ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਲਈ ਵਿਧਾਇਕਾ ਨਰਿੰਦਰ ਭਰਾਜ ਨੂੰ ਸੌਂਪਿਆ ਮੰਗ ਪੱਤਰ

ਸੰਗਰੂਰ::::::::::::::::::::::::::::: ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ  ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੀਆਂ ਸਾਰੀਆਂ ਇਕਾਈਆਂ ਵੱਲੋਂ ਆਪਣੇ ਆਪਣੇ ਹਲਕੇ ਦੇ ਐਮ ਐਲ ਏਜ਼ ਸਾਹਿਬਾਨ ਨੂੰ  “ਪੰਜਾਬ ਅੰਧ-ਵਿਸ਼ਵਾਸ ਰੋਕੂ ਕਾਨੂੰਨ” ਬਣਾਉਣ ਸਬੰਧੀ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਕੜੀ ਵਿੱਚ ਅੱਜ ਇਕਾਈ ਸੰਗਰੂਰ ਵੱਲੋਂ ਜੋਨ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਤਰਕਸ਼ੀਲਾਂ ਦੇ ਵਫਦ ਨੇ ਹਲਕਾ ਸੰਗਰੂਰ ਦੀ ਵਿਧਾਇਕਾ ਸ੍ਰੀਮਤੀ ਨਰਿੰਦਰ ਕੌਰ ਭਰਾਜ ਪੰਜਾਬ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦਾ  ਮੰਗ ਪੱਤਰ ਦਿੱਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਕਾਨੂੰਨ ਦਾ ਮੰਤਵ ਪੰਜਾਬ ਵਿੱਚ ਕਾਲਾ-ਇਲਮ, ਕਾਲ਼ਾ-ਜਾਦੂ, ਬੁਰੀਆਂ ਆਤਮਾਵਾਂ,  ਝੂਠੀਆਂ ਭਵਿੱਖ-ਬਾਣੀਆਂ ਅਤੇ ਹੋਰ ਅੰਧਵਿਸ਼ਵਾਸ਼ੀ ਤਰੀਕਿਆਂ ਰਾਹੀਂ ਤਾਂਤਰਿਕਾਂ, ਚੌਂਕੀਆਂ ਲਾਉਣ ਵਾਲੇ  ਪੁੱਛਾਂ ਦੇਣ ਵਾਲੇ ਢੌਂਗੀ ਬਾਬਿਆਂ ਆਦਿ ਵੱਲੋਂ ਭੋਲੇ-ਭਾਲੇ, ਦੁੱਖਾਂ ਮਾਰੇ ਲੋਕਾਂ ਦਾ ਕੀਤਾ ਜਾ ਰਿਹਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਬੰਦ ਕਰਵਾਉਣਾ ਹੈ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਮਹਾਂਰਾਸ਼ਟਰ, ਕਰਨਾਟਕਾ ਤੇ ਉਤਰਾਖੰਡ ਵਿੱਚ ਇਹ ਕਾਨੂੰਨ ਬਣ ਚੁੱਕਿਆ ਹੈ ਤੇ ਪੰਜਾਬ ਵਿਧਾਨ ਸਭਾ ਵਿੱਚ ਵੀ ਇਸ ਸੰਬੰਧੀ 2018 ਤੇ 2019  ਵਿੱਚ ਚਰਚਾ ਹੋ ਚੁੱਕੀ ਹੈ ।ਵਿਧਾਇਕਾ ਭਰਾਜ ਨੇ ਸਾਰੀ ਗਲ ਨੂੰ ਧਿਆਨ ਨਾਲ ਸੁਣਿਆ  ਤੇ ਹਾਂ ਪੱਖੀ ਹੁੰਗਾਰਾ ਭਰਿਆ।ਉਨ੍ਹਾਂ ਇਹ ਮੰਗ ਵਿਧਾਨ ਸਭਾ ਸ਼ੈਸ਼ਨ ਵਿੱਚ ਰੱਖਣ ਦਾ ਵਿਸ਼ਵਾਸ ਦਵਾਇਆ ਅਤੇ ਕਿਹਾ ਕਿ ਇਹ ਕਾਨੂੰਨ ਬਣਨ ਨਾਲ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਬੰਦ ਹੋਵੇਗਾ।ਐਮ ਐਲ ਏ ਭਰਾਜ ਦੇ ਮੰਗਣ‌ ਤੇ ਹਾਲ ਵਿੱਚ ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਕਹਿਣ ਤੇ ਦਿਤੀਆਂ ਬੱਚਿਆਂ ਦੀ ਬਲੀ ਦੀ ਘਟਨਾਵਾ ਦੀ ਰਿਪੋਰਟਾਂ ਦਿਤੀਆਂ। ਉਨ੍ਹਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਤੇ ਵਿਧਾਨ ਸਭਾ ਵਿਚ ਰੱਖਣ ਦਾ ਵਿਸ਼ਵਾਸ ਦਵਾਇਆ।
ਇਸ ਮੌਕੇ ਮੌਕੇ ਮਾਸਟਰ ਪਰਮਵੇਦ ਨੇ ਕਿਹਾ ਕਿ ਅੰਧਵਿਸ਼ਵਾਸ ਵਹਿਮ ਭਰਮ, ਰੂੜ੍ਹੀਵਾਦੀ ਵਿਚਾਰ ਸਮਾਜ ਲਈ ਘੁਣ ਹਨ। ਅਖੌਤੀ ਬਾਬੇ ਆਪ ਤਾਂ ਅਜਿਹਾ ਕੋਈ ਕੰਮਕਾਰ ਕਰਦੇ ਨਹੀਂ ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਕੋਈ ਯੋਗਦਾਨ ਪੈਂਦਾ ਹੋਵੇ, ਉਲਟਾ ਕਿਰਤੀ ਲੋਕਾਂ ਦੀ ਕਮਾਈ ਲੁੱਟਣ ਲਈ ਜਾਦੂ, ਟੂਣੇ -ਟਾਮਣ, ਧਾਗੇ ਤਵੀਤਾਂ, ਓਪਰੀਆਂ ਸ਼ੈਆਂ ਕਲਪਿਤ ਭੂਤਾਂ ਪਰੇਤਾਂ, ਕਸਰਾਂ ਆਦਿ ਦੇ ਭਰਮ ਜਾਲ ਤੇ ਅੰਧਵਿਸ਼ਵਾਸ਼ੀ ਕਰਮਕਾਂਡਾਂ ਦਾ ਪਸਾਰਾ ਕਰਕੇ ਦੇਸ਼ ਦੇ ਵਿਕਾਸ ਉੱਪਰ ਮਾੜਾ ਪ੍ਰਭਾਵ ਪਾ ਰਹੇ ਹਨ।ਅੰਧਵਿਸ਼ਵਾਸ ਰੋਕੂ ਕਨੂੰਨ ਬਣਾਉਣਾ ਵਕਤ ਦੀ ਮੁੱਖ ਲੋੜ ਹੈ। ਤਰਕਸ਼ੀਲਾਂ ਨੇ ਲੋਕਾਂ ਨੂੰ ਦਿੱਤੇ ਸਨੇਹਾ ਵਿੱਚ ਕਿਹਾ ਕਿ ਲੁੱਟ ਰਹਿਤ ਤੇ ਬਰਾਬਰਤਾ ਵਾਲੇ ਸਮਾਜ ਲਈ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਦੀ ਥਾਂ ਵਿਗਿਆਨਕ ਵਿਚਾਰਾਂ ਦੇ ਚਾਨਣ ਦੀ ਮੁੱਖ ਲੋੜ ਹੈ, ਜਿਸ ਦੇ ਚਾਨਣ ਨਾਲ ਸਮਾਜ ਰੁਸ਼ਨਾਏਗਾ।

Leave a Reply

Your email address will not be published.


*