ਸਰਹੱਦ ‘ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ: ਅੰਮ੍ਰਿਤਸਰ ‘ਚ 39 ਕਿਲੋ ਹੈਰੋਇਨ ਤੇ 10 ਵਿਦੇਸ਼ੀ ਪਿਸਤੌਲਾਂ ਦਾ ਜ਼ਖ਼ੀਰਾ ਬਰਾਮਦ; ਵਿਦੇਸ਼ੀ ਹੈਂਡਲਰਾਂ ਦੇ 7 ਗੁਰਗੇ ਕਾਬੂ, 109 ਸ਼ੱਕੀ ਹਿਰਾਸਤ ‘ਚ
- ਪੁਲਿਸ ਅਤੇ ਬੀਐੱਸਐੱਫ ਦੇ ਸਾਂਝੇ ਆਪ੍ਰੇਸ਼ਨ ਨੇ ਤੋੜਿਆ ਨਸ਼ਾ ਤੇ ਹਥਿਆਰ ਤਸਕਰਾਂ ਦਾ ਲੱਕ
- ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ; ਵਿਦੇਸ਼ ਬੈਠੇ ਆਕਾਵਾਂ ਦੇ ਇਸ਼ਾਰੇ ‘ਤੇ ਸਪਲਾਈ ਕਰਦੇ ਸਨ ਖੇਪ
- ਵੱਖ-ਵੱਖ ਥਾਣਿਆਂ ਵਿੱਚ 9 ਐੱਫਆਈਆਰਜ਼ ਦਰਜ; ਸਰਹੱਦੀ ਇਲਾਕੇ ਵਿੱਚ ਹਾਈ-ਅਲਰਟ ਅਤੇ ਤਲਾਸ਼ੀ ਮੁਹਿੰਮ ਤੇਜ਼
ਅੰਮ੍ਰਿਤਸਰ/ਚੰਡੀਗੜ੍ਹ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)-
ਪੰਜਾਬ ਨੂੰ ਨਸ਼ਾ ਅਤੇ ਅਪਰਾਧ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬੀਐੱਸਐੱਫ (BSF) ਨੇ ਸਾਂਝੇ ਤੌਰ ‘ਤੇ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਵੱਡੀ ਕਾਰਵਾਈ ਦੌਰਾਨ 38.962 ਕਿਲੋਗ੍ਰਾਮ ਹੈਰੋਇਨ, 800 ਗ੍ਰਾਮ ਅਫ਼ੀਮ, 10 ਆਧੁਨਿਕ ਪਿਸਤੌਲ (ਜਿਗਾਨਾ ਸਮੇਤ) ਅਤੇ 102 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਇੱਕ ਨਾਬਾਲਗ ਸਮੇਤ 7 ਤਸਕਰਾਂ ਨੂੰ ਦਬੋਚਿਆ ਹੈ। ਇਸ ਤੋਂ ਇਲਾਵਾ ਸਰਹੱਦੀ ਖੇਤਰ ਵਿੱਚ ਚਲਾਏ ਗਏ ਵਿਸ਼ੇਸ਼ ਆਪ੍ਰੇਸ਼ਨ ਦੌਰਾਨ 109 ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਵਿਦੇਸ਼ੀ ਹੈਂਡਲਰਾਂ ਨਾਲ ਜੁੜੀਆਂ ਸਨ ਤਾਰਾਂ: ਡੀਜੀਪੀ ਗੌਰਵ ਯਾਦਵ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਵੱਡੀ ਸਫ਼ਲਤਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮ ਸਿੱਧੇ ਤੌਰ ‘ਤੇ ਵਿਦੇਸ਼ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਇਹ ਹੈਂਡਲਰ ਸਰਹੱਦ ਪਾਰੋਂ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਭੇਜਦੇ ਸਨ, ਜਿਨ੍ਹਾਂ ਨੂੰ ਅੱਗੇ ਸੂਬੇ ਦੇ ਹੋਰ ਅਪਰਾਧਕ ਅਨਸਰਾਂ ਤੱਕ ਪਹੁੰਚਾਇਆ ਜਾਣਾ ਸੀ। ਪੁਲਿਸ ਵੱਲੋਂ ਹੁਣ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ (Forward & Backward Linkages) ਨੂੰ ਖੰਗਾਲਿਆ ਜਾ ਰਿਹਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ:
ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਲਕਸ਼ ਖੱਤਰੀ (ਘਨੁਪੁਰ ਕਾਲੇ, ਅੰਮ੍ਰਿਤਸਰ), ਗੁਰਮੀਤ ਸਿੰਘ (ਪਿੰਡ ਸ਼ਹਿਜ਼ਾਦਾ, ਅੰਮ੍ਰਿਤਸਰ), ਮਨਦੀਪ ਸਿੰਘ (ਨੂਰਪੁਰ ਬੇਟ, ਲੁਧਿਆਣਾ), ਵਿਸ਼ਾਲਦੀਪ ਸਿੰਘ (ਗੰਡੀਵਿੰਡ, ਤਰਨ ਤਾਰਨ), ਗੁਰਦਿੱਤ ਸਿੰਘ ਅਤੇ ਵਿਸ਼ਾਲ (ਦੋਵੇਂ ਵਾਸੀ ਚਵਿੰਡਾ ਕਲਾਂ, ਅੰਮ੍ਰਿਤਸਰ) ਸਮੇਤ ਇੱਕ ਨਾਬਾਲਗ ਸ਼ਾਮਲ ਹੈ।
ਕਿਵੇਂ ਹੋਈਆਂ ਇਹ ਵੱਡੀਆਂ ਬਰਾਮਦਗੀਆਂ? (ਆਈਜੀਪੀ ਗੁਰਪ੍ਰੀਤ ਭੁੱਲਰ ਨੇ ਦਿੱਤੇ ਵੇਰਵੇ)
ਆਈਜੀਪੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਪੂਰੇ ਆਪ੍ਰੇਸ਼ਨ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪੁਲਿਸ ਤੇ ਬੀਐੱਸਐੱਫ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਅਤੇ ਪਿੱਛਾ ਕਰਕੇ ਇਨ੍ਹਾਂ ਤਸਕਰਾਂ ਨੂੰ ਕਾਬੂ ਕੀਤਾ:
- ਅੱਡਾ ਭਿੰਡੀ ਸੈਦਾਂ: ਬਿਨਾਂ ਨੰਬਰ ਵਾਲੇ ਸਪਲੈਂਡਰ ਮੋਟਰਸਾਈਕਲ ‘ਤੇ ਜਾ ਰਹੇ ਮਨਦੀਪ ਸਿੰਘ ਅਤੇ ਵਿਸ਼ਾਲਦੀਪ ਸਿੰਘ ਨੂੰ ਰੋਕ ਕੇ 12 ਕਿਲੋ ਹੈਰੋਇਨ, ਇੱਕ .30 ਬੋਰ ਪਿਸਤੌਲ ਅਤੇ 12 ਕਾਰਤੂਸ ਬਰਾਮਦ ਕੀਤੇ ਗਏ।
- ਪਿੰਡ ਸਿੱਧਵਾਂ ਨਹਿਰ (ਥਾਣਾ ਲੋਪੋਕੇ): ਸਾਂਝੇ ਆਪ੍ਰੇਸ਼ਨ ਦੌਰਾਨ ਲਕਸ਼ ਖੱਤਰੀ ਅਤੇ ਉਸ ਦੇ ਨਾਬਾਲਗ ਸਾਥੀ ਕੋਲੋਂ 4.992 ਕਿਲੋ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਜ਼ਬਤ ਕੀਤਾ ਗਿਆ।
- ਪੱਧਰੀ ਨਹਿਰ ਦਾ ਪੁਲ: ਨਾਕਾਬੰਦੀ ਦੌਰਾਨ ਗੁਰਦਿੱਤ ਸਿੰਘ ਅਤੇ ਵਿਸ਼ਾਲ ਨੂੰ ਕਾਬੂ ਕਰਕੇ 4 ਕਿਲੋ ਹੈਰੋਇਨ ਅਤੇ 800 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ।
- ਪਿੰਡ ਗੁੱਜਰਪੁਰਾ (ਅਜਨਾਲਾ): ਪੁਲਿਸ ਪਾਰਟੀ ਨੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਦਾ ਪਿੱਛਾ ਕਰਕੇ ਗੁਰਮੀਤ ਸਿੰਘ ਨੂੰ ਫੜਿਆ, ਜਿਸ ਦੇ ਕਿੱਟ ਬੈਗ ਵਿੱਚੋਂ 3 ਕਿਲੋ ਹੈਰੋਇਨ, 3 ਪਿਸਤੌਲ (ਇੱਕ .30 ਬੋਰ ਤੇ ਦੋ 9 ਐੱਮਐੱਮ), 5 ਮੈਗਜ਼ੀਨ ਅਤੇ 90 ਕਾਰਤੂਸ ਮਿਲੇ।
- ਜੰਡਿਆਲਾ ਹਾਈ-ਟੈੱਕ ਨਾਕਾ: ਹਵੇਲੀ ਨੇੜੇ ਲਗਾਏ ਨਾਕੇ ਦੌਰਾਨ ਇੱਕ ਕਾਰ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚੋਂ 2 ਪਿਸਤੌਲ ਬਰਾਮਦ ਕੀਤੇ ਗਏ।
ਡਰੋਨ ਦੀ ਹਲਚਲ ਤੇ ਖੇਤਾਂ ‘ਚੋਂ ਮਿਲੇ ਲਾਵਾਰਿਸ ਹਥਿਆਰ ਤੇ ਹੈਰੋਇਨ: ਐੱਸਐੱਸਪੀ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸਰਹੱਦੀ ਤਲਾਸ਼ੀ ਅਭਿਆਨਾਂ ਦੌਰਾਨ ਚਾਰ ਥਾਵਾਂ ਤੋਂ ਲਾਵਾਰਿਸ (ਅਣ-ਕਲੇਮਡ) ਖੇਪਾਂ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿੱਚ:
- ਪਿੰਡ ਹੇਤਮਪੁਰ (ਲੋਪੋਕੇ) ਦੇ ਖੇਤਾਂ ਵਿੱਚੋਂ 4 ਵਿਦੇਸ਼ੀ ਜਿਗਾਨਾ (Zigana) ਪਿਸਤੌਲ ਅਤੇ 8 ਮੈਗਜ਼ੀਨ।
- ਬਹਿਰੀਵਾਲ ਪੁਲ-ਸ਼ਹੂਰਾ ਸੜਕ ਤੋਂ 5 ਕਿਲੋ ਹੈਰੋਇਨ।
- ਬੀਓਪੀ (BOP) ਦਾਓਕੇ ਨੇੜੇ ਡਰੋਨ ਦੀ ਹਲਚਲ ਤੋਂ ਬਾਅਦ ਤਲਾਸ਼ੀ ਦੌਰਾਨ 4.970 ਕਿਲੋ ਹੈਰੋਇਨ।
- ਪਿੰਡ ਧੋਦੇਵਿੰਡ (ਘਰਿੰਡਾ) ਦੇ ਖੇਤਾਂ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਥਾਣਾ ਘਰਿੰਡਾ, ਲੋਪੋਕੇ, ਅਜਨਾਲਾ ਅਤੇ ਭਿੰਡੀ ਸੈਦਾਂ ਵਿਖੇ ਕੁੱਲ 9 ਵੱਖ-ਵੱਖ ਐੱਫਆਈਆਰਜ਼ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।