ਪੰਜਾਬ ਸਰਕਾਰ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜਮੀਨਾਂ ਲਈ ਮੁਆਵਜ਼ਾ ਰਾਸ਼ੀ ਜਾਰੀ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ::::::::::::::::: ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਪੰਜਾਬ ਸਰਕਾਰ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਅੰਤਰਰਾਸ਼ਟਰੀ ਸਰਹੱਦ ਤੱਕ ਸਥਿਤ ਰਕਬਾ, ਜਿਸ ਵਿਚ ਖੇਤੀ ਕਰਨ ਦੀਆਂ ਕਈ ਦਿੱਕਤਾਂ ਕਿਸਾਨਾਂ ਨੂੰ ਆਉਂਦੀਆਂ ਹਨ, ਨੂੰ ਇਸ ਲਈ ਮੁਆਵਜ਼ਾ ਰਾਸ਼ੀ ਸਾਲ 2022-23 ਲਈ ਪ੍ਰਤੀ ਏਕੜ 10 ਹਜ਼ਾਰ ਰੁਪਏ ਜਾਰੀ ਕਰ ਦਿੱਤੀ ਗਈ ਹੈ ਅਤੇ ਸਬੰਧਤ ਕਿਸਾਨ ਇਹ ਮੁਆਵਜ਼ਾ ਰਾਸ਼ੀ ਲੈਣ ਲਈ ਆਪਣੇ ਹਲਕੇ ਦੇ ਐਸ.ਡੀ.ਐਮ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਅਜਿਹਾ 3801 ਏਕੜ ਰਕਬਾ ਕੰਡਿਆਲੀ ਤਾਰ ਤੋਂ ਅੱਗੇ ਹੈ, ਲਈ ਸਰਕਾਰ ਵੱਲੋਂ ਤਿੰਨ ਕਰੋੜ 80 ਲੱਖ ਰੁਪਏ ਦੇ ਕਰੀਬ ਰਕਮ ਜਾਰੀ ਕਰ ਦਿੱਤੀ ਗਈ ਹੈ, ਜੋ ਕਿ ਸਬੰਧਤ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਹ ਮੁਆਵਜ਼ਾ ਰਾਸ਼ੀ ਇਕ ਜਨਵਰੀ 2022 ਤੋਂ 31 ਦਸੰਬਰ 2022 ਤੱਕ ਦੇ ਸਮੇਂ ਲਈ ਜਾਰੀ ਕੀਤੀ ਗਈ ਹੈ।
           ਉਨਾਂ ਦੱਸਿਆ ਕਿ ਗੈਰ ਮੁਮਕਿਨ ਰਕਬੇ ਅਤੇ ਜ਼ਮੀਨ ਸਬੰਧੀ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਇਸ ਲਈ ਮੁਆਵਜ਼ਾ ਦੇਣ ਤੋਂ ਪਹਿਲਾਂ ਸਬੰਧਤ ਅਧਿਕਾਰੀ ਇੰਤਕਾਲ ਦੀ ਪੜਤਾਲ ਕਰਨੀ ਯਕੀਨੀ ਬਨਾਉਣ। ਡਿਪਟੀ ਕਮਿਸ਼ਨਰ ਨੇ ਇਸ ਬਾਬਤ ਸਰਹੱਦੀ ਖੇਤਰ ਦੇ ਐਸ.ਡੀ.ਐਮ ਜਿੰਨਾਂ ਵਿਚ ਅਜਨਾਲਾ, ਲੋਪੋਕੇ, ਅੰਮ੍ਰਿਤਸਰ 2 ਸ਼ਾਮਿਲ ਹਨ, ਨੂੰ ਪੱਤਰ ਲਿਖਕੇ ਮੁਆਵਜ਼ਾ ਰਾਸ਼ੀ ਵੰਡਣ ਦੀਆਂ ਹਦਾਇਤਾਂ ਕਰਦੇ ਕਿਹਾ ਕਿ ਇਹ ਰਾਸ਼ੀ ਪਹਿਲ ਦੇ ਅਧਾਰ ਉਤੇ ਸਬੰਧਤ ਕਿਸਾਨਾਂ ਵਿਚ ਵੰਡਣੀ ਯਕੀਨੀ ਬਣਾਈ ਜਾਵੇ।

Leave a Reply

Your email address will not be published.


*