ਭਵਾਨੀਗੜ੍ਹ:::::::::::::::::::::: ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ 26 ਫਰਵਰੀ ਨੂੰ ਸੜਕਾਂ ਤੇ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸ਼ਨ ਕਰਨ ਅਤੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕਣ ਦੇ ਦਿੱਤੇ ਸੱਦੇ ਦੀ ਤਿਆਰੀ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਮਾਰਕੀਟ ਕਮੇਟੀ ਭਵਾਨੀਗੜ੍ਹ ਵਿਖੇ ਹੋਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬੀਕੇਯੂ ਡਕੌਂਦਾ (ਧਨੇਰ) ਦੇ ਸੁਖਦੇਵ ਸਿੰਘ ਘਰਾਚੋਂ ਅਤੇ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ 26 ਫਰਵਰੀ 2024 ਨੂੰ ਭਵਾਨੀਗੜ੍ਹ ਦੇ ਕੌਮੀ ਮਾਰਗ ਉੱਤੇ ਦਿਲੀਂ ਵੱਲ ਮੂੰਹ ਕਰਕੇ ਟਰੈਕਟਰ ਖੜੇ ਕੀਤੇ ਜਾਣਗੇ ਅਤੇ ਵਿਸ਼ਵ ਵਪਾਰ ਸੰਸਥਾ (WTO) ਦੇ ਪੁਤਲੇ ਫੂਕੇ ਜਾਣਗੇ, ਜਿਸ ਦਾ ਮਕਸਦ ਵਿਸ਼ਵ ਵਪਾਰ ਸੰਗਠਨ ਨੂੰ ਛੱਡਣ ਵਾਸਤੇ ਭਾਰਤ ਸਰਕਾਰ ’ਤੇ ਦਬਾਅ ਬਣਾ ਕੇ ਇਸ ਸੰਘਰਸ਼ ਦਾ ਇਕੋ-ਇਕ ਮਨੋਰਥ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨਾਂ ਮਜ਼ਦੂਰਾ ਦੇ ਕਰਜ਼ੇ ਦੀ ਮੁਆਫੀ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣਾ ਹੈ।
ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣੇ ਦੇ ਬਾਰਡਰਾਂ ਤੇ ਕਿਸਾਨਾਂ ਉੱਪਰ ਤਸ਼ੱਦਦ ਹੋਇਆ ਜਿਸ ਵਿੱਚ ਪੈਲਟ ਗੰਨ, ਖਤਰਨਾਕ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਗਈ। ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਅਤੇ ਬਹੁਤ ਸਾਰੇ ਕਿਸਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਅਤੇ ਇੱਕ ਕਿਸਾਨ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ, ਇਸੇ ਤਰ੍ਹਾਂ ਕਿਸਾਨਾਂ ਦੇ ਟਰੈਕਟਰਾਂ, ਗੱਡੀਆਂ ਦੀ ਭੰਨ ਤੋੜ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਇਸ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਕਸ਼ਨ ਲੈਂਦਿਆਂ ਪੂਰੇ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 26 ਫਰਵਰੀ ਨੂੰ ਵੀ ਇਸੇ ਕੜੀ ਤਹਿਤ ਦੇਸ਼ ਦੇ ਰਾਜਮਾਰਗਾਂ ਉੱਪਰ ਦਿੱਲੀ ਵੱਲ ਟਰੈਕਟਰ ਖੜ੍ਹੇ ਕਰਨ ਦਾ ਸੱਦੇ ਤਹਿਤ ਭਵਾਨੀਗੜ੍ਹ ਵਿਖੇ ਕੌਮੀ ਤੇ ਰਾਜ ਮਾਰਗਾਂ ਉੱਪਰ ਵੱਡੀ ਗਿਣਤੀ ਕਿਸਾਨ ਟਰੈਕਟਰ ਖੜੇ ਕਰਨਗੇ ਅਤੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਜਾਣਗੇ।
ਆਗੂਆਂ ਨੇ ਕਿਹਾ ਕਿ ਦੇਸ਼ ਦੇ ਸਾਮਰਾਜੀ ਮੁਲਕਾਂ ਵੱਲੋਂ ਪਿਛੜੇ ਮੁਲਕਾਂ ਦੇ ਕਿਰਤੀ ਲੋਕਾਂ ਦੀ ਲੁੱਟ ਕਰਨ ਲਈ ਬਣਾਈ ਗਈ ਸੰਸਥਾ ਵਿਸ਼ਵ ਵਪਾਰ ਸੰਸਥਾ ਦੇ ਰਾਹੀਂ ਅੱਜ ਦੁਨੀਆ ਭਰ ਵਿੱਚ ਕਿਸਾਨਾਂ ਹੱਥੋਂ ਜਮੀਨ ਖੋਹੀ ਜਾ ਰਹੀ ਹੈ ਤੇ ਅਨਾਜ ਨੂੰ ਕਾਰਪੋਰੇਟ ਆਪਣੇ ਕਬਜ਼ੇ ਵਿੱਚ ਕਰ ਰਹੇ ਹਨ। ਜਿਸ ਦੇ ਖਿਲਾਫ ਦੁਨੀਆਂ ਭਰ ਵਿੱਚ ਸੰਘਰਸ਼ ਹੈ ਤਾਂ ਪੰਜਾਬ ਦੇ ਕਿਸਾਨ ਵੀ ਇਸ ਖੂਨ ਨਿਚੋੜਨ ਵਾਲੀ ਸੰਸਥਾ ਵਿੱਚੋਂ ਭਾਰਤ ਸਰਕਾਰ ਦੇ ਬਾਹਰ ਆਉਣ ਦੀ ਮੰਗ ਕਰ ਰਹੇ ਹਨ। ਸਾਰੀਆਂ ਫਸਲਾਂ ਤੇ ਐੱਮਐੱਸਪੀ ਦੀ ਖਰੀਦ ਅਤੇ ਖਪਤਕਾਰਾਂ ਤੱਕ ਸਸਤੇ ਅਨਾਜ ਦੀ ਸਪਲਾਈ ਲਈ ਭਾਰਤ ਸਰਕਾਰ ਦਾ ਵਿਸ਼ਵ ਵਪਾਰ ਸੰਸਥਾ ਚੋਂ ਬਾਹਰ ਆਉਣਾ ਜਰੂਰੀ ਹੈ ਤੇ ਸਾਰੇ ਦੇਸ਼ ਦੇ ਲੋਕ ਇੱਕਜੁੱਟ ਹੋ ਕੇ ਇਸ ਆਵਾਜ਼ ਨੂੰ ਉਠਾਉਣਗੇ।
Leave a Reply