ਚੰਡੀਗੜ੍ਹ, ::::::::::::::::::::::::::: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਨਵੀਂ ਖੇਤੀ ਨੀਤੀ ਅਤੇ ਭਖਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੇ ਪੰਜ ਰੋਜ਼ਾ ਪੱਕੇ ਮੋਰਚੇ ਦੂਜੀ ਰਾਤ ਵੀ ਕੜਾਕੇ ਦੀ ਠੰਢ ‘ਚ ਕੱਟਣ ਮਗਰੋਂ ਤੀਜੇ ਦਿਨ ਔਰਤਾਂ ਦੇ ਲਾਮਿਸਾਲ ਇਕੱਠ ਹੋ ਨਿੱਬੜੇ। ਪ੍ਰੈੱਸ ਦੇ ਨਾਂ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਵੀ 16 ਵਿੱਚੋਂ ਬਹੁਤੇ ਜ਼ਿਲ੍ਹਿਆਂ ਵਿੱਚ ਕੁੱਲ ਮਿਲਾਕੇ ਦੋ ਹਜ਼ਾਰ ਤੋਂ ਵੱਧ ਔਰਤਾਂ ਅਤੇ ਭਾਰੀ ਗਿਣਤੀ ਨੌਜਵਾਨਾਂ ਸਮੇਤ ਕੁੱਲ ਮਿਲਾ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਮੋਰਚਿਆਂ ਵਿੱਚ ਸ਼ਾਮਲ ਹੋਏ। ਮਾਨ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਔਰਤ ਕਿਸਾਨਾਂ ਦਾ ਰੋਹ ਵੀ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਜ਼ਾਹਰ ਹੋ ਰਿਹਾ ਸੀ।
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੀਆਂ ਔਰਤ ਬੁਲਾਰਿਆਂ ਜਸਵੀਰ ਕੌਰ ਉਗਰਾਹਾਂ, ਅਤੇ ਰਣਦੀਪ ਕੌਰ ਰਟੌਲਾਂ (ਸੰਗਰੂਰ), ਹਰਿੰਦਰ ਕੌਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ (ਬਠਿੰਡਾ), ਦਵਿੰਦਰ ਕੌਰ ਛਾਲਾਂ ਤੇ ਬਲਵਿੰਦਰ ਕੌਰ ਕੋਟਲੀ ਖਹਿਰਾ (ਗੁਰਦਾਸਪੁਰ), ਜਸਵਿੰਦਰ ਕੌਰ ਦੜ੍ਹਬਾ (ਮੁਕਤਸਰ), ਅਮਨਦੀਪ ਕੌਰ ਬੁਜਰਕ ਤੇ ਰਾਜ ਕੌਰ ਬਰਾਸ (ਪਟਿਆਲਾ), ਰਾਜਨਦੀਪ ਕੌਰ ਮੰਮੂਖੇੜਾ ਤੇ ਗੁਰਜੀਤ ਕੌਰ ਕਿੱਕਰਖੇੜਾ (ਫਾਜ਼ਿਲਕਾ), ਸਰੋਜ ਰਾਣੀ ਦਿਆਲਪੁਰਾ ਤੇ ਜਸਵਿੰਦਰ ਕੌਰ ਝੇਰਿਆਂਵਾਲੀ (ਮਾਨਸਾ), ਗੁਰਮੇਲ ਕੌਰ ਦੁਲਮਾਂ ਤੇ ਸਰਬਜੀਤ ਕੌਰ ਸਾਬਰੀ (ਮਲੇਰਕੋਟਲਾ), ਪਲਵਿੰਦਰ ਕੌਰ ਗੋਸਲ (ਅੰਮ੍ਰਿਤਸਰ), ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ (ਮੋਗਾ), ਸੁਖਵੰਤ ਕੌਰ ਰਾਜੋਕੇ ਤੇ ਕਮਲਦੀਪ ਕੌਰ ਵਲਟੋਹਾ (ਤਰਨਤਾਰਨ) ਨੇ ਇੱਕਸੁਰ ਹੋ ਕੇ ਜ਼ੋਰਦਾਰ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਤੁਰੰਤ ਜਾਰੀ ਕਰੋ; ਕਿਸਾਨਾਂ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਕਰ ਰਹੇ ਸਮੁੱਚੇ ਕਰਜ਼ਿਆਂ ‘ਤੇ ਲੀਕ ਮਾਰੋ; ਕਰਜਾਗ੍ਰਸਤ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ 1-1 ਪੱਕੀ ਨੌਕਰੀ ਅਤੇ ਮੁਕੰਮਲ ਕਰਜ਼ਾ ਮੁਕਤੀ ਦੀ ਰਾਹਤ ਤੁਰੰਤ ਦਿਓ; ਪੰਜਾਬ ਦੀ ਜਵਾਨੀ ਨੂੰ ਮੌਤ ਦੇ ਮੂੰਹ ਧੱਕ ਰਹੇ ਤੇ ਗੁੰਡਾਗਰਦੀ ਨੂੰ ਸਿਖਰੀਂ ਪਹੁੰਚਾ ਰਹੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੇ ਖਾਤਮੇ ਲਈ ਉਤਪਾਦਕ ਫੈਕਟਰੀਆਂ ਤ੍ਹਦੇ ਮਾਲਕਾਂ/ਥੋਕ ਵਪਾਰੀਆਂ/ਸਮਗਲਰਾਂ ਤੇ ਉਨ੍ਹਾਂ ਦੇ ਸਰਪ੍ਰਸਤ ਸਿਆਸਤਦਾਨਾਂ ਸਮੇਤ ਉੱਚ ਪੁਲਿਸ/ਸਿਵਲ ਅਫ਼ਸਰਸ਼ਾਹੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੋ ਅਤੇ ਨਸ਼ਿਆਂ ਦੇ ਜਾਲ਼ ਵਿੱਚ ਫ਼ਸੇ ਨਸ਼ੇੜੀਆਂ ਦੇ ਇਲਾਜ ਦੇ ਪੁਖਤਾ ਪ੍ਰਬੰਧ ਕਰੋ; ਹੜ੍ਹਾਂ, ਫਸਲੀ ਰੋਗਾਂ, ਨਕਲੀ ਬੀਜਾਂ ਦਵਾਈਆਂ ਆਦਿ ਨਾਲ ਹੋਈ ਫ਼ਸਲੀ ਤਬਾਹੀ ਦੀ ਪੂਰੀ ਭਰਪਾਈ ਵਾਲਾ ਮੁਆਵਜ਼ਾ ਏਕੜ ਨੂੰ ਆਧਾਰ ਮੰਨ ਕੇ ਕਾਸ਼ਤਕਾਰਾਂ ਨੂੰ ਤੁਰੰਤ ਦਿਓ; ਕਾਸ਼ਤਕਾਰਾਂ ਦੀ ਜ਼ਮੀਨੀ ਤੋਟ ਪੂਰੀ ਕਰਨ ਤੇ ਆਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਕਾਬਜ਼ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿਓ; ਹਰ ਬਾਲਗ ਪੰਜਾਬੀ ਨੂੰ ਪੱਕਾ ਰੁਜ਼ਗਾਰ ਦਿਓ; 60 ਸਾਲ ਤੋਂ ਵੱਧ ਉਮਰ ਦੇ ਹਰ ਕਿਸਾਨ ਮਜ਼ਦੂਰ ਮਰਦ ਔਰਤ ਨੂੰ 10000 ਰੁਪਏ ਮਹੀਨਾ ਪੈਨਸ਼ਨ ਦਿਓ; ਅਵਾਰਾ ਪਸ਼ੂਆਂ ਤੇ ਕੁੱਤਿਆਂ ਸਮੇਤ ਸੂਰਾਂ ਦਾ ਸਥਾਈ ਹੱਲ ਕਰੋ; ਸਰਕਾਰੀ ਪ੍ਰਬੰਧਾਂ ਦੀ ਘਾਟ ਕਾਰਨ ਪਰਾਲ਼ੀ ਸਾੜਨ ਲਈ ਮਜਬੂਰ ਕਿਸਾਨਾਂ ਉੱਤੇ ਮੜ੍ਹੇ ਗਏ ਜੁਰਮਾਨੇ, ਪੁਲਿਸ ਕੇਸ ਤੇ ਲਾਲ ਐਂਟਰੀਆਂ ਰੱਦ ਕਰੋ; ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਅਤੇ ਫਾਲਤੂ ਦਰਿਆਈ ਪਾਣੀ ਸਮੇਤ ਹੜ੍ਹਾਂ ਦਾ ਪਾਣੀ ਧਰਤੀ ਵਿੱਚ ਮੁੜ-ਭਰਾਈ ਕਰਨ ਦੇ ਪ੍ਰਬੰਧ ਤੁਰੰਤ ਕਰੋ; ਗੰਨਾ ਉਤਪਾਦਕਾਂ ਦੇ ਮਿੱਲਾਂ ਵੱਲ ਖੜ੍ਹੇ ਕ੍ਰੋੜਾਂ ਰੁਪਏ ਦੇ ਬਕਾਏ ਤੁਰੰਤ ਅਦਾ ਕਰੋ ਅਤੇ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਕਰੋ; ਕਿਸਾਨ ਦੇ ਵੱਸੋਂ ਬਾਹਰੀ ਹਰ ਕਿਸਮ ਦੀ ਫਸਲੀ ਤਬਾਹੀ ਦੀ ਪੂਰੀ ਭਰਪਾਈ ਵਾਲ਼ਾ ਫ਼ਸਲੀ ਬੀਮਾ ਸਰਕਾਰੀ ਖਰਚੇ ‘ਤੇ ਲਾਗੂ ਕਰੋ; ਖੇਤੀ ਮੋਟਰਾਂ ਅਤੇ ਘਰੇਲੂ ਬਿਜਲੀ ਸਪਲਾਈ ਵਿੱਚ ਸਮਾਰਟ ਮੀਟਰ ਲਾਉਣੇ ਬੰਦ ਕਰੋ।
ਉਨ੍ਹਾਂ ਦੋਸ਼ ਲਾਇਆ ਕਿ ਫ਼ਸਲੀ ਤਬਾਹੀਆਂ ਦੇ ਮੁਆਵਜ਼ੇ ਤੇ ਸ਼ਹੀਦ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ ਨੌਕਰੀਆਂ ਲੈਣ ਲਈ ਅਤੇ ਜ਼ਮੀਨਾਂ ਤੇ ਘਰ ਜ਼ਬਰਦਸਤੀ ਅਕਵਾਇਰ/ਨਿਲਾਮ ਕਰਨ ਵਿਰੁੱਧ ਮਹੀਨਿਆਂ ਬੱਧੀ ਚੱਲ ਰਹੇ ਪੱਕੇ ਮੋਰਚਿਆਂ ਨੂੰ ਨਜ਼ਰਅੰਦਾਜ਼ ਕਰਕੇ ਮਾਨ ਸਰਕਾਰ ਆਪਣੇ ਕਿਸਾਨ ਮਜ਼ਦੂਰ ਵਿਰੋਧੀ ਕਿਰਦਾਰ ਉੱਤੇ ਮੋਹਰ ਲਾ ਰਹੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੱਲ੍ਹ ਨੂੰ ਮੋਰਚਿਆਂ ਦੀ ਅਗਵਾਈ ਨੌਜਵਾਨਾਂ ਦੇ ਹੱਥ ਹੋਵੇਗੀ। ਇਨ੍ਹਾਂ ਪੰਜ ਰੋਜ਼ਾ ਧਰਨਿਆਂ ਦੀ ਆਵਾਜ਼ ਨੂੰ ਵੀ ਮਾਨ ਸਰਕਾਰ ਵੱਲੋਂ ਅਣਸੁਣੀ ਕਰਨ ਦੀ ਸੂਰਤ ਵਿੱਚ ਮੋਰਚੇ ਦਾ ਅਗਲਾ ਪੜਾਅ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਉਣਾ ਹੋਵੇਗਾ, ਜਿਸਦੇ ਸਮਾਂ ਤੇ ਸਥਾਨ ਬਾਰੇ ਐਲਾਨ 10 ਫ਼ਰਵਰੀ ਨੂੰ ਕੀਤਾ ਜਾਵੇਗਾ।
Leave a Reply