756 ਕਰੋੜ ਰੁਪਏ ਦੀ ਲਾਗਤ ਨਾਲ ਐਲੀਵੇਟਿਡ ਰੋਡ 10 ਫਰਵਰੀ ਤੱਕ ਮੁਕੰਮਲ ਹੋ ਜਾਵੇਗੀ: ਅਰੋੜਾ

ਲੁਧਿਆਣਾ( Harjinder/Rahul/Vijay Bhamri) : ਆਖ਼ਰਕਾਰ, ਭਾਰਤ ਨਗਰ ਚੌਕ ਅਤੇ ਬੱਸ ਸਟੈਂਡ ਵਿਚਕਾਰ ਐਲੀਵੇਟਿਡ ਰੋਡ ਦਾ ਕੰਮ ਮੁਕੰਮਲ ਹੋ ਗਿਆ ਹੈ।
ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਇੱਥੇ ਜਾਰੀ ਬਿਆਨ ਵਿੱਚ ਐਲਾਨ ਕੀਤਾ ਕਿ ਸੜਕ ਦੇ ਇਸ ਹਿੱਸੇ ਨੂੰ 10 ਫਰਵਰੀ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।
ਅਰੋੜਾ ਨੇ ਦੱਸਿਆ ਕਿ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਰੋਲਾਨੀਆ ਨੇ ਸ਼ਨੀਵਾਰ ਨੂੰ ਸੜਕ ਨੂੰ ਖੋਲ੍ਹਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਨਐਚਏਆਈ ਸ਼ੁੱਕਰਵਾਰ ਸ਼ਾਮ ਤੱਕ ਸੜਕ ਦੇ ਨਾਲ ਲੋੜੀਂਦੇ ਸਾਈਨ ਬੋਰਡ ਲਗਾਉਣੇ ਸ਼ੁਰੂ ਕਰ ਦੇਵੇਗਾ।
ਇਸ ਤੋਂ ਇਲਾਵਾ ਅਰੋੜਾ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਅਤੇ ਐਨ.ਐਚ.ਏ.ਆਈ ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਤੇਜ਼ੀ ਨਾਲ ਕੰਮ ਨੇਪਰੇ ਚਾੜ੍ਹਿਆ ਗਿਆ ਹੈ, ਜਿਸ ਦੇ ਚੱਲਦਿਆਂ ਅੰਤ ਵਿੱਚ ਇਹ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਯਾਤਰੀਆਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਉਸਨੇ ਟਿੱਪਣੀ ਕਰਦਿਆਂ ਕਿਹਾ, “ਮੈਂ ਖੁਸ਼ ਹਾਂ ਕਿ ਮੇਰੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ”
ਅਰੋੜਾ ਪਿਛਲੇ ਡੇਢ ਸਾਲ ਤੋਂ ਇਸ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਲਈ ਜ਼ੋਰਦਾਰ ਯਤਨ ਕਰ ਰਹੇ ਹਨ। ਉਨ੍ਹਾਂ ਨੇ ਨਾ ਸਿਰਫ਼ ਸਬੰਧਤਾਂ ਨੂੰ ਚਿੱਠੀਆਂ ਲਿਖੀਆਂ ਹਨ ਸਗੋਂ ਕਈ ਵਾਰ ਗਡਕਰੀ ਅਤੇ ਯਾਦਵ ਨੂੰ ਨਿੱਜੀ ਤੌਰ ‘ਤੇ ਵੀ ਮਿਲੇ ਹਨ। ਉਹ ਸੜਕ ਦੇ ਨਿਰਮਾਣ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕਈ ਵਾਰ ਸਾਈਟ ਦਾ ਦੌਰਾ ਵੀ ਕਰ ਚੁੱਕੇ ਹਨ।
ਇਸ ਸਾਲ ਜਨਵਰੀ ਦੇ ਆਖ਼ਰੀ ਹਫ਼ਤੇ, ਅਰੋੜਾ ਨੇ ਸਾਈਟ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਲਗਭਗ 1.5 ਕਿਲੋਮੀਟਰ ਦੇ ਹਿੱਸੇ ‘ਤੇ ਬਿਟੂਮਿਨਸ ਦਾ ਕੰਮ ਪੈਂਡਿੰਗ ਹੈ। ਠੰਡੇ ਮੌਸਮ ਕਾਰਨ ਕੰਮ ਰੋਕ ਦਿੱਤਾ ਗਿਆ ਸੀ ਕਿਉਂਕਿ ਕੰਟਰੈਕਟਰ ਲਈ ਖਰਾਬ ਅਤੇ ਧੁੰਦ ਦੇ ਮੌਸਮ ਦੌਰਾਨ ਪ੍ਰੀਮਿਕਸ ਕਾਰਪੇਟਿੰਗ ਦਾ ਕੰਮ ਕਰਨਾ ਸੰਭਵ ਨਹੀਂ ਸੀ।
ਕੁੱਲ 12.95 ਕਿਲੋਮੀਟਰ ਲੰਬੀ ਐਲੀਵੇਟਿਡ ਰੋਡ 756.27 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਕੀਤੀ ਗਈ ਹੈ। ਇਸ ਪ੍ਰਾਜੈਕਟ ‘ਤੇ ਕੰਮ 10 ਅਕਤੂਬਰ 2017 ਨੂੰ ਸ਼ੁਰੂ ਹੋ ਗਿਆ ਸੀ। ਐਲੀਵੇਟਿਡ ਰੋਡ ਦਾ ਪਹਿਲਾ ਸਪੈਨ ਸਤੰਬਰ, ਦੂਜਾ ਅਕਤੂਬਰ, ਤੀਜਾ ਨਵੰਬਰ 2023 ‘ਚ ਮੁਕੰਮਲ ਕਰਕੇ ਖੋਲ੍ਹਿਆ ਗਿਆ ਸੀ। ਆਖਰੀ ਸਪੈਨ ਦਾ ਕੰਮ ਇਸ ਸਾਲ 26 ਜਨਵਰੀ ਤੱਕ ਪੂਰਾ ਕੀਤਾ ਜਾਣਾ ਸੀ | ਅਰੋੜਾ ਨੇ ਟਿੱਪਣੀ ਕੀਤੀ, “ਇਹ ਪ੍ਰੋਜੈਕਟ ਯਾਤਰੀਆਂ ਲਈ ਇੱਕ ਵਰਦਾਨ ਸਾਬਤ ਹੋਣ ਜਾ ਰਿਹਾ ਹੈ ਕਿਉਂਕਿ ਇਹ ਯਾਤਰਾ ਦੇ ਸਮੇਂ ਅਤੇ ਬਾਲਣ ਦੀ ਲਾਗਤ ਨੂੰ ਘਟਾਉਣ ਵਾਲਾ ਹੈ, ਪਰ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਅਤੇ ਹਾਦਸਿਆਂ ਦੀ ਦਰ ਨੂੰ ਘਟਾਉਣ ਵਿੱਚ ਵੀ ਮਦਦ ਕਰੇਗਾ।”

Leave a Reply

Your email address will not be published.


*