November 12, 2026

Justice News

ਅਵਾਮ ਦੀ ਆਵਾਜ਼

ਧਾਲੀਵਾਲ ਵੱਲੋਂ ਅਜਨਾਲਾ ਹਲਕੇ ‘ਚ 1.89 ਕਰੋੜ ਦੀ ਲਾਗਤ ਨਾਲ ਬਣੇ 7 ਨਵੇਂ ਮਾਡਲ ਖੇਡ ਮੈਦਾਨ ਲੋਕ ਅਰਪਿਤ

Oplus_131072

 

ਅੰਮ੍ਰਿਤਸਰ, 

(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)-

ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਲਕਾ ਅਜਨਾਲਾ ਦੇ 7 ਪਿੰਡਾਂ—ਕੰਦੋਵਾਲੀ, ਚੇਤਨਪੁਰਾ, ਸੰਗਤਪੁਰਾ, ਜੱਸੜ, ਸਾਰੰਗਦੇਵ, ਨੰਗਲ ਅਤੇ ਕਿਆਮਪੁਰ—ਵਿੱਚ ਕਰੀਬ 1.89 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਮਾਡਲ ਖੇਡ ਮੈਦਾਨਾਂ ਨੂੰ ਲੋਕ ਅਰਪਿਤ ਕੀਤਾ। ਸੰਖੇਪ ਪਰ ਪ੍ਰਭਾਵਸ਼ਾਲੀ ਉਦਘਾਟਨੀ ਸਮਾਗਮਾਂ ਦੌਰਾਨ ਇਲਾਕਾ ਨਿਵਾਸੀਆਂ ਨੇ ਤਾੜੀਆਂ ਦੀ ਗੂੰਜ ਅਤੇ ਗਰਮਜੋਸ਼ੀ ਨਾਲ ਇਸ ਉਪਰਾਲੇ ਦਾ ਸਵਾਗਤ ਕੀਤਾ।

ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਰੰਗਲੇ ਪੰਜਾਬ’ ਦੀ ਸਿਰਜਣਾ ਲਈ ਲਾਗੂ ਕੀਤੀਆਂ ਲੋਕ ਭਲਾਈ ਸਕੀਮਾਂ—ਜਿਵੇਂ ਮੁਫ਼ਤ ਸਿਹਤ ਬੀਮਾ, ਮੁਫ਼ਤ ਰਸੋਈ ਜ਼ਰੂਰੀ ਵਸਤਾਂ ਕਿੱਟ, ਸਿੱਖਿਆ, ਸਿਹਤ ਤੇ ਖੇਡ ਕ੍ਰਾਂਤੀ, ਮੁਫ਼ਤ ਤੀਰਥ ਯਾਤਰਾ, ਮੁਫ਼ਤ ਬਿਜਲੀ ਸਪਲਾਈ ਅਤੇ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ—ਅੱਜ ਸਿਰਫ਼ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਸ਼ਵ ਭਰ ਵਿੱਚ ਖਿੱਚ ਦਾ ਮੁੱਖ ਕੇਂਦਰ ਬਣ ਚੁੱਕੀਆਂ ਹਨ।

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਮੇਤ ਵਿਰੋਧੀ ਪਾਰਟੀਆਂ ‘ਤੇ ਤਿੱਖਾ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਫੈਲੇ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗੈਂਗਸਟਰਵਾਦ ਅਤੇ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ਦੇ ਜੰਜਾਲ ਵਿੱਚੋਂ ਪੰਜਾਬ ਨੂੰ ਕੱਢਣ ਲਈ ਮਾਨ ਸਰਕਾਰ ਨੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਸਖ਼ਤ ਕਦਮ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਰਵਾਇਤੀ ਪਾਰਟੀਆਂ ਨੇ ਇਸ ਪਵਿੱਤਰ ਕਾਰਜ ਵਿੱਚ ਸਰਕਾਰ ਨੂੰ ਸਹਿਯੋਗ ਦੇਣ ਦੀ ਬਜਾਏ ਸੂਬੇ ਨੂੰ ਅਰਾਜਕਤਾ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ।

ਸ. ਧਾਲੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸੂਝਵਾਨ ਵੋਟਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਵਿਰੋਧੀ ਪਾਰਟੀਆਂ ਨੂੰ 2022 ਦੀਆਂ ਚੋਣਾਂ ਵਾਂਗ ਕਰਾਰੀ ਹਾਰ ਦਾ ਖ਼ਮਿਆਜ਼ਾ ਭੁਗਤਾਉਣ ਲਈ ਪੱਬਾਂ ਭਾਰ ਹਨ, ਜਦਕਿ ਲੋਕਾਂ ਦੇ ਫ਼ਤਵੇ ਨਾਲ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਏਗੀ।

ਹਲਕਾ ਅਜਨਾਲਾ ਨੂੰ ਆਪਣਾ ਪਰਿਵਾਰ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ 24 ਘੰਟੇ ਹਾਜ਼ਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਹਲਕੇ ਦੇ ਚਹੁਮੁਖੀ ਵਿਕਾਸ ਤੇ ਲੋਕ ਸੇਵਾ ਲਈ ਤਤਪਰ ਰਹਿਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹਲਕੇ ਵਿੱਚ 10.34 ਕਰੋੜ ਰੁਪਏ ਦੀ ਲਾਗਤ ਨਾਲ 35 ਮਾਡਲ ਖੇਡ ਮੈਦਾਨ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ 20 ਖੇਡ ਮੈਦਾਨ ਲੋਕ ਅਰਪਿਤ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਮੈਦਾਨ ਵੀ ਆਉਂਦੇ ਦਿਨਾਂ ਵਿੱਚ ਜਨਤਾ ਨੂੰ ਸਮਰਪਿਤ ਕਰ ਦਿੱਤੇ ਜਾਣਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.