ਨਸ਼ਿਆਂ ਦੇ ਹੌਟਸਪੌਟ ਖੇਤਰਾਂ ਨੂੰ ਸੁਰੱਖਿਅਤ ਤੇ ਉਸਾਰੂ ਸਰਗਰਮੀਆਂ ਦੇ ਕੇਂਦਰਾਂ ਵਿੱਚ ਬਦਲਣ ਦੀ ਮੁਹਿੰਮ ਜਾਰੀ : ਵਿਰਾਜ ਐਸ. ਤਿੜਕੇ
(ਸ਼ਹਿਬਾਜ਼ ਚੌਧਰੀ)
ਨਸ਼ਿਆਂ ਦੀਆਂ ਸਰਗਰਮੀਆਂ ਪੱਖੋਂ ਸੰਵੇਦਨਸ਼ੀਲ ਪਛਾਣੇ ਗਏ ਇਲਾਕਿਆਂ ਨੂੰ ਸੁਰੱਖਿਅਤ, ਰੌਸ਼ਨ ਅਤੇ ਸਮਾਜਿਕ ਸਰਗਰਮੀਆਂ ਨਾਲ ਭਰਪੂਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਾਂਝੇ ਉਪਰਾਲੇ ਜਾਰੀ ਹਨ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਨ੍ਹਾਂ ਖੇਤਰਾਂ ਦੀ ਨੁਹਾਰ ਬਦਲਣ ਲਈ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਸਬੰਧਤ ਵਿਭਾਗਾਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ “ ਸਾਡਾ ਉਦੇਸ਼ ਸਿਰਫ਼ ਹੌਟਸਪੌਟਾਂ ਦੀ ਭੌਤਿਕ ਦਿੱਖ ਬਦਲਣਾ ਨਹੀਂ, ਸਗੋਂ ਉੱਥੋਂ ਦੇ ਸਮਾਜਿਕ ਮਾਹੌਲ ਵਿੱਚ ਅਜਿਹਾ ਸਕਾਰਾਤਮਕ ਬਦਲਾਅ ਲਿਆਉਣਾ ਹੈ, ਜਿੱਥੇ ਅਣਗਹਿਲੀ ਦੀ ਥਾਂ ਸੰਭਾਲ, ਸੁੰਨਸਾਨ ਥਾਵਾਂ ’ਤੇ ਚਹਿਲ-ਪਹਿਲ ਅਤੇ ਨਸ਼ਿਆਂ ਦੀ ਥਾਂ ਖੇਡਾਂ ਦੀ ਗੂੰਜ ਸੁਣਾਈ ਦੇਵੇ।” ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਬਣਾਉਣ ਲਈ ਹਰ ਵਿਭਾਗ ਦੀ ਸਰਗਰਮ ਭਾਗੀਦਾਰੀ ਲਾਜ਼ਮੀ ਹੈ।
ਮੀਟਿੰਗ ਦੌਰਾਨ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਸੰਦੌੜ ਦੇ ਪਛਾਣੇ ਗਏ ਹੌਟਸਪੌਟਾਂ ਵਿੱਚ ਸਫ਼ਾਈ, ਝਾੜੀਆਂ ਦੀ ਕਟਾਈ, ਸਟਰੀਟ ਲਾਈਟਾਂ, ਸੀ.ਸੀ.ਟੀ.ਵੀ. ਕੈਮਰਿਆਂ, ਚਾਰਦੀਵਾਰੀ ਅਤੇ ਖੇਡ ਮੈਦਾਨਾਂ ਦੇ ਨਵੀਨੀਕਰਨ ਸਬੰਧੀ ਕਾਰਜਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨਗਰ ਕੌਂਸਲਾਂ, ਪੇਂਡੂ ਵਿਕਾਸ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਰਾਹੀਂ ਕੰਮਾਂ ਨੂੰ ਤਰਜੀਹੀ ਆਧਾਰ ’ਤੇ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਨਸ਼ਾ ਛੁਡਾਊ ਕੇਂਦਰ ਦੀ 30 ਬਿਸਤਰਿਆਂ ਦੀ ਸਮਰੱਥਾ ਦੀ ਸੁਚੱਜੀ ਵਰਤੋਂ ਅਤੇ ਇਲਾਜ ਸਹੂਲਤਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ।
ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਤਹਿਤ ਪੁਲਿਸ ਪੂਰੀ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ ਜਿਸ ਮੁਹੱਲੇ/ਇਲਾਕੇ ਦੀ ਪਛਾਣ ਕਦੇ ਨਸ਼ਿਆਂ ਦੀ ਸਮੱਸਿਆ ਨਾਲ ਜੁੜੀ ਰਹੀ ਹੋਵੇ, ਉਸੇ ਮੁਹੱਲੇ ਦੇ ਬੱਚਿਆਂ ਦੀ ਪਛਾਣ ਕੱਲ੍ਹ ਖੇਡ ਪ੍ਰਾਪਤੀਆਂ ਨਾਲ ਬਣੇ, ਇਹੀ ਸਾਡੇ ਸਾਂਝੇ ਯਤਨਾਂ ਦੀ ਅਸਲ ਸਾਰਥਕਤਾ ਹੋਵੇਗੀ।“
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਵਿੱਚ ਸਮਰੱਥਾ ਅਤੇ ਸੰਭਾਵਨਾਵਾਂ ਦੀ ਕੋਈ ਘਾਟ ਨਹੀਂ, ਲੋੜ ਸਿਰਫ਼ ਉਸ ਨੂੰ ਸਹੀ ਦਿਸ਼ਾ ਅਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਦੀ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਆਪਣੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਪੁਲਿਸ ਦਾ ਸਾਥ ਦੇਣ, ਤਾਂ ਜੋ ਪੰਜਾਬ ਦਾ 23ਵਾਂ ਜ਼ਿਲ੍ਹਾ ਮਾਲੇਰਕੋਟਲਾ ਨਸ਼ਾ ਮੁਕਤੀ ਅਤੇ ਸਮਾਜਿਕ ਭਾਈਵਾਲੀ ਦੀ ਇੱਕ ਨਵੀਂ ਮਿਸਾਲ ਬਣ ਸਕੇ।
ਇਸ ਮੌਕੇ ਐਸ.ਡੀ.ਐਮ. ਮਾਲੇਰਕੋਟਲਾ ਕਨੂ ਗਰਗ, ਐਸ.ਡੀ.ਐਮ. ਅਹਿਮਦਗੜ੍ਹ/ਅਮਰਗੜ੍ਹ ਰਾਜੇਸ਼ ਕੁਮਾਰ ਸ਼ਰਮਾ, ਐਸ.ਪੀ. (ਡੀ) ਰਮਨਦੀਪ ਸਿੰਘ ਭੁੱਲਰ, ਡੀ.ਐਸ.ਪੀ. ਮਾਨਵਜੀਤ ਸਿੰਘ, ਡੀ.ਐਸ.ਪੀ. ਸੁਮੀਤ ਸੂਦ, ਡੀ.ਐਸ.ਪੀ. ਇੰਦਰਪਾਲ ਸਿੰਘ ਚੌਹਾਨ, ਸਿਵਲ ਸਰਜਨ ਡਾ. ਅਮਨ ਸੂਦ, ਸਹਾਇਕ ਸਿਵਲ ਸਰਜਨ ਡਾ. ਸਜੀਲਾ ਖ਼ਾਨ, ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ, ਬੀ.ਡੀ.ਪੀ.ਓ. ਜਸਮਿੰਦਰ ਸਿੰਘ ਤੇ ਕਰਨਵੀਰ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਕੰਵਲਪੁਨੀਤ ਕੌਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਆਦਰਸ਼ ਨਿਰਮਲ, ਜ਼ਿਲ੍ਹਾ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।