ਪੀ.ਏ.ਯੂ. ਕੇ.ਵੀ.ਕੇ. ਬੁੱਧ ਸਿੰਘ ਵਾਲਾ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

ਮੋਗਾ ( Manpreet singh)
ਪੀ.ਏ.ਯੂ., ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਵੱਲੋਂ ਬਲਾਕ ਮੋਗਾ ਦੇ ਪਿੰਡ ਖੋਸਾ ਪਾਂਡੋ, ਵਿਖੇ ”ਕਿਸਾਨ ਉਤਪਾਦਕ ਸੰਗਠਨ (ਐਫ.ਪੀ. ਓ.) ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ” ਵਿਸ਼ੇ ‘ਤੇ ਜਾਗਰੂਕਤਾ ਕੈਂਪ ਆਯੋਜਨ ਕੀਤਾ ਗਿਆ। ਇਹ ਸਿਖਲਾਈ ਕੈਂਪ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੋਜ਼ ਪ੍ਰੀਸ਼ਦ-ਅਟਾਰੀ ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਲਗਭਗ 120 ਕਿਸਾਨਾਂ ਨੇ ਭਾਗ ਲਿਆ।
ਇਸ ਸਿਖਲਾਈ ਕੈਂਪ ਦੌਰਾਨ  ਡਾ. ਅਮਨਦੀਪ ਸਿੰਘ ਬਰਾੜ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ., ਬੁੱਧ ਸਿੰਘ ਵਾਲਾ, ਮੋਗਾ ਨੇ ਕਿਸਾਨਾਂ ਨੂੰ ਖਪਤਕਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਉਸਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸਹੀ ਤਰੀਕੇ ਦੀ ਪੈਕੇਜਿੰਗ, ਲੇਬਲਿੰਗ ਅਤੇ ਮੰਡੀਕਰਨ ਵਿੱਚ ਲੋੜੀਂਦੇ ਗਿਆਨ ਅਤੇ ਐਫ.ਪੀ.ਓ. ਦੀ ਮਹਤੱਤਾ ਬਾਰੇ ਜਾਗਰੂਕ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਤਕਨੀਕੀ ਜਾਣਕਾਰੀ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਜੁੜਨ ਲਈ ਸੱਦਾ ਦਿੱਤਾ। ਉਹਨਾਂ ਵੱਲੋਂ ਕਿਸਾਨਾਂ ਨੂੰ ਖੇਤੀ ਜ਼ਹਿਰਾਂ ਦੀ ਵਰਤੋਂ ਨੂੰ ਘੱਟ ਕਰਦੇ ਹੋਏ ਜੈਵਿਕ ਖੇਤੀ ਨੂੰ ਅਪਣਾਉਣ ਦਾ ਹੋਕਾ ਦਿੱਤਾ।
ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ) ਨੇ ਕਿਸਾਨ ਉਤਪਾਦਕ ਸੰਗਠਨਾਂ ਲਈ ਐਗਰੋ-ਪ੍ਰੋਸੈਸਿੰਗ ਅਤੇ ਸਵੈ-ਮੰਡੀਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਵੱਲੋਂ ਵੱਖ-ਵੱਖ ਪੈਕੇਜਿੰਗ ਤਕਨੀਕਾਂ, ਸਹੀ ਲੇਬਲਿੰਗ ਅਤੇ ਐਫ.ਐਸ.ਐਸ.ਆਈ. ਕੁਆਲਿਟੀ ਮਾਰਕ, ਖੇਤੀਬਾੜੀ ਉਤਪਾਦਾਂ ਦੇ ਮੰਡੀਕਰਨ ਵਿੱਚ ਬ੍ਰਾਂਡਿੰਗ ਦੀ ਭੂਮਿਕਾ, ਮੰਡੀਕਰਨ ਦੇ ਸਿਧਾਂਤਾਂ ਨੂੰ ਸਪੱਸ਼ਟ ਕਰਨ ਅਤੇ ਸਫਲ ਬ੍ਰਾਂਡਿੰਗ ਲਈ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਵਿਸਤ੍ਰਿਤ ਰੂਪ ਵਿੱਚ ਦੱਸਿਆ।
ਡਾ. ਮਨਪ੍ਰੀਤ ਜੈਦਕਾ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਕਾਸ਼ਤ ਬਾਰੇ ਦੱਸਿਆ। ਡਾ. ਸੰਦੀਪ ਕੁਮਾਰ, ਸਹਾਇਕ ਪ੍ਰਫੈਸਰ (ਪੌਦ ਸੁਰੱਖਿਆ) ਵੱਲੋਂ  ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੇ ਸਰਵਪੱਖੀ ਰੋਕਥਾਮ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਡਾ. ਹਰਸਿਮਰਨਜੀਤ ਕੌਰ ਮਾਵੀ, ਵਿਗਿਆਨੀ (ਖੇਤੀਬਾੜੀ ਮੰਡੀਕਰਨ), ਪੀ.ਏ.ਯੂ., ਲੁਧਿਆਣਾ ਨੇ ਐਫ.ਪੀ.ਓ. ਦੀ ਮਹੱਤਤਾ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਜ਼ਰੂਰੀ ਨੁਕਤੇ ਅਤੇ ਸਵੈ-ਮੰਡੀਕਰਨ ਵਿੱਚ ਧਿਆਨ ਦੇਣ ਯੋਗ ਗੱਲਾਂ ਬਾਰੇ ਬਰੀਕੀ ਵਿੱਚ ਜਾਣਕਾਰੀ ਸਾਂਝੀ ਕੀਤੀ।
ਇਸ ਕੈਂਪ ਦੌਰਾਨ ਕਿਸਾਨਾਂ ਨੂੰ ਖੇਤੀ ਸਾਹਿਤ, ਤੇਲ ਪੈਕਜਿੰਗ ਲਈ ਬੋਤਲਾਂ, ਗਰਮ ਰੁੱਤ ਦੀ ਮੂੰਗੀ ਦਾ ਬੀਜ ਅਤੇ ਸਬਜ਼ੀਆਂ ਦੀਆਂ ਕਿੱਟਾਂ ਵੰਡੀਆਂ ਗਈਆਂ। ਕੈਂਪ ਦੀ ਸਮਾਪਤੀ ਕਰਦਿਆਂ ਡਾ. ਰਮਨਦੀਪ ਕੌਰ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ।

Leave a Reply

Your email address will not be published.


*