ਪੰਜਾਬ ਨੂੰ ਮਿਲਣਗੇ 307 ਨਵੇ ਡਾਕਟਰ 126 ਸੁਪਰਸਪੈਸ਼ਲਿਸਟ ਅਤੇ 181 ਸਪੈਸ਼ਲਿਸਟ ਹੋਣਗੇ ਨਿਯੁਕਤ ਵੱਖ ਵੱਖ ਥਾਵਾ ਤੇ

 ਮੈਡੀਕਲ, ਸਿੱਖਿਆ ਅਤੇ ਖੋਜ ਵਿਭਾਗ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਸੁਪਰਸਪੈਸ਼ਲਿਸਟ ਅਤੇ ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਕਰੇਗਾ। ਪੰਜਾਬ ਕੋਲ ਫਿਲਹਾਲ 20 ਸੁਪਰਸਪੈਸ਼ਲਿਸਟ ਡਾਕਟਰ ਹੀ ਹਨ। ਹੁਣ ਜਲਦੀ ਹੀ 126 ਨਵੇਂ ਸੁਪਰਸਪੈਸ਼ਲਿਸਟ ਡਾਕਟਰ ਉਪਲਬਧ ਹੋਣਗੇ। ਪੰਜਾਬ ਦੇ ਸਰਕਾਰੀ ਖੇਤਰ ਵਿਚ ਸੁਪਰਸਪੈਸ਼ਲਿਸਟ ਡਾਕਟਰਾਂ ਨੂੰ ਆਕਰਸ਼ਿਤ ਕਰਨ ਲਈ ਸਿਹਤ ਵਿਭਾਗ ਨੇ ਵਾਕ ਇਨ ਇੰਟਰਵਿਊ ਫਾਰਮੂਲਾ ਅਪਣਾਉਣ ਦਾ ਫੈਸਲਾ ਕੀਤਾ ਹੈ। ਦੋ-ਤਿੰਨ ਮਹੀਨੇ ਪਹਿਲਾਂ ਵੀ ਵਿਭਾਗ ਨੇ ਸੁਪਰਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ ਸਨ, ਪਰ ਡਾਕਟਰਾਂ ਦੀਆਂ ਅਸਾਮੀਆਂ ਭਰੀਆਂ ਨਹੀਂ ਜਾ ਸਕੀਆਂ। ਡਾਕਟਰਾਂ ਦੇ ਇਸ਼ਤਿਹਾਰ, ਸਕ੍ਰੀਨਿੰਗ, ਇੰਟਰਵਿਊ ਦਾ ਸੱਦਾ, ਦਸਤਾਵੇਜ ਨੱਥੀ ਕਰਨ, ਇੰਟਰਵਿਊ ਅਤੇ ਫਿਰ ਇੰਟਰਵਿਊ ਦੇ ਨਤੀਜੇ ਐਲਾਨ ਕਰਨ ਵਿਚ ਤਿੰਨ ਤੋਂ ਚਾਰ ਮਹੀਨੇ ਲੱਗ ਗਏ ਸਨ। ਡਾਕਟਰਾਂ ਦੇ ਵਿਗਿਆਪਨ ਅਤੇ ਨਿਯੁਕਤੀ ਪੱਤਰ ਭੇਜਣ ਦੇ ਲੰਮੇ ਪਾੜੇ ਦੌਰਾਨ ਸੁਪਰਸਪੈਸ਼ਲਿਸਟ ਡਾਕਟਰ ਹੋਰ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਨਾਲ ਜੁੜ ਗਏ ਸਨ। ਅਜਿਹੇ ਵਿਚ ਵਿਭਾਗ ਨੇ ਹੁਣ ਇਸ਼ਤਿਹਾਰ ਦੇਣ ਤੋਂ ਲੈ ਕੇ ਨਿਯੁਕਤੀ ਪੱਤਰ ਭੇਜਣ ਤੱਕ ਦਾ ਸਮਾਂ ਘਟਾ ਕੇ ਵਾਕ-ਇਨ ਇੰਟਰਵਿਊ ਦਾ ਰਾਹ ਅਪਣਾ ਲਿਆ ਹੈ।ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਨੂੰ ਸੁਪਰਸਪੈਸ਼ਲਿਸਟ ਕੇਡਰ ਵਿਚ ਕਾਰਡੀਓਲੋਜੀ, ਨਿਊਰੋਸਰਜਨ, ਨਿਊਰੋਲੋਜੀ, ਐਂਡੋਕਰੀਨੋਲੋਜੀ, ਆਰਥੋਪੈਡਿਕਸ, ਨੈਫਰੋਲੋਜੀ, ਯੂਰੋਲੋਜੀ, ਓਂਕੋਲੋਜੀ, ਮੈਡੀਕਲ ਓਂਕੋਲੋਜੀ, ਸਰਜੀਕਲ ਓਂਕੋਲੋਜੀ, ਗੈਸਟ੍ਰੋਨਕੋਲੋਜੀ, ਰੇਡੀਓਥੈਰੇਪੀ ਦੇ ਡਾਕਟਰ ਮਿਲਣਗੇ। ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿਚ ਸੁਪਰਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਸੁਪਰਸਪੈਸ਼ਲਿਸਟ ਡਾਕਟਰਾਂ ਤੋਂ ਇਲਾਵਾ ਪੰਜਾਬ ਵਿਚ ਸਪੈਸ਼ਲਿਸਟ ਡਾਕਟਰਾਂ ਦੀਆਂ 181 ਅਸਾਮੀਆਂ ਵੀ ਭਰੀਆਂ ਜਾਣਗੀਆਂ। ਡਾਕਟਰਾਂ ਨੂੰ ਆਰਥੋਪੈਡਿਕਸ, ਪੈਥੋਲੋਜੀ, ਮਨੋਵਿਗਿਆਨ, ਸਰਜੀਕਲ ਓਂਕੋਲੋਜੀ, ਮੈਡੀਸਨ, ਮਾਈਕਰੋਬਾਇਓਲੋਜੀ, ਈਐੱਨਟੀ, ਨੇਤਰ ਵਿਗਿਆਨ, ਗਾਇਨੀਕੋਲੋਜੀ, ਪਲਮਨਰੀ, ਸਕਿਨ, ਰੇਡੀਓਲੋਜੀ, ਗੈਸਟ੍ਰੋਐਂਟਰੌਲੋਜੀ, ਫੋਰੈਂਸਿਕ ਕਮਿਊਨਿਟੀ ਮੈਡੀਸਨ ਵਰਗੀਆਂ ਫੈਕਲਟੀਜ਼ ਵਿਚ ਵੀ ਰੱਖਿਆ ਜਾਵੇਗਾ। ਦੂਜੇ ਪਾਸੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫਰੀਦਕੋਟ ਵਿਚ ਡਾਕਟਰਾਂ ਦੀ ਨਿਯੁਕਤੀ ਲਈ ਵਾਕ-ਇਨ-ਇੰਟਰਵਿਊ ਲਈ ਇਸ਼ਤਿਹਾਰ ਵੀ ਦਿੱਤਾ ਗਿਆ ਹੈ। ਫਰੀਦਕੋਟ ਵਿਚ ਪੈਥੋਲੋਜੀ, ਮਨੋਵਿਗਿਆਨ, ਰੇਡੀਓਥੈਰੇਪੀ, ਮੈਡੀਸਨ, ਆਰਥੋਪੈਡਿਕਸ ਦੇ ਵਿਭਾਗਾਂ ਵਿਚ ਡਾਕਟਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ।ਪੰਜਾਬ ਵਿਚ ਸਪੈਸ਼ਲਿਸਟ ਡਾਕਟਰਾਂ ਦੀਆਂ 534 ਮਨਜ਼ੂਰ ਅਸਾਮੀਆਂ ਹਨ ਅਤੇ ਇਨ੍ਹਾਂ ਵਿਚੋਂ 353 ਅਸਾਮੀਆਂ ’ਤੇ ਮਾਹਰ ਡਾਕਟਰ ਹਸਪਤਾਲਾਂ ਵਿਚ ਕੰਮ ਕਰ ਰਹੇ ਹਨ। ਸੁਪਰਸਪੈਸ਼ਲਿਸਟ ਦੀਆਂ ਅਸਾਮੀਆਂ ਦੇ ਨਾਲ, ਵਿਭਾਗ ਵਾਕ-ਇਨ ਇੰਟਰਵਿਊ ਰਾਹੀਂ ਸਪੈਸ਼ਲਿਸਟ ਦੀਆਂ 181 ਖਾਲੀ ਅਸਾਮੀਆਂ ਨੂੰ ਵੀ ਭਰੇਗਾ।ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀ ਡਾ: ਅਕਾਸ਼ਦੀਪ ਦਾ ਕਹਿਣਾ ਹੈ ਕਿ ਸੁਪਰਸਪੈਸ਼ਲਿਸਟ ਅਤੇ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਭਰਨ ਤੋਂ ਬਾਅਦ ਹੁਣ ਤੱਕ ਜਿਹੜੀਆਂ ਬਿਮਾਰੀਆਂ ਦਾ ਇਲਾਜ ਸੰਭਵ ਨਹੀਂ ਸੀ, ਉਨ੍ਹਾਂ ਦਾ ਇਲਾਜ ਪੰਜਾਬ ਦੇ ਹਸਪਤਾਲਾਂ ਵਿਚ ਕੀਤਾ ਜਾਵੇਗਾ। ਦਿਲ ਦੇ ਮਰੀਜ਼ਾਂ ਤੋਂ ਲੈ ਕੇ ਕੈਂਸਰ ਦੇ ਮਰੀਜ਼ ਗੰਭੀਰ ਬਿਮਾਰੀਆਂ ਲਈ ਕਦੇ ਪ੍ਰਾਈਵੇਟ ਹਸਪਤਾਲਾਂ ਅਤੇ ਕਦੇ ਪੀ.ਜੀ.ਆਈ. ਚੰਡੀਗੜ੍ਹ ਅਤੇ ਏਮਜ਼ ਦਿੱਲੀ ਦੇ ਧੱਕੇ ਖਾਣ ਲਈ ਮਜਬੂਰ ਹੋਣਾ ਪੈਂਦਾ ਸੀ। ਡਾਕਟਰਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ, ਇਸ ਲਈ ਵਾਕ ਇਨ ਇੰਟਰਵਿਊ ਫਾਰਮੂਲਾ ਅਪਣਾਉਣ ਦਾ ਫੈਸਲਾ ਕੀਤਾ ਗਿਆ ਹੈ। ਡਾ: ਅਕਾਸ਼ਦੀਪ ਦਾ ਕਹਿਣਾ ਹੈ ਕਿ ਪ੍ਰਾਈਵੇਟ ਹਸਪਤਾਲ ਸੁਪਰਸਪੈਸ਼ਲਿਸਟ ਅਤੇ ਸਪੈਸ਼ਲਿਸਟ ਡਾਕਟਰਾਂ ਨੂੰ ਭਾਰੀ ਤਨਖਾਹਾਂ ਦੇ ਪੈਕੇਜ ਦਿੰਦੇ ਹਨ, ਜਿਸ ਕਾਰਣ ਜ਼ਿਆਦਾਤਰ ਡਾਕਟਰ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਭਰਤੀ ਹੋ ਜਾਂਦੇ ਹਨ, ਪਰ ਮੈਡੀਕਲ ਖੇਤਰ ਵਿਚ ਜੋ ਡਾਕਟਰ ਮਿਸ਼ਨ ਲੈ ਕੇ ਆਉਂਦੇ ਹਨ, ਉਹ ਜਰੂਰ ਸਰਕਾਰੀ ਹਸਪਤਾਲਾਂ ਵਿਚ ਕੰਮ ਕਰਨਾ ਪਸੰਦ ਕਰਨਗੇ।

Leave a Reply

Your email address will not be published.


*