ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਵਿੱਤੀ ਹਾਲਤ ਸੰਬੰਧੀ ਵਾਈਟ ਪੇਪਰ ਜਾਰੀ ਕਰਨ-ਲਾਲਪੁਰਾ

ਪੰਜਾਬ ਦੀ ਮਾੜੀ ਵਿੱਤੀ ਹਾਲਤ ਦੇ ਨਤੀਜੇ ਹੁਣ ਪ੍ਰਤੱਖ ਦਿਖਣੇ ਸ਼ੁਰੂ ਹੋ ਗਏ ਹਨ। ਸਰਦੀਆਂ ਵਿੱਚ ਵੀ ਲੰਬੇ-ਲੰਬੇ ਬਿਜਲੀ ਕੱਟਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮਾਨ ਸਰਕਾਰ ਕੋਲ ਹੁਣ ਬਿਜਲੀ ਲੋੜਾਂ ਪੂਰੀਆਂ ਕਰਨ ਲਈ ਖਜ਼ਾਨਾ ਖਾਲੀ ਹੈ ਤੇ ਇਸ ਦਾ ਅਸਰ ਲੋਕਾਂ ਦੇ ਰੋਜ਼ਾਨਾ ਜੀਵਨ ਅਤੇ ਕਾਰੋਬਾਰ ‘ਤੇ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪਾਵਰਕਾਮ ਦੀ ਵਿੱਤੀ ਹਾਲਤ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ, ਕਿਉਂਕਿ ਮਾਨ ਸਰਕਾਰ ਨੇ ਇਸ ਅਦਾਰੇ ਦੀ ਹਾਲਤ ਸੁਧਾਰਨ ਦੀ ਬਜਾਏ ਇਸ਼ਤਿਹਾਰਬਾਜ਼ੀ ‘ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ ਪਰ ਹੁਣ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਪਾਵਰਕਾਮ ਸ਼ਾਇਦ ਪੰਜਾਬ ਦੇ ਲੋਕਾਂ ਦੀ ਲੋੜ ਅਨੁਸਾਰ ਵਾਧੂ ਬਿਜਲੀ ਖਰੀਦਣ ਤੋਂ ਵੀ ਅਸਮੱਰਥ ਜਾਪਦਾ ਹੈ ਜੋ ਇਨ੍ਹਾਂ ਨੂੰ ਸਰਦੀਆਂ ਦੇ ਮੌਸਮ ਵਿਚ ਵੀ ਸਪਲਾਈ ਦੇ ਕੱਟ ਲਾਉਣੇ ਪੈ ਰਹੇ ਹਨ। ਲਾਲਪੁਰਾ ਨੇ ਕਿਹਾ ਕਿ ਅੱਜ ਇੱਕ ਅਖ਼ਬਾਰ ਵਿਚ ਛਪੀ ਰਿਪੋਰਟ ਪੜ੍ਹ ਕੇ ਉਹ ਬੇਹੱਦ ਹੈਰਾਨ ਹੋ ਗਏ ਕਿ ਪੰਜਾਬ ਵਿਚ ਬਿਜਲੀ ਦੀ ਮੰਗ 9000 ਮੈਗਾਵਾਟ ਤੋਂ ਉੱਪਰ ਚੱਲ ਰਹੀ ਹੈ ਤੇ ਪਾਵਰਕਾਮ ਨੇ ਇਸ ਮੰਗ ਨੂੰ ਪੂਰਾ ਕਰਨ ਦੀ ਬਜਾਏ ਕੱਟਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਹੜਾ ਮੁੱਖ ਮੰਤਰੀ ਸਾਲ ਦੀ ਸ਼ੁਰੂਆਤ ਵਿਚ ਸੂਬੇ ਦੇ ਲੋਕਾਂ ਨੂੰ ਪ੍ਰਾਈਵੇਟ ਪਾਵਰਪਲਾਂਟ ਖਰੀਦ ਕੇ ਵਾਧੂ ਬਿਜਲੀ ਪੈਦਾ ਕਰਨ ਦੀ ਗੱਲ ਆਖਦਾ ਸੀ ਅੱਜ ਉਸੇ ਸੂਬੇ ਵਿਚ ਮੁੱਖ ਮੰਤਰੀ ਦੀ ਅਗਵਾਈ ਹੇਠ ਮਹਿਕਮੇ ਨੂੰ ਰੋਜ਼ਾਨਾ 31 ਲੱਖ ਯੂਨਿਟ ਦੇ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਨੂੰ ਸੂਬੇ ਦੀ ਤੇ ਖਾਸ ਕਰਕੇ ਪਾਵਰਕਾਮ ਮਹਿਕਮੇ ਦੀ ਮਾੜੀ ਵਿੱਤੀ ਵਿਵਸਥਾ ਵੱਲ ਝਾਤ ਮਾਰਨੀ ਚਾਹੀਦੀ ਹੈ ਕਿਉਂਕਿ ਭਵਿੱਖ ਵਿੱਚ ਬਿਜਲੀ ਦੀ ਲੋੜ ਤਾਂ ਹਰ ਹਾਲਤ ਵੱਧਣੀ ਹੀ ਹੈ ਪਰ ਚਿੰਤਾ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਇਸ ਲੋੜ ਦੀ ਪੂਰਤੀ ਕਿਵੇਂ ਕਰੇਗੀ ? ਉਨ੍ਹਾਂ ਕਿਹਾ ਕਿ ਅੱਜ ਕਈ ਸੂਬੇ ਅਜਿਹੇ ਹਨ ਜੋ ਖੁਦ ਬਿਜਲੀ ਨਾ ਪੈਦਾ ਕਰਕੇ ਹੋਰਨਾਂ ਸੂਬਿਆਂ ਤੋਂ ਖਰੀਦਣ ਦੇ ਸਮਰੱਥ ਹਨ ਤੇ ਉੱਥੋ ਦੇ ਲੋਕਾਂ ਨੂੰ ਕਿਸੇ ਕਿਸਮ ਵੀ ਤੰਗੀ ਨਹੀਂ ਝੱਲਣੀ ਪੈਂਦੀ ਪਰ ਸਾਡੇ ਐਥੇ ਸਰਕਾਰ ਇਸ਼ਤਿਹਾਰਬਾਜ਼ੀ ਵਿਚ ਜ਼ਿਆਦਾ ਸਰਗਰਮ ਹੈ ਤੇ ਪਾਲਿਸੀ ਮੇਕਿੰਗ ਵਿਚ ਸਿਫਰ ਜਾਪਦੀ ਹੈ। ਲਾਲਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਪੀਲ ਕੀਤੀ ਕਿ  ਸੂਬੇ ਦੀ ਵਿੱਤੀ ਹਾਲਤ ‘ਤੇ ਵਾਈਟ ਪੇਪਰ ਜਾਰੀ ਕਰਨ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਸੂਬੇ ਦੀ ਅਸਲ ਵਿੱਤੀ ਹਾਲਤ ਕੀ ਹੈ ਤੇ ਦੂਜਾ ਬਿਜਲੀ ਦੀ ਪੂਰਤੀ ਲਈ ਪਾਲਿਸੀ ਬਣਾਈ ਜਾਵੇ ਤਾਂ ਜੋ ਲੋਕਾਂ ਦਾ ਜਨਜੀਵਨ ਤੇ ਕਾਰੋਬਾਰ ਪ੍ਰਭਾਵਿਤ ਨਾ ਹੋਵੇ।

Leave a Reply

Your email address will not be published.


*