦੇ ਬਾਕੀ ਹਿੱਸਿਆਂ ਦੀ ਤਰਾਂ ਅੰਮ੍ਰਿਤਸਰ ਪੰਜਾਬ ਵੀ ਪਹੁੰਚਣੀਆਂ ਚਾਹੀਦੀਆਂ ਹਨ।

Leave a Reply

Your email address will not be published.


*