ਗੋਲਬਾਗ ਪਾਰਕ ‘ਚ ਫ਼ੂਡ ਸਟਰੀਟ ਬਨਾਉਣ ਲਈ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਇਲਾਕੇ ਦਾ ਦੌਰਾ

ਅੰਮ੍ਰਿਤਸਰ:——– ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਜਿੰਨਾਂ ਕੋਲ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਦਾ ਵੀ ਅਹੁੱਦਾ ਹੈ, ਉਹਨਾਂ ਵੱਲੋਂ ਅੱਜ ਕਾਰਪੋਰੇਸ਼ਨ ਦੇ ਵਕਾਰੀ ਪ੍ਰੋਜੈਕਟ ਵੇਖਣ ਲਈ ਅਧਿਕਾਰੀਆਂ ਨਾਲ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਗੋਲਬਾਗ ਪਾਰਕ ਵਿੱਚ ਫ਼ੂਡ ਸਟਰੀਟ ਵਿਕਸਤ ਕਰਨ ਲਈ ਇਲਾਕੇ ਦਾ ਮੁਆਇਨਾ ਕੀਤਾ। ਉਨਾਂ ਕਿਹਾ ਕਿ ਇਹ ਇਲਾਕਾ ਸੈਲਾਨੀਆਂ ਦੀ ਪਹੁੰਚ ਦੇ ਬਿਲਕੁੱਲ ਕੇਂਦਰ ਬਿੰਦੂ ਹੈ, ਇਸ ਲਈ ਇਸ ਇਲਾਕੇ ਨੂੰ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨਾਂ ਨੇ ਇਸ ਇਲਾਕੇ ਦੀ ਪਹੁੰਚ ਵੇਖਦੇ ਹੋਏ ਇੱਥੇ ਫ਼ੂਡ ਸਟਰੀਟ ਵਿਕਸਤ ਕਰਨ ਲਈ ਅਧਿਕਾਰੀਆਂ ਨੂੰ ਯੋਜਨਾਬੰਦੀ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਜੇਕਰ ਇਸ ਇਲਾਕੇ ਵਿੱਚ ਫ਼ੂਡ ਸਟਰੀਟ ਬਣਦੀ ਹੈ ਤਾਂ ਇਸ ਨਾਲ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਤੇ ਯਾਤਰੀਆਂ ਨੂੰ ਸਥਾਨਕ ਪ੍ਰਸਿਧ ਖਾਣੇ ਦਾ ਸਵਾਦ ਚਖਾਉਣ ਲਈ ਵਧੀਆ ਇਲਾਕ਼ਾ ਮਿਲ ਸਕਦਾ ਹੈ, ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਵੀ ਨੇੜੇ ਹੈ, ਜਲ੍ਹਿਆਂਵਾਲਾ ਬਾਗ ਦੇ ਵੀ ਨੇੜੇ ਅਤੇ ਦੁਰਗਿਆਣਾ ਮੰਦਰ ਦੇ ਵੀ ਬਿਲਕੁੱਲ ਨਾਲ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਦੇਸ਼ ਵਿੱਚ ਸਭ ਤੋਂ ਵੱਧ ਯਾਤਰੀ ਅਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ ਅਤੇ ਯਾਤਰੀ ਇੱਥੋਂ ਦੇ ਦਰਸ਼ਨੀ ਸਥਾਨਾਂ ਦੀ ਯਾਤਰਾ ਦੇ ਨਾਲ-ਨਾਲ ਖਾਣ ਪੀਣ ਦਾ ਮਜ਼ਾ ਲੈਣ ਦਾ ਵੀ ਸ਼ੌਕ ਰੱਖਦੇ ਹਨ, ਇਸ ਲਈ ਜ਼ਰੂਰੀ ਹੈ ਕਿ ਸ਼ਹਿਰ ਦੇ ਪ੍ਰਸਿਧ ਖਾਣੇ ਇੱਕ ਹੀ ਸਥਾਨ ਉੱਤੇ ਪਰੋਸਣ ਲਈ ਵਧੀਆ ਇਲਾਕਾ ਦੇ ਦਿੱਤਾ ਜਾਵੇ।
       ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵੇਖਿਆ ਤੇ ਕੈਂਰੋ ਮਾਰਕੀਟ ਵਿੱਚ ਬਣ ਰਹੀ ਮਲਟੀ ਲੈਵਲ ਕਾਰ ਪਾਰਕਿੰਗ ਦੇ ਚੱਲ ਰਹੇ ਕੰਮ ਨੂੰ ਵੇਖਿਆ। ਉਨਾਂ ਠੇਕੇਦਾਰ ਦੇ ਆਦਮੀਆਂ ਨਾਲ ਗੱਲ ਕੀਤੀ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਪ੍ਰੋਜੈਕਟ ਦਾ ਵਿਸਥਾਰ ਲਿਆ। ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਬਿਲਕੁੱਲ ਵਿਚਕਾਰ ਬਣਨ ਵਾਲੀ ਇਹ ਕਾਰ ਪਾਰਕਿੰਗ ਬਹੁਤ ਮਹੱਤਵਪੂਰਨ ਸਾਬਤ ਹੋਣੀ ਹੈ, ਸੋ ਇਸ ਵਿੱਚ ਤਕਨੀਕੀ ਤੌਰ ਉਤੇ ਨਿਗ੍ਹਾ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰਾਂ ਦੀ ਖਾਮੀ ਪ੍ਰੋਜੈਕਟ ਵਿੱਚ ਨਾ ਰਹੇ। ਇਸ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਗਲਿਆਰਾ ਕਾਰ ਪਾਰਕਿੰਗ ਦਾ ਦੌਰਾ ਕਰਕੇ ਉਥੇ ਸਫ਼ਾਈ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨਾਂ ਨੇ ਪੁੱਡਾ ਅਧਿਕਾਰੀਆਂ ਨੂੰ ਕਾਰ ਪਾਰਕਿੰਗ ਦੀ ਸੰਭਾਲ ਵੱਲ ਉਚੇਚਾ ਧਿਆਨ ਦੇਣ ਤੇ ਸ਼ਰਧਾਲੂਆਂ ਦੀ ਵਰਤੋਂ ਵਿੱਚ ਆਉਣ ਵਾਲੇ ਪਖਾਨਿਆਂ ਦੀ ਸਫ਼ਾਈ ਤੇ ਰੌਸ਼ਨੀ ਦੇ ਉਚੇਚੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਜਾਇੰਟ ਕਮਿਸ਼ਨਰ ਨਗਰ ਨਿਗਮ ਹਰਦੀਪ ਸਿੰਘ, ਵਿਸ਼ਾਲ ਵਧਾਵਨ, ਐਸ ਈ. ਸੰਦੀਪ ਸਿੰਘ, ਅਸਟੇਟ ਅਫ਼ਸਰ ਧਰਮਿੰਦਰ ਸਿੰਘ ਤੋਂ ਇਲਾਵਾਂ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published.


*