ਸੁਨਾਮ ਊਧਮ ਸਿੰਘ ਵਾਲਾ :::::::::::::::::::::::: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਹਲਕੇ ਦੇ ਦੋ ਦਰਜਨ ਯੂਥ ਕਲੱਬਾਂ, ਨਗਰ ਕੌਂਸਲਾਂ ਤੇ ਪੰਚਾਇਤਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਵਿਕਾਸ ਕਾਰਜਾਂ ਲਈ 70.50 ਲੱਖ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਅਤੇ ਸਰਵੋਤਮ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਇਨ੍ਹਾਂ ਗ੍ਰਾਂਟਾਂ ਦੀ ਵੰਡ ਲਾਭਪਾਤਰੀ ਸੰਸਥਾਵਾਂ ਨੂੰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ ਘੱਟ ਸਮੇਂ ਅੰਦਰ ਦੁੱਗਣੀ ਚੋਗਣੀ ਰਫ਼ਤਾਰ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਹੈ ਅਤੇ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਵੀ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਤਰਜੀਹ ਦੇ ਆਧਾਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹਰ ਰਜਿਸਟਰਡ ਕਲੱਬ, ਸੰਸਥਾ ਆਦਿ ਵੱਲੋਂ ਕੰਮ ਕਰਵਾਉਣ ਲਈ ਗ੍ਰਾਂਟ ਦੀ ਮੰਗ ਕੀਤੇ ਜਾਣ ਤੋਂ ਬਾਅਦ ਉਹ ਖੁਦ ਕੰਮ ਦੀ ਜ਼ਰੂਰਤ ਸਬੰਧੀ ਪੜਤਾਲ ਕਰਵਾਉਂਦੇ ਹਨ ਅਤੇ ਲੋੜ ਅਨੁਸਾਰ ਹੀ ਫੰਡ ਜਾਰੀ ਕਰਦੇ ਹੋਏ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਫੰਡਾਂ ਦੀ ਵਰਤੋਂ ਦੌਰਾਨ ਇੱਕ ਪੈਸੇ ਦੀ ਵੀ ਹੇਰਾਫੇਰੀ ਨਾ ਹੋਵੇ ਬਲਕਿ ਇਹ ਲੋਕਾਂ ਦਾ ਪੈਸਾ ਹੈ ਜਿਸ ਦੀ ਵਿਆਪਕ ਲੋਕ ਹਿੱਤ ਵਿੱਚ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਵਰਤੋਂ ਹੋਣੀ ਚਾਹੀਦੀ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਵੀ ਲੋਕਾਂ ਨੂੰ ਦਰਪੇਸ਼ ਕੋਈ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਉਸਦੇ ਤਕਨੀਕੀ ਪੱਖਾਂ ਨੂੰ ਦੇਖਦਿਆਂ ਠੋਸ ਅਤੇ ਸਥਾਈ ਹੱਲ ਨੂੰ ਯਕੀਨੀ ਬਣਾਉਣ ਲਈ ਕਦਮ ਪੁੱਟਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਲਈ ਵੱਡੀ ਗਿਣਤੀ ਕੰਮ ਜੋਸ਼ੋ ਖਰੋਸ਼ ਨਾਲ ਪ੍ਰਗਤੀ ਅਧੀਨ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਹ ਸਮੇਂ ਸਮੇਂ ਉਤੇ ਇਨ੍ਹਾਂ ਬਾਰੇ ਸਮੀਖਿਆ ਕਰਦੇ ਰਹਿੰਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਲੋਕ ਪੱਖੀ ਪਹਿਲਕਦਮੀਆਂ ਨੂੰ ਸਫਲਤਾ ਨਾਲ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨੇ ਹਲਕਾ ਸੁਨਾਮ ਦੇ ਪਿੰਡਾਂ ਤੋਗਾਵਾਲ, ਗੱਗੜਪੁਰ, ਬਲਵਾੜ੍ਹ ਕਲਾਂ, ਖੁਰਾਣੀ, ਤੁੰਗਾਂ, ਦੁੱਗਾਂ, ਕੁਲਾਰ ਖੁਰਦ, ਭੰਮਾ ਬੱਦੀ, ਚੱਠੇ ਸੇਖਵਾਂ, ਕਨੋਈ, ਮਾਡਲ ਟਾਊਨ 1, ਝਾੜੋਂ, ਕੋਟੜਾ ਅਮਰੂ, ਬਿਗੜਵਾਲ, ਨਮੋਲ ਅਤੇ ਅਕਬਰਪੁਰ ਦੇ ਨਾਲ ਨਾਲ ਸੁਨਾਮ, ਚੀਮਾ ਤੇ ਲੌਂਗੋਵਾਲ ਦੇ ਸ਼ਹਿਰੀ ਖੇਤਰਾਂ ਵਿਚ ਸਰਗਰਮ ਕਮੇਟੀਆਂ ਅਤੇ ਕਲੱਬਾਂ ਨੂੰ 70.50 ਲੱਖ ਰੁਪਏ ਦੇ ਫੰਡ ਜਾਰੀ ਕੀਤੇ।
Leave a Reply