ਅੰਮ੍ਰਿਤਸਰ :::::::::::: ( ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ ) ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਇਲਾਕੇ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਦੋ ਵੱਡੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ, ਜਿਸ ਵਿੱਚ ਖੁਜਾਲਾ ਤੋਂ ਤਰਸਿੱਕਾ, ਡੇਹਰੀਵਾਲ ਸੜਕ ਅਤੇ ਜਬੋਵਾਲ ਤੋਂ ਟਾਂਗਰਾ- ਏਕਲਗੱਡਾ ਸੜਕ ਸ਼ਾਮਿਲ ਹੈ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਰਾਜ ਦੇ ਵਿਕਾਸ ਵਿੱਚ ਸੜਕਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸੜਕਾਂ ਦਾ ਮਾਰਗ ਰਾਜ ਵਿੱਚ ਕਿਸਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਦੀ ਸਹੂਲਤ ਲਈ ਲੋੜੀਂਦਾ ਹੈ। ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ, ਜਿਸ ਵਿੱਚ ਸਿਹਤ, ਸਿੱਖਿਆ ਦੇ ਨਾਲ-ਨਾਲ ਸੜਕਾਂ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਤੋਂ ਤਰਨ ਤਰਨ ਨੂੰ ਮਿਲਾਉਂਦੀ ਇਤਿਹਾਸਿਕ ਸੜਕ ਜਿਸ ਦੀ 30 ਸਾਲ ਕਿਸੇ ਸਰਕਾਰ ਨੇ ਸਾਰ ਨਹੀਂ ਸੀ ਲਈ ਸੀ। ਉਸ ਨੂੰ ਮੁੱਖ ਮੰਤਰੀ ਮਾਨ ਨੇ 70 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਦੀ ਆਗਿਆ ਦਿੱਤੀ ਸੀ ਅਤੇ ਉਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਜਿੰਨਾ ਸੜਕਾਂ ਦੀ ਮਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਉਹਨਾਂ ਵਿੱਚ ਖੁਜਾਲਾ ਤੋਂ ਤਰਸਿੱਕਾ ਡੇਹਰੀਵਾਲ ਨੂੰ ਮਿਲਾਉਂਦੀ ਅੱਠ ਕਿੱਲੋਮੀਟਰ ਲੰਮੀ ਤੇ 18 ਫੁੱਟ ਚੌੜੀ ਸੜਕ ਪੰਜ ਕਰੋੜ ਦੀ ਲਾਗਤ ਨਾਲ ਪੂਰੀ ਹੋਵੇਗੀ, ਜਿਸ ਵਿੱਚ ਰਿਹਾਇਸ਼ੀ ਇਲਾਕਿਆਂ ਨੇੜੇ ਇੰਟਰਲਾਕ ਅਤੇ ਖੁਜਾਲਾ , ਤਰਸਿੱਕਾ ਤੇ ਡੇਰੀਵਾਲ ਵਿਖੇ ਬੱਸ ਅੱਡੇ ਵੀ ਵੀ ਉਸਾਰੇ ਜਾਣਗੇ । ਇਸੇ ਤਰ੍ਹਾਂ ਜੱਬੋਵਾਲ ਟਾਂਗਰਾ ਏਕਲਗੱਡਾ ਦੀ 16 ਕਿੱਲੋਮੀਟਰ ਲੰਮੀ ਸੜਕ ਅਗਲੇ 11 ਮਹੀਨਿਆਂ ਵਿੱਚ ਪੂਰੀ ਕੀਤੀ ਜਾਵੇਗੀ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
Leave a Reply