ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਵੱਲੋਂ ਮੀਟਿੰਗ
ਲੁਧਿਆਣਾ
( ਜਸਟਿਸ ਨਿਊਜ਼ )
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਵੱਲੋਂ ਸ਼ਹਿਰੀ ਪ੍ਰਧਾਨ ਸੰਜੇ ਤਲਵਾੜ, (ਸਾਬਕਾ ਵਿਧਾਇਕ) ਅਤੇ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਰੋਡ ਸਥਿਤ ਸਰਕਟ ਹਾਊਸ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ, ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਭੇਜੀ ਗਈ ਅਬਜ਼ਰਵਰ ਮੈਡਮ ਅਮ੍ਰਿਤਾ ਧਵਨ ਜੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਹਿ-ਇੰਚਾਰਜ ਰਵਿੰਦਰ ਡਲਵੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨਾਂ ਅਤੇ ਵੱਖ-ਵੱਖ ਬੁਲਾਰਿਆਂ ਨੇ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਹਰ ਨਾਗਰਿਕ ਨੂੰ ਉਸ ਦੀ ਵੋਟ ਦੇ ਅਧਿਕਾਰ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਪਾਰਟੀ ਇਸ ਮੁਹਿੰਮ ਨੂੰ ਬਲਾਕ ਪੱਧਰ ਅਤੇ ਬੂਥ ਪੱਧਰ ’ਤੇ ਲਿਜਾ ਕੇ ਹਰ ਘਰ ਤੱਕ ਪਹੁੰਚਾਏਗੀ।
ਉਨ੍ਹਾਂ ਦੱਸਿਆ ਕਿ ਹਰ ਬੂਥ ’ਤੇ ਕਾਂਗਰਸ ਪਾਰਟੀ ਵੱਲੋਂ ਬੀ.ਐੱਲ.ਏ.-2 ਤੋਂ ਇਲਾਵਾ ‘ਵੋਟ ਰੱਖਿਅਕ’ ਵੀ ਨਿਯੁਕਤ ਕੀਤੇ ਜਾਣਗੇ, ਜੋ ਵੋਟਰ ਸੂਚੀਆਂ ਵਿੱਚੋਂ ਕੱਟੀਆਂ ਗਈਆਂ ਵੋਟਾਂ, ਤਬਦੀਲ ਕੀਤੀਆਂ ਗਈਆਂ ਵੋਟਾਂ, ਮ੍ਰਿਤਕ ਵਿਅਕਤੀਆਂ ਦੀਆਂ ਵੋਟਾਂ ਅਤੇ ਜਾਅਲੀ ਵੋਟਾਂ ਦੀ ਜਾਂਚ ਕਰਨਗੇ। ਇਸ ਦੇ ਨਾਲ ਹੀ ਬੀ.ਐੱਲ.ਏ.-2 ਅਤੇ ਵੋਟ ਰੱਖਿਅਕ ਨਵੀਆਂ ਵੋਟਰ ਸੂਚੀਆਂ ਵਿੱਚ ਦਰਜ ਕੀਤੀਆਂ ਗਈਆਂ ਨਵੀਆਂ ਵੋਟਾਂ ਦੀ ਵੀ ਜਾਂਚ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਵੋਟਾਂ ਦੀ ਚੋਰੀ ਨੂੰ ਰੋਕਣ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਵੋਟ ਦੇ ਹੱਕ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਪਾਰਟੀ ਵਚਨਬੱਧ ਹੈ।
ਇਸ ਮੀਟਿੰਗ ਵਿੱਚ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਕੁਲਦੀਪ ਵੈਦ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਕਾਮਿਲ ਅਮਰ ਸਿੰਘ, ਜਗਤਾਰ ਸਿੰਘ ਜੱਗਾ, ਵਿਕਰਮ ਬਾਜਵਾ, ਕੇ.ਕੇ. ਬਾਵਾ, ਪਵਨ ਦੀਵਾਨ, ਅੰਮ੍ਰਿਤ ਕੌਰ ਗਿੱਲ, ਸੁਰਿੰਦਰ ਕੌਰ, ਕਿਰਨਦੀਪ ਕੌਰ ਗਰੇਵਾਲ , ਮਨਰਾਜ ਠੁਕਰਾਲ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ, ਕੌਂਸਲਰ, ਸਾਬਕਾ ਕੌਂਸਲਰ, ਵਾਰਡ ਇੰਚਾਰਜ , ਬਲਾਕ ਪ੍ਰਧਾਨ , ਮੰਡਲ ਪ੍ਰਧਾਨ , ਵਾਰਡ ਪ੍ਰਧਾਨ, ਬੀ.ਐੱਲ.ਏ.-1, ਬੀ.ਐੱਲ.ਏ.-2, ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।