ਮੋਗਾ ( Manpreet singh)
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ, ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸ੍ਰ. ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਭਾਸ਼ਾ ਵਿਭਾਗ, ਪੰਜਾਬ, ਜ਼ਿਲ੍ਹਾ-ਮੋਗਾ ਵੱਲੋਂ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ, ਢੁੱਡੀਕੇ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ। ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਡਾ. ਅਮਨਦੀਪ ਕੌਰ ਚੌਲੀਆ ਨੇ ਅੱਜ ਦੇ ਬੁਲਾਰਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸੈਮੀਨਾਰ ਦੀ ਸਮੁੱਚੀ ਕਾਰਵਾਈ ਨੂੰ ਬਾਖੂਬੀ ਨਿਭਾਇਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਡਾ. ਉਮੇਸ਼ ਕੁਮਾਰੀ ਨੇ ਸਭ ਨੂੰ ਜੀ ਆਇਆਂ ਆਖਦਿਆਂ ਮਾਤ ਭਾਸ਼ਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਹਮੇਸ਼ਾਂ ਤਤਪਰ ਰਹੀ ਹੈ। ਉਪਰੰਤ ਸੈਮੀਨਾਰ ਦਾ ਕੁੰਜੀਵਤ ਭਾਸ਼ਨ ਪ੍ਰਸਿੱਧ ਆਲੋਚਕ ਅਤੇ ਭਾਸ਼ਾ ਸ਼ਾਸਤਰੀ ਡਾ. ਸੁਰਜੀਤ ਸਿੰਘ ਦੌਧਰ ਦੁਆਰਾ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਮਾਤ ਭਾਸ਼ਾ ਦੇ ਮਹੱਤਵ ਬਾਰੇ ਚਰਚਾ ਛੇੜਦਿਆਂ ਪੰਜਾਬੀ ਭਾਸ਼ਾ ਦੇ ਇਤਿਹਾਸ, ਵਰਤਮਾਨ ਸਥਿਤੀ ਅਤੇ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਗੱਲ-ਬਾਤ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੀਆਂ ਕੌਮਾਂ ਹੀ ਸੰਸਾਰ ਵਿੱਚ ਆਪਣੀ ਵਿਲੱਖਣ ਪਹਿਚਾਣ ਕਾਇਮ ਰੱਖ ਸਕਦੀਆਂ ਹਨ। ਕੁੰਜੀਵਤ ਭਾਸ਼ਨ ਉੱਪਰ ਵਿਚਾਰ ਚਰਚਾ ਛੇੜਦਿਆਂ ਪ੍ਰਸਿੱਧ ਸਾਹਿਤਕਾਰ ਸ਼੍ਰੀ ਗੁਰਮੇਲ ਬੌਡੇ ਹੁਰਾਂ ਨੇ ਜ਼ਿਲ੍ਹਾ-ਮੋਗਾ ਦੀਆਂ ਉਨ੍ਹਾਂ ਸ਼ਖ਼ਸੀਅਤਾਂ ਬਾਰੇ ਚਾਨਣਾ ਪਾਇਆ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਨਾਮਣਾ ਖੱਟਿਆ ਹੈ।
ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਪੰਜਾਬੀ ਸਾਹਿਤਕਾਰ ਚਰਨਜੀਤ ਸਮਾਲਸਰ ਨੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ 1952 ਵਿੱਚ ਢਾਕਾ ਵਿਖੇ ਮਾਂ ਬੋਲੀ ਦੀ ਹੋਂਦ ਖਾਤਰ ਵਿੱਢੇ ਸੰਘਰਸ਼ ਵਿੱਚ ਸ਼ਹੀਦ ਹੋਏ ਨੌਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸਾਹਿਤਕਾਰ ਸਰਬਜੀਤ ਸਮਾਲਸਰ ਨੇ ਪੰਜਾਬੀ ਭਾਸ਼ਾ ਦੇ ਭੂਗੋਲਿਕ ਪਰਿਪੇਖ ਬਾਰੇ ਇਤਿਹਾਸ ਤੋਂ ਵਰਤਮਾਨ ਤੱਕ ਦੀ ਤਸਵੀਰਕਸ਼ੀ ਕੀਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਜਟਾਣਾ ਨੇ ਮਨੋਵਿਗਿਆਨਕ ਪਰਿਪੇਖ ਵਿੱਚ ਮਾਤ ਭਾਸ਼ਾ ਦੇ ਦੈਹਿਕ ਸਰੋਕਾਰਾਂ ਬਾਰੇ ਚਰਚਾ ਛੇੜੀ ਅਤੇ ਅੱਜ ਦੇ ਸਮਾਗਮ ਦਾ ਨਿਚੋੜ ਪ੍ਰਸਤੁਤ ਕੀਤਾ। ਡਾ. ਅਜੇ ਕੁਮਾਰ ਨੇ ਉਨ੍ਹਾਂ ਦੀ ਸੰਸਥਾ ਵਿੱਚ ਕਰਵਾਈਆਂ ਜਾਂਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਅਤੇ ਕਵਿਤਾ ਪੇਸ਼ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਜੂਨੀਅਰ ਸਹਾਇਕ ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਤੌਰ ‘ਤੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਲਾਭ ਉਠਾਉਂਦਿਆਂ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੁਸਤਕਾਂ ਦੀ ਖਰੀਦ ਕੀਤੀ ਗਈ।
Leave a Reply