ਬੀਕੇਯੂ ਉਗਰਾਹਾਂ ਵੱਲੋਂ ਧਾਰਾ 295-ਏ ਤਹਿਤ ਕੇਸ ਦਰਜ਼ ਕਰਨ ਦੀ ਸਖ਼ਤ ਨਿਖੇਧੀ 

ਚੰਡੀਗੜ੍ਹ::::::::::::::::::::::::: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਤਰਕਸ਼ੀਲ ਆਗੂ ਸੁਰਜੀਤ ਦੌਧਰ ਸਮੇਤ ਤਰਕਸ਼ੀਲ ਕਾਰਕੁੰਨਾਂ ਤੇ ਕੁਝ ਹੋਰਨਾਂ ਵਿਅਕਤੀਆਂ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਧਾਰਾ 295-ਏ ਤਹਿਤ ਦਰਜ ਕੀਤੇ ਜਾ ਰਹੇ ਕੇਸਾਂ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਅਤੇ ਇਸ ਨੂੰ ਵਿਚਾਰ ਪ੍ਰਗਟਾਵੇ ਦੇ ਹੱਕ ‘ਤੇ ਹਮਲਾ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਮ ਮੰਦਿਰ ਦੇ ਉਦਘਾਟਨ ਤੋਂ ਮਗਰੋਂ ਭਾਜਪਾ ਦੇ ਥਾਪੜੇ ਨਾਲ ਫਿਰਕੂ ਜਨੂੰਨੀ ਤਾਕਤਾਂ ਲੋਕਾਂ ਖਿਲਾਫ ਵਧੇਰੇ ਹਮਲਾਵਰ ਹੋ ਗਈਆਂ ਹਨ ਅਤੇ ਪੰਜਾਬ ਅੰਦਰ ਆਪਣੀਆਂ ਫਿਰਕਾਪ੍ਰਸਤ-ਫਾਸ਼ੀ ਲਾਮਬੰਦੀਆਂ ਲਈ ਅਜਿਹੇ ਬਹਾਨੇ ਘੜ ਰਹੀਆਂ ਹਨ। ਇਸ ਲਈ ਸੋਸ਼ਲ ਮੀਡੀਆ ‘ਤੇ  ਲਿਖਣ ਵਾਲੇ ਲੋਕਾਂ ਨੂੰ ਇੱਕ ਸਾਜਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦੋਂ ਕਿ ਦੇਸ਼ ਭਰ ਅੰਦਰ ਭਾਜਪਾ ਦੇ ਇਸ ਸਿਆਸੀ ਪ੍ਰੋਜੈਕਟ ਦਾ ਵਿਰੋਧੀ ਸਿਆਸੀ ਪਾਰਟੀਆਂ ਤੋਂ ਲੈ ਕੇ ਜਮਹੂਰੀ ਤੇ ਹੋਰਨਾਂ ਦੇਸ਼ ਭਗਤ ,ਧਰਮ ਨਿਰਪੱਖ ਹਿੱਸਿਆਂ ਨੇ ਆਪੋ ਆਪਣੇ ਢੰਗਾਂ ਨਾਲ ਪਰਦਾਫਾਸ਼ ਕੀਤਾ ਹੈ। ਪੰਜਾਬ ਅੰਦਰ ਦਰਜ ਕੀਤੇ ਜਾ ਰਹੇ ਇਹ ਕੇਸ ਭਾਜਪਾ ਦੇ ਲੋਕਾਂ ਖਿਲਾਫ਼ ਫਿਰਕੂ-ਫਾਸ਼ੀ ਹਮਲੇ ਦਾ ਹਿੱਸਾ ਹਨ ਜਿਸ ਦਾ ਹਰ ਅਗਾਂਹਵਧੂ, ਲੋਕ ਪੱਖੀ ਤੇ ਜਮਹੂਰੀ ਆਵਾਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਧਾਰਾ 295-ਏ ਲੋਕਾਂ ਦੇ ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲੀ ਧਾਰਾ ਹੈ। ਦੇਸ਼ ਅੰਦਰ ਫਿਰਕੂ ਅਮਨ ਨੂੰ ਲਾਂਬੂ ਲਾ ਰਹੀਆਂ ਤਾਕਤਾਂ ਖਿਲਾਫ ਵਰਤਣ ਦੀ ਥਾਂ ਇਸ ਨੂੰ ਲੋਕਾਂ ਅੰਦਰ ਅਗਾਂਹਵਧੂ ਤੇ ਵਿਗਿਆਨਕ ਵਿਚਾਰਾਂ ਦਾ ਪ੍ਰਚਾਰ/ਸੰਚਾਰ ਕਰਨ ਵਾਲੇ ਕਾਰਕੁਨਾਂ ਖ਼ਿਲਾਫ਼ ਵਰਤਿਆ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਕੇਸ ਦਰਜ ਕਰਨ ਦਾ ਇਹ ਸਿਲਸਿਲਾ ਫੌਰੀ ਬੰਦ ਕੀਤਾ ਜਾਵੇ ਤੇ ਦਰਜ ਕੀਤੇ ਗਏ ਇਹ ਕੇਸ ਫੌਰੀ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਥੇਬੰਦੀ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੇ ਹੱਕ ਦੀ ਜ਼ੋਰਦਾਰ ਹਾਮੀ ਹੈ ਤੇ ਇਸ ਹੱਕ ਦੀ ਰਾਖੀ ਲਈ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਪੰਜਾਬ ਦੇ ਲੇਖਕਾਂ, ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਇਹਨਾਂ ਧੱਕੜ ਤੇ ਗੈਰ ਜਮਹੂਰੀ ਕਦਮਾਂ ਖਿਲਾਫ ਇਕਜੁੱਟ ਹੁੰਦਿਆਂ ਸਾਰੇ ਡਟ ਕੇ ਖੜ੍ਹਨ ਅਤੇ ਯਕੀਨ ਦਵਾਇਆ ਕਿ ਕਿਸਾਨ ਜਥੇਬੰਦੀ ਹਮੇਸ਼ਾ ਉਹਨਾਂ ਦੇ ਅੰਗ ਸੰਗ ਹੈ।

Leave a Reply

Your email address will not be published.


*