ਪੱਤਰਕਾਰ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ

ਬਰਨਾਲਾ, :::::::::::::::::: ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ  ਲੋਕਾਈ ਦੇ ਦਰਦਾਂ ਨੂੰ ਰੰਗਮੰਚ ‘ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ।
ਇਸ ਸਮੇਂ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ ‘ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ ਵੀ ਰਿਹਾ ਪਰ ਕਿਸੇ ਗ਼ਲਤ ਗੱਲ ਵਿਰੁੱਧ ਕਦੇ ਨਾ ਝੁਕਿਆ। ਰੋਟੀ ਰੋਜ਼ੀ ਲਈ ਕਈ ਕਿਰਤੀ ਪਾਪੜ ਵੀ ਵੇਲੇ ਪਰ ਇਮਾਨਦਾਰੀ ਅਤੇ ਵਿਗਿਆਨਕ ਵਿਚਾਰਧਾਰਾ ਦਾ ਪੱਲਾ ਨਹੀਂ ਛੱਡਿਆ। ਇਸ ਨਿਡਰਤਾ ਪ੍ਰਤੀਬੱਧਤਾ ‘ਤੇ ਬਰਕਰਾਰ ਰਹਿੰਦਿਆਂ ਉਸ ਨੇ ਕੁਰਬਾਨੀ ਦਿੱਤੀ। ਚੰਡੀਗੜ੍ਹ ਦੀਆਂ ਚੌੜੀਆਂ ਸੜਕਾਂ ‘ਤੇ ਅੱਧੀ ਰਾਤ ਸੜਕ ਦੁਰਘਟਨਾਂ ਤਾਂ ਮਹਿਜ਼ ਡਰਾਮਾ ਸੀ ਜਾਂ ਸਾਜਿਸ਼ੀ ਢੰਗ ਨਾਲ਼ ਇੱਕ ਕਤਲ ਸੀ। ਹਾਕਮਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਕਤਲ ਨੁਮਾ ਹਾਦਸੇ ਦੀ ਹਾਲੇ ਤੱਕ ਪੈੜ ਨਹੀਂ ਲੱਭੀ, ਇਹ ਗੰਭੀਰ ਸਵਾਲ ਦਰਪੇਸ਼ ਹੈ। ਅਪ੍ਰੈਲ 2014 ਤੋਂ ਨੀਮ ਬੇਹੋਸ਼ੀ ਦੀ ਹਾਲਤ ਪਿਆ ਇਹ ਯੋਧਾ ਲੋਕ ਹਿੱਤਾਂ ਲਈ ਜੂਝਣ ਦਾ ਪ੍ਰਣ ਦਹੁਰਾਉਂਦਾ ਰਿਹਾ ਤੇ ਆਖਿਰ 8 ਫਰਵਰੀ  2024 ਨੂੰ ਸਵੇਰੇ ਸਦੀਵੀ ਵਿਛੋੜਾ ਦੇ ਗਿਆ ਸੀ। ਪਰਿਵਾਰਕ ਜੀਆਂ ਦੀ ਸਹਿਮਤੀ ਨਾਲ ਅਗਾਂਹਵਧੂ ਪਿਰਤਾਂ ਪਾਉਂਦਿਆਂ ਸੰਗੀਆਂ ਸਾਥੀ ਮਿੱਤਰਾਂ ਨੇ ਉਹਦੀ ਦੇਹ ਮੈਡੀਕਲ ਖੋਜ ਕਾਰਜਾਂ ਲਈ ਵਿਦਾ ਕੀਤੀ। 11 ਫਰਵਰੀ ਨੂੰ 12 ਵਜੇ ਤੋਂ 1 ਵਜੇ ਤੱਕ ਅਗਾਂਹਵਧੂ ਰਸਮਾਂ ਰਾਹੀਂ ਉਹਦੇ ਪਰਿਵਾਰਕ ਮੈਂਬਰ, ਮਿੱਤਰ ਅਤੇ ਸੰਗੀ ਸਾਥੀ ਉਹਦੀਆਂ ਪਾਈਆਂ ਪੈੜਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕਰਨਗੇ।
ਪੱਤਰਕਾਰ ਅਨਿਲ ਮੈਨਨ ਦੀ ਬੇਵਕਤੀ ਮੌਤ ਸਮੇਂ ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਗੁਰਮੇਲ ਸਿੰਘ ਠੁੱਲੀਵਾਲ, ਹਰਚਰਨ ਸਿੰਘ ਚਾਹਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਸੁਖਵਿੰਦਰ ਸਿੰਘ ਠੀਕਰੀਵਾਲਾ, ਖੁਸਮੰਦਰ ਪਾਲ, ਹਰਚਰਨ ਚੰਨਾ, ਡੀਐੱਮਐੱਫ ਦੇ ਸੂਬਾ ਆਗੂ ਗੁਰਮੀਤ ਸੁਖਪੁਰਾ, ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਸਾਹਿਬ ਸਿੰਘ ਬਡਬਰ, ਅਮਰਜੀਤ ਕੌਰ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਬਲਦੇਵ ਸਿੰਘ ਸੱਦੋਵਾਲ, ਟੀਐਸਯੂ ਦੇ ਆਗੂਆਂ ਹਾਕਮ ਸਿੰਘ ਨੂਰ, ਕੁਲਵਿੰਦਰ ਸਿੰਘ ਠੀਕਰੀਵਾਲਾ, ਰੰਗਕਰਮੀ ਯਾਦਵਿੰਦਰ ਠੀਕਰੀਵਾਲ, ਬਲਦੇਵ ਮੰਡੇਰ ਨੇ ਅਨਿਲ ਮੈਨਨ ਦੀ ਬੇਵਕਤੀ ਮੌਤ ਸਮੇਂ ਪ੍ਰੀਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪਰਿਵਾਰ ਸਮੇਤ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਘਾਟਾ ਕਰਾਰ ਦਿੱਤਾ।

Leave a Reply

Your email address will not be published.


*