ਨਵਾਂਸ਼ਹਿ:: (ਜਤਿੰਦਰ ਪਾਲ ਸਿੰਘ ਕਲੇਰ ):- ਸਿੱਖਿਆ ਵਿਭਾਗ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ। ਹਰ ਵਾਰ ਨਵੇਂ ਨਵੇਂ ਤਜਰਬੇ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ਸ਼ੋਪੰਜ ਵਿੱਚ ਪਾਉਣਾ ਇਸ ਲਈ ਆਮ ਗੱਲ ਹੈ। ਉਧਰ ਸਲਾਨਾ ਪ੍ਰੀਖਿਆਵਾਂ ਸਿਰ ਤੇ ਹਨ ਤੇ ਅਧਿਆਪਕ ਬੱਚਿਆਂ ਨੂੰ ਮਿਡ ਡੇ ਮੀਲ ਵਿੱਚ ਦੇਣ ਲਈ ਕਿੰਨੂੰ ਇੱਕਠੇ ਕਰਦੇ ਫਿਰਦੇ ਹਨ। ਵਿਭਾਗ ਕਦੀ ਮਿਸ਼ਨ ਸਮਰੱਥ ਕਦੀ ਛੱਤ ਪ੍ਰਤੀਸ਼ਤ ਦੇ ਫੁਰਮਾਣ ਜਾਰੀ ਕਰ ਦਿੰਦਾ ਹੈ।ਉਪਰੋਂ ਚੋਣਾਂ ਦਾ ਵਿਗਲ ਵੱਜਣ ਦੀ ਤਿਆਰੀ ਤੇ ਵਿਦਿਆ ਵਿਚਾਰੀ ਤਾਂ ਡਿਊਟੀਆਂ ਨੇ ਮਾਰੀ। ਸਪੰਜਾਬ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਿਡ ਡੇ ਮੀਲ ਵਿੱਚ ਹਫਤੇ ਚ ਇੱਕ ਵਾਰੀ ਚਣੇ ਪੂਰੀਆਂ ਅਤੇ ਹਫਤੇ ਦੇ ਇੱਕ ਦਿਨ ਫਲ ਦੇਣ ਲਈ ਤੁਗਲਕੀ ਫਰਮਾਨ ਜਾਰੀ ਕੀਤੇ ਹਨ । ਜਿਨਾਂ ਨੂੰ ਦੇਖਦਿਆਂ ਅਧਿਆਪਕ ਕਦੀ ਬੱਚਿਆਂ ਨੂੰ ਮਿਡ ਡੇ ਮੀਲ ਦੀ ਤਿਆਰੀ ਲਈ ਰਾਸ਼ਨ ਖਰੀਦਣਾ ਤੇ ਕਦੀ ਫਰੂਟ ਦੀ ਦੁਕਾਨ ਤੇ ਕੇਲੇ ਆਦਿ ਖਰੀਦਣ ਦੀ ਭੱਜ ਦੌੜ ਕਰਨ ਵਿੱਚ ਰੁਝੇ ਹੋਏ ਸਨ। ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਫੁਰਮਾਨ ਕਿ ਹਰ ਬੁੱਧਵਾਰ ਨੂੰ ਕਿੰਨੂ ਦਿੱਤਾ ਜਾਣਾ ਹੈ ਨੇ ਅੱਜ ਸਾਰਾ ਦਿਨ ਅਧਿਆਪਕਾਂ ਨੂੰ ਖੱਜਲ-ਖੁਆਰ ਕਰੀ ਰੱਖਿਆ। ਬਲਾਕ ਦਫ਼ਤਰਾਂ ਵਲੋਂ ਸੈਂਟਰ ਹੈੱਡ ਟੀਚਰਜ਼ ਨੂੰ ਫੁਰਮਾਨ ਜਾਰੀ ਕੀਤੇ ਗਏ ਕਿ ਬਲਾਕ ਦਫ਼ਤਰਾਂ ਤੋਂ ਸਵੇਰੇ ਹੀ ਕਿੰਨੂ ਪ੍ਰਾਪਤ ਕਰਕੇ ਅੱਜ ਹੀ ਸਕੂਲਾਂ ਵਿੱਚ ਪੁੱਜਦੇ ਕੀਤੇ ਜਾਣ। ਸੈਂਟਰ ਹੱਡ ਟੀਚਰ ਸਵੇਰੇ ਹੀ ਕਿੰਨੂ ਪ੍ਰਾਪਤ ਕਰਨ ਲਈ ਬਲਾਕ ਦਫ਼ਤਰਾਂ ਵਿੱਚ ਪਹੁੰਚ ਗਏ। ਦੁਪਿਹਰ ਤੱਕ ਵੱਖ-ਵੱਖ ਸਾਧਨਾਂ ਰਾਂਹੀ ਸੈਂਟਰ ਸਕੂਲਾਂ ਵਿੱਚ ਸੈਂਟਰ ਹੈੱਡ ਟੀਚਰਾਂ ਵਲੋਂ ਕਿੰਨੂ ਪਹੁੰਚਾਏ ਗਏ।ਇਸ ਤੋਂ ਬਾਅਦ ਸਕੂਲ ਮੁੱਖੀਆਂ ਨੂੰ ਸੈਂਟਰ ਸਕੂਲਾਂ ਵਿੱਚ ਬੁਲਾਕੇ ਬੱਚਿਆਂ ਦੀ ਗਿਣਤੀ ਅਨੁਸਾਰ ਗਿਣ-ਗਿਣਕੇ ਕਿੰਨੂਆ ਦੀ ਵੰਡ ਕੀਤੀ ਗਈ। ਇਸ ਤਰ੍ਹਾਂ ਸਾਰਾ ਦਿਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ। ਸਲਾਨਾ ਪ੍ਰੀਖਿਆਵਾਂ ਸਿਰ ਤੇ ਹਨ ਪਰ ਵਿਭਾਗ ਬੱਚਿਆਂ ਨੂੰ ਕਿਨੂੰ ਖਵਾਉਣ ਲਈ ਬਜਿੱਦ ਹੈ। ਕੁਝ ਕੁ ਅਧਿਆਪਕਾਂ ਨੇ ਇਸ ਨਾਦਰ ਸ਼ਾਹੀਫੁਰਮਾਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਅਧਿਆਪਕਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਬੇਲੋੜੀਆਂ ਡਿਊਟੀਆਂ ਤੋਂ ਅਧਿਆਪਕਾਂ ਨੂੰ ਦੂਰ ਰੱਖ ਕੇ ਕੇਵਲ ਉਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਉੱਤੇ ਧਿਆਨ ਕੇਂਦਰਿਤ ਕਰਨ ਦਿੱਤਾ ਜਾਵੇ।ਕਿਉਂਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਚੋਣਾਂ ਦਾ ਵਿਗਲ ਵੱਜਣ ਵਾਲਾ ਹੈ ਅਤੇ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਸਿਰ ਤੇ ਹਨ ਹੁਣ ਇਹ ਤਾਂ ਵਿਭਾਗ ਹੀ ਦੇਖੇਗਾ ਕਿ ਉਹ ਚੋਣਾਂ ਜਾਂ ਕਿੰਨੂਆਂ ਨੂੰ ਤਰਜੀਹ ਦਿੰਦਾ ਹੈ ਜਾਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ।ਹੁਣ ਤਾਂ ਇਹ ਅਖਾਣ ਸਰਕਾਰੀ ਸਕੂਲਾਂ ਉੱਤੇ ਸਹੀ ਢੁੱਕਦਾ ਪ੍ਰਤੀਤ ਹੁੰਦਾ ਕਿ “ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਰੱਬ ਹੀ ਰਾਖਾ।”
ਕੈਪਸ਼ਨ:-ਸਰਕਾਰੀ ਸਕੂਲਾਂ ਦੇ ਅਧਿਆਪਕ ਸੈਂਟਰ ਸਕੂਲਾਂ ਵਿੱਚੋ ਗਿਣ-ਗਿਣ ਕਿੰਨੂ ਪ੍ਰਾਪਤ ਕਰਦੇ ਹੋਏ।
Leave a Reply