ਜ਼ਮੀਨ ਦੇ ਟੁਕੜੇ ਲਈ ਭਰਾ ਨੇ ਭਰਾ ’ਤੇ ਕੀਤਾ ਜਾਨਲੇਵਾ ਹਮਲਾ! ਨੰਬਰਦਾਰ ਦੇ ਟੋਟੇ ਕੀਤੇ ਦੰਦ, ਪੱਗ ਵੀ ਲਾਹ ਕੇ ਲੈ ਗਏ ਹਮਲਾਵਰ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ)-
ਅੰਮ੍ਰਿਤਸਰ ਤੋਂ ਝਬਾਲ ਰੋਡ ਤੇ ਪੈਂਦੇ ਸਥਿਤ ਪਿੰਡ ਫਤਾਹਪੁਰ ਵਿੱਚੋਂ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨੀ ਵਿਵਾਦ ਨੇ ਖ਼ੂਨੀ ਰੂਪ ਧਾਰਨ ਕਰ ਲਿਆ ਹੈ। ਪਿੰਡ ਦੇ ਨੰਬਰਦਾਰ ਪ੍ਰਤਾਪ ਸਿੰਘ ਨੇ ਆਪਣੇ ਹੀ ਸਕੇ ਭਰਾ ਅਤੇ ਉਸ ਦੇ ਗੁੰਡਾ ਤੱਤਾਂ ’ਤੇ ਖੇਤ ਵਿੱਚ ਕੰਮ ਕਰਦਿਆਂ ਜਾਨਲੇਵਾ ਹਮਲਾ ਕਰਨ, ਕੁੱਟਮਾਰ ਕਰਕੇ ਦੰਦ ਤੋੜਨ ਅਤੇ ਇੱਜ਼ਤ ਨਾਲ ਖਿਲਵਾੜ ਕਰਦਿਆਂ ਪੱਗ ਲਾਹ ਕੇ ਲੈ ਜਾਣ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਦੋਸ਼ ਲਗਾਏ ਹਨ। ਪੀੜਤ ਨੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ’ਤੇ ਸਵਾਲ ਖੜ੍ਹੇ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਉਹ ਸੜਕਾਂ ’ਤੇ ਉੱਤਰ ਕੇ ਧਰਨਾ ਲਗਾਉਣਗੇ।
ਸਾਢੇ ਛੇ ਕਿੱਲੇ ਜ਼ਮੀਨ ਦੀ ਖ਼ੂਨੀ ਜੰਗ
ਨੰਬਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਉਨ੍ਹਾਂ ਦੀ ਕਰੀਬ 6.5 ਤੋਂ 7 ਕਿੱਲੇ ਸਾਂਝੀ ਜ਼ਮੀਨ ਹੈ। ਉਨ੍ਹਾਂ ਦਾ ਛੋਟਾ ਭਰਾ ਲਖਬੀਰ ਸਿੰਘ ਇਸ ਜ਼ਮੀਨ ਵਿੱਚੋਂ ਜ਼ਬਰਦਸਤੀ ਆਪਣਾ ਹਿੱਸਾ ਵੱਖ ਕਰਵਾਉਣਾ ਚਾਹੁੰਦਾ ਸੀ। ਪੰਚਾਇਤ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਮਸਲਾ ਹੱਲ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ, ਪਰ ਲਖਬੀਰ ਸਿੰਘ ਦੀ ਹਠਧਰਮੀ ਅੱਗੇ ਸਭ ਫ਼ੇਲ੍ਹ ਹੋ ਗਈਆਂ।
ਖੇਤ ‘ਚ ਮਾਰਿਆ ਘੇਰਾ, ਤੋੜ ਦਿੱਤੇ ਦੰਦ ਤੇ ਪੱਗ ਵੀ ਲੈ ਗਏ ਨਾਲ
ਪੀੜਤ ਨੰਬਰਦਾਰ ਨੇ ਕੰਬਾਊ ਖ਼ੁਲਾਸਾ ਕਰਦਿਆਂ ਦੱਸਿਆ ਕਿ ਜਦੋਂ ਉਹ ਆਪਣੇ ਖੇਤ ਵਿੱਚ ਰੁਝੇ ਹੋਏ ਸਨ, ਤਾਂ ਅਚਾਨਕ ਲਖਬੀਰ ਸਿੰਘ, ਉਸ ਦੇ ਪੁੱਤਰ ਹਰਨੂਰ ਸਿੰਘ ਅਤੇ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਕਈ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਵਿਰੋਧ ਕਰਨ ’ਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਨਾਲ ਉਨ੍ਹਾਂ ਦੇ ਦੋ ਦੰਦ ਟੁੱਟ ਗਏ। ਹਮਲਾਵਰ ਜਾਂਦੇ ਸਮੇਂ ਉਨ੍ਹਾਂ ਦੀ ਪੱਗ ਵੀ ਨਾਲ ਚੁੱਕ ਕੇ ਲੈ ਗਏ। ਪ੍ਰਤਾਪ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਡਾਕਟਰੀ ਰਿਪੋਰਟ (MLR) ਮੌਜੂਦ ਹੈ, ਜਿਸ ਵਿੱਚ ਸੱਟਾਂ ਅਤੇ ਦੰਦ ਟੁੱਟਣ ਦੀ ਪੁਸ਼ਟੀ ਹੈ।
ਡੀ.ਜੀ.ਪੀ. ਤੋਂ ਹਾਈਕੋਰਟ ਤੱਕ ਦਰਵਾਜ਼ੇ ਖੜਾਏ , ਪਰ 4 ਮਹੀਨਿਆਂ ਤੋਂ FIR ਗ਼ਾਇਬ
ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਥਾਨਕ ਥਾਣੇ ਤੋਂ ਲੈ ਕੇ ਐੱਸ.ਪੀ., ਐੱਸ.ਐੱਸ.ਪੀ., ਪੁਲਿਸ ਕਮਿਸ਼ਨਰ ਅਤੇ ਖ਼ੁਦ ਡੀ.ਜੀ.ਪੀ. ਪੰਜਾਬ ਤੱਕ ਇਨਸਾਫ਼ ਦੀ ਗੁਹਾਰ ਲਗਾਈ ਹੈ। ਇੰਨਾ ਹੀ ਨਹੀਂ, ਮਾਮਲਾ ਹਾਈ ਕੋਰਟ ਤੱਕ ਵੀ ਪਹੁੰਚ ਚੁੱਕਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ 4 ਮਹੀਨੇ ਬੀਤਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਐੱਫ.ਆਈ.ਆਰ. (FIR) ਤੱਕ ਦਰਜ ਨਹੀਂ ਕੀਤੀ ਅਤੇ ਉਨ੍ਹਾਂ ’ਤੇ ਸਮਝੌਤਾ ਕਰਨ ਲਈ ਤਕੜਾ ਦਬਾਅ ਪਾਇਆ ਜਾ ਰਿਹਾ ਹੈ।
ਪੁਲਿਸ ਦੀ ਸਫ਼ਾਈ: “ਸਾਡੀ ਜਾਂਚ ਵਿੱਚ ਸਭ ਸ਼ੱਕੀ ਹੈ!”
ਦੂਜੇ ਪਾਸੇ, ਫਤਾਹਪੁਰ ਪੁਲਿਸ ਚੌਂਕੀ ਦੇ ਜਾਂਚ ਅਧਿਕਾਰੀ ਹਰਨੇਕ ਸਿੰਘ ਨੇ ਸਾਰੇ ਦੋਸ਼ਾਂ ਨੂੰ ਮੁੱਢੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਵਿੱਚ ਦੋਵਾਂ ਭਰਾਵਾਂ ਵਿਚਕਾਰ ਝਗੜਾ ਹੋਣ ਦੀ ਪੁਸ਼ਟੀ ਨਹੀਂ ਹੋਈ। ਪੀ.ਸੀ.ਆਰ. ਮੁਲਾਜ਼ਮਾਂ ਦੇ ਹਵਾਲੇ ਨਾਲ ਪੁਲਿਸ ਦਾ ਦਾਅਵਾ ਹੈ ਕਿ ਜਦੋਂ ਪ੍ਰਤਾਪ ਸਿੰਘ ਨੂੰ ਚੌਂਕੀ ਲਿਆਂਦਾ ਗਿਆ ਸੀ, ਤਾਂ ਉਨ੍ਹਾਂ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ਦਿਖਾਈ ਦਿੱਤਾ। ਪੁਲਿਸ ਇਸ ਮਾਮਲੇ ਨੂੰ ਪੂਰੀ ਤਰ੍ਹਾਂ ‘ਸ਼ੱਕੀ’ ਕਰਾਰ ਦੇ ਰਹੀ ਹੈ।
ਮਹਾ-ਸਵਾਲ: ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਕੀ ਉੱਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਵੇਗੀ, ਜਾਂ ਫਿਰ ਇਨਸਾਫ਼ ਲਈ ਨੰਬਰਦਾਰ ਨੂੰ ਸੜਕਾਂ ’ਤੇ ਉੱਤਰ ਕੇ ਧਰਨਾ ਲਗਾਉਣਾ ਪਵੇਗਾ?