6 ਜਨਵਰੀ ਤੋਂ ਬੁਢਲਾਡਾ ਡੀ ਐਸ ਪੀ ਦਫਤਰ ਦਾ ਅਣਮਿੱਥੇ ਸਮੇਂ ਦੇ ਘਿਰਾਓ ‘ਚ ਲੁਧਿਆਣਾ ਜ਼ਿਲ੍ਹਾ 8 ਜਨਵਰੀ ਨੂੰ ਹੋਵੇਗਾ ਸ਼ਾਮਲ  

 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਕਮੇਟੀ ਮੀਟਿੰਗ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਕੇਂਦਰ ਸਰਕਾਰ ਵਲੋਂ ਨਵੇਂ ਨਿਆਂ ਕਨੂੰਨ ਹਿੱਟ ਐਂਡ ਰਨ ਦੀ ਜੋਰਦਾਰ ਨਿੰਦਿਆਂ ਕਰਦਿਆਂ ਇਸ ਨੂੰ ਤੁਰਤ ਰੱਦ ਕਰਨ ਦੀ ਮੰਗ ਕੀਤੀ ਹੈ। ਕੇਂਦਰੀ ਹਕੂਮਤਾਂ ਪਝੰਤਰ ਸਾਲਾਂ ਚ ਸੜਕੀ ਆਵਾਜਾਈ ਦਾ ਸੁਚੱਜਾ ਪ੍ਰਬੰਧ ਉਸਾਰਨ ਚ ਬੁਰੀ ਤਰਾਂ ਅਸਫਲ ਹੋਈਆਂ ਹੁਣ ਅਪਣੀ ਨਾਲਾਇਕੀ ਕਿਰਤੀ ਡਰਾਇਵਰਾਂ ਤੇ ਸੁੱਟ ਕੇ ਅਪਣੀ ਬਣਦੀ ਜਿੰਮੇਵਾਰੀ ਤੋਂ ਭੱਜਣ ਦਾ ਰਾਹ ਲੱਭ ਰਹੀਆਂ ਹਨ। ਉਨਾਂ ਦੇਸ਼ ਭਰ ਚ ਟਰੱਕ ਚਾਲਕਾਂ ਵਲੋਂ ਕੀਤੇ ਚੱਕਾ ਜਾਮ ਅਤੇ  ਹੜਤਾਲ ਜੋਰਦਾਰ ਹਿਮਾਇਤ ਕਰਦਿਆਂ ਉਸ ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਇਸ ਸਮੇਂ ਇਕ ਮਤੇ ਰਾਹੀਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਅੰਨੇ ਪੁਲਸ ਤਸ਼ਦਦ ਨਾਲ ਹੋਈ ਮੋਤ ਲਈ ਬਾਦਲ ਜੁੰਡਲੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਅਸਲ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਬਾਦਲ ਦੇ ਹੀ ਰਾਜ ਚ ਅੱਸੀ ਦੇ ਕਰੀਬ ਨਕਸਲੀ ਕਾਰਕੁੰਨਾਂ ਦੇ ਝੂਠੇ ਪੁਲਸ ਮੁਕਾਬਲੇ ਬਣਾਏ ਗਏ ਸੀ। ਇਸੇ ਰਾਹ ਤੇ ਚਲਦੀ ਭਗਵੰਤ ਮਾਨ ਸਰਕਾਰ  ਦੀ ਪੁਲਸ  ਗੈੰਗਸਟਰਾਂ ਨੂੰ ਮਾਰਨ ਦੇ ਨਾਂ ਤੇ ਹੁਣ ਸਿੱਧੇ ਪੁਲਸ ਮੁਕਾਬਲੇ ਬਣਾ ਕਨੂੰਨ ਨੂੰ ਪੈਰਾਂ ਹੇਠ ਰੋਲ ਰਹੀ ਹੈ। ਉਨਾਂ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਦੀ ਵੀ ਜੋਰਦਾਰ ਨਿੰਦਾ ਕਰਦਿਆਂ ਹਾਸੋਹੀਣਾ ਕਰਾਰ ਦਿੱਤਾ ਜਿਸ ਵਿਚ ਉਨਾਂ ਕਿਹਾ ਕਿ ਕਾਤਲ ਪਹਿਲਾਂ ਗਲਤੀ ਦਾ ਅਹਿਸਾਸ ਕਰਨ। ਉਨਾਂ ਕਿਹ ਕਿ ਸਜਾਵਾਂ ਭੁਗਤ ਚੁੱਕੇ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਜੇਲਾਂ ਚ ਬੰਦ ਰੱਖਣਾ ਕਿਹੜਾ ਇਨਸਾਫ ਹੈ।ਕੀ ਇਹ ਜਾਣਬੁੱਝ ਕੇ ਸਰਕਾਰ ਵਲੋਂ ਚਿੱਟੇ ਦਿਨ ਕੀਤੀ ਜਾ ਰਹੀ ਮਿੱਥ ਕੇ ਕੀਤੀ ਜਾ ਰਹੀ ਗਲਤੀ ਨਹੀਂ ਹੈ।
ਉਨਾਂ ਦੱਸਿਆ ਕਿ ਮੀਟਿੰਗ ਵਿੱਚ ਮਾਨਸਾ ਦੇ ਪਿੰਡ ਕੁਲਰੀਆਂ ਦੇ ਆਬਾਦਕਾਰਾਂ ਤੇ ਹਮਲਾ ਕਰਕੇ ਜਖਮੀ ਕਰਨ ਵਾਲੇ ਦੋਸ਼ੀਆਂ ਤੇ ਐਸ ਐਸ ਪੀ ਮਾਨਸਾ ਨਾਨਕ ਸਿੰਘ ਵਲੋਂ 19 ਦਿਸੰਬਰ ਤਕ ਪੁਲਸ ਕਾਰਵਾਈ ਕਰਨ ਦਾ ਭਰੋਸਾ ਵਫਾ ਨਾ ਕਰਨ ਦੀ ਵੀ ਜੋਰਦਾਰ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਸੂਬਾ ਕਮੇਟੀ ਦੇ ਸੱਦੇ ਤੇ ਵਰਿਆਂ ਤੋਂ ਕਾਸ਼ਤ ਕਰ ਰਹੇ ਆਬਾਦਕਾਰ ਕਿਸਾਨਾਂ ਨੂੰ ਜਮੀਨਾਂ ਦੇ ਹੱਕ ਦਿਵਾਉਣ,  ਹਮਲਾ ਕਰਨ ਵਾਲੇ ਸਾਰੇ ਦੋਸ਼ੀਆਂ ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਾਉਣ, ਕਿਸਾਨ ਆਗੂਆਂ ਤੇ ਦਰਜ ਝੂਠੇ ਪਰਚੇ ਰੱਦ ਕਰਾਉਣ ਲਈ ਦਿੱਤੇ ਜਾ ਰਹੇ ਇਸ ਦਿਨ ਰਾਤ ਦੇ ਧਰਨੇ ਰਾਹੀਂ ਆਰਪਾਰ ਦੀ ਲੜਾਈ ਲੜੀ ਜਾਵੇਗੀ। ਉਨਾਂ ਦੱਸਿਆ ਕਿ ਪਿਛਲੇ ਦਿਨੀਂ ਮੁੱਖਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਚ ਜਥੇਬੰਦੀ ਨੂੰ ਮਾਮਲੇ ਚ ਕਾਰਵਾਈ ਦਾ ਭਰੋਸਾ ਦਿਤੇ ਜਾਣ ਦੇ ਬਾਵਜੂਦ ਮੰਗ ਪੂਰੀ ਨਾ ਹੋਣ ਦਾ ਕਾਰਨ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਤੇ ਪਿੰਡ ਦੇ ਸਰਪੰਚ ਰਾਜਵੀਰ ਦੀ ਮਿਲੀ ਭੁਗਤ ਹੈ। ਮੀਟਿੰਗ ਵਿੱਚ ਤਰਨਤਾਰਨ ਦੇ ਪਿੰਡ ਪਧਰੀ ਦੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਨਰਭਿੰਦਰ ਅਤੇ ਉਸ ਤੋਂ ਪਹਿਲਾਂ ਉਨਾਂ ਦੇ ਭਰਾ ਸਲਵਿੰਦਰ ਸਿੰਘ ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ੀਆਂ ਤੇ ਵਾਰ-ਵਾਰ ਜਨਤਕ ਜਥੇਬੰਦੀਆਂਵਲੋਂ ਧਰਨਾ ਦੇਣ ਅਤੇ  ਕਈ ਵਾਰ ਵਫਦ ਮਿਲਣ ਦੇ ਬਾਵਜੂਦ ਕਾਰਵਾਈ ਨਾ ਕਰਨਾ ਦਰਸਾਉਂਦਾ ਹੈ ਕਿ ਮਾਨਸਾ ਤੋਂ ਤਰਨਤਾਰਨ ਤੱਕ ਪੁਲਸ ਦਾ ਰਵੱਈਆ ਇੱਕੋ ਹੀ ਹੈ ਤੇ ਲੋਕਵਿਰੋਧੀ ਤੇ ਗੁੰਡਿਆਂ ਪੱਖੀ ਹੈ।ਪਹਿਲੇ ਅਕਾਲੀ ਕਾਂਗਰਸੀ ਰਾਜਾਂ ਤੋਂ ਵੀ ਮਾੜਾ ਹੈ।
ਉਨਾਂ ਦੱਸਿਆ ਕਿ 8,9 ਜਨਵਰੀਨੂੰ ਲੁਧਿਆਣਾ ਜਿਲੇ ਦੇ ਕਿਸਾਨ ਵੱਡੀ ਗਿਣਤੀ ਚ ਬੁਢਲਾਡਾ ਡੀ ਐਸ ਪੀ ਦਫਤਰ ਅੱਗੇ ਅਣਮਿੱਥੇ ਸਮੇਂ ਦੇ ਧਰਨੇ ਚ ਸ਼ਾਮਲ ਹੋਣਗੇ। ਮੀਟਿੰਗ ਵਿੱਚ, ਜਿਲਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਜਿਲਾ ਵਿੱਤ ਸਕੱਤਰ ਤਾਰਾ ਸਿੰਘ ਅੱਚਰਵਾਲ, ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ,  ਸਰਬਜੀਤ ਸਿੰਘ ਧੂੜਕੋਟ ,ਬੇਅੰਤ ਸਿੰਘ ਬਾਣੀਏਵਾਲ,  ਕੁਲਵੰਤ ਸਿੰਘ ਬੁਰਜ ਮਾਨ ਕੋਰ ਆਦਿ ਸ਼ਾਮਲ ਸਨ।

Leave a Reply

Your email address will not be published.


*