Kejriwal’s anti-Sikh mindset behind Giaspura’s rant: Prof. Sarchand Singh Khiala ਗਿਆਸਪੁਰਾ ਦੀ ਭਕਾਈ ਪਿੱਛੇ ਕੇਜਰੀਵਾਲ ਦੀ ਸਿੱਖ ਵਿਰੋਧੀ ਮਾਨਸਿਕਤਾ : ਪ੍ਰੋ. ਸਰਚਾਂਦ ਸਿੰਘ ਖਿਆਲਾ-ਸ਼੍ਰੋਮਣੀ ਕਮੇਟੀ ਗਿਆਸਪੁਰਾ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰੇ
ਅੰਮ੍ਰਿਤਸਰ,
( ਜਸਟਿਸ ਨਿਊਜ਼ )
ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਬਿਆਨਬਾਜ਼ੀ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਸਿਆਸੀ ਵਿਵਾਦਾਂ ਵਿੱਚ ਘਸੀਟਣ ਵਾਲੀ ਉਨ੍ਹਾਂ ਦੀ ਮੌਜੂਦਾ ਪਹੁੰਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਰਾਜਨੀਤੀ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਹਿੱਸਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਕਥਿਤ ‘ਬਲਾਤਕਾਰੀਆਂ ਦਾ ਅੱਡਾ’ ਕਹਿਣ ਵਰਗੀ ਅਤਿ-ਅਪਮਾਨਜਨਕ ਸ਼ਬਦਾਵਲੀ ਸਿੱਖ ਪੰਥ ਦੀ ਸਰਵਉੱਚ ਸੰਸਥਾ ਦੀ ਮਾਣ-ਮਰਿਆਦਾ ’ਤੇ ਸਿੱਧਾ ਹਮਲਾ ਹੈ, ਜਿਸ ਨੇ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਸਿਆਸੀ ਵਿਰੋਧ ਜਾਂ ਕਿਸੇ ਵਿਅਕਤੀ ਨਾਲ ਮਤਭੇਦ ਆਪਣੀ ਥਾਂ ਹਨ, ਪਰ ਉਨ੍ਹਾਂ ਦੀ ਆੜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਅਜਿਹੀ ਭਾਸ਼ਾ ਵਰਤਣੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਬਿਆਨ ਸਬੰਧੀ ਸਬੂਤਾਂ ਦੀ ਪੜਤਾਲ ਕਰਕੇ ਗਿਆਸਪੁਰਾ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰੇ ਅਤੇ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇ।
ਪ੍ਰੋ. ਖਿਆਲਾ ਨੇ ਕਿਹਾ ਕਿ ਹੋਂਦ ਚਿੱਲੜ (ਹਰਿਆਣਾ) ਸਿੱਖ ਕਤਲੇਆਮ ਨੂੰ ਦੁਨੀਆ ਸਾਹਮਣੇ ਲਿਆਉਣ ਕਾਰਨ ਸਿੱਖ ਕੌਮ ਵਿੱਚ ਸਤਿਕਾਰ ਹਾਸਲ ਕਰਨ ਵਾਲੇ ਗਿਆਸਪੁਰਾ ਦਾ ਸਿਆਸੀ ਲਾਲਸਾਵਾਂ ਅਧੀਨ ਪੰਥਕ ਸਰੋਕਾਰਾਂ ਤੋਂ ਥਿੜਕਣਾ ਅਫ਼ਸੋਸਨਾਕ ਹੈ।
ਉਨ੍ਹਾਂ ਕਿਹਾ ਕਿ ਜਦੋਂ ਹੋਰ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਧਾਇਕਾਂ ਨੂੰ ਉਸੇ ਸਕੱਤਰੇਤ ਵਿੱਚ ਮਿਲਣ ਦਾ ਮੌਕਾ ਮਿਲਿਆ ਹੈ, ਤਾਂ ਗਿਆਸਪੁਰਾ ਵੱਲੋਂ ਮੁਲਾਕਾਤ ਨਾ ਹੋਣ ਨੂੰ ਜਾਤੀ ਵਿਤਕਰੇ ਨਾਲ ਜੋੜ ਕੇ ਪੇਸ਼ ਕਰਨਾ ਵੀ ਗੰਭੀਰ ਮਾਮਲਾ ਹੈ। ਜੇਕਰ ਗਿਆਸਪੁਰਾ ਕੋਲ ਜਾਤੀਸੂਚਕ ਟਿੱਪਣੀ ਜਾਂ ਵਿਤਕਰੇ ਦਾ ਕੋਈ ਸਬੂਤ ਹੈ ਤਾਂ ਉਹ ਸਾਹਮਣੇ ਲਿਆਵੇ, ਪਰ ਬਿਨਾਂ ਸਬੂਤ ਸਿੱਖ ਸੰਸਥਾਵਾਂ ’ਤੇ ਜਾਤੀਵਾਦ ਦੇ ਦੋਸ਼ ਮੜ੍ਹਨੇ ਉਚਿਤ ਨਹੀਂ। ਇਸ ਪੱਖ ਨੂੰ ਵੀ ਨਿਰਪੱਖ ਜਾਂਚ ਦੌਰਾਨ ਵਿਚਾਰਿਆ ਜਾਣਾ ਚਾਹੀਦਾ ਹੈ। ਜਾਤੀ ਵਿਤਕਰਾ ਇੱਕ ਗੰਭੀਰ ਸਮਾਜਿਕ ਮੁੱਦਾ ਹੈ, ਜਿਸ ਨੂੰ ਸਿਆਸੀ ਹਥਿਆਰ ਬਣਾਉਣ ਦੀ ਬਜਾਏ ਤੱਥਾਂ ਦੇ ਆਧਾਰ ’ਤੇ ਨਜਿੱਠਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਸਬੰਧੀ ਲਾਏ ਜਾਂਦੇ ਵਿਤਕਰੇ ਦੇ ਦੋਸ਼ ਵੀ ਤੱਥਾਂ ਅਤੇ ਸਬੂਤਾਂ ਨਾਲ ਸਾਬਤ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੀਆਂ ਕਮੀਆਂ ’ਤੇ ਸਵਾਲ ਉਠਾਉਣਾ ਹਰ ਕਿਸੇ ਦਾ ਹੱਕ ਹੈ, ਪਰ ਸੁਧਾਰ ਦੀ ਆੜ ਵਿੱਚ ਸੰਸਥਾਵਾਂ ਦਾ ਅਪਮਾਨ ਕਰਨਾ ਅਤੇ ਸਿੱਖ ਸੰਗਤ ਵਿੱਚ ਭਰਮ ਪੈਦਾ ਕਰਨਾ ਵਾਜਬ ਨਹੀਂ। ਗਿਆਸਪੁਰਾ ਨੂੰ ਆਪਣੇ ਪੰਥਕ ਪਿਛੋਕੜ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਬਿਆਨਬਾਜ਼ੀ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ।
ਪ੍ਰੋ. ਖਿਆਲਾ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਪਾਰਟੀ ਜਾਂ ਆਗੂ ਦੀ ਸਿਆਸੀ ਲੜਾਈ ਦਾ ਮੈਦਾਨ ਨਹੀਂ, ਸਗੋਂ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ। ਇਸ ਦੀ ਮਾਣ-ਮਰਿਆਦਾ ਨਾਲ ਜੁੜੇ ਮਾਮਲਿਆਂ ਵਿੱਚ ਨਾ ਦੋਹਰੇ ਮਾਪਦੰਡ ਹੋਣੇ ਚਾਹੀਦੇ ਹਨ ਅਤੇ ਨਾ ਹੀ ਸਿਆਸੀ ਦਬਾਅ ਅੱਗੇ ਝੁਕਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਗਿਆਸਪੁਰਾ ਦੀ ਅਪਮਾਨਜਨਕ ਬਿਆਨਬਾਜ਼ੀ ਦੇ ਮਾਮਲੇ ਵਿੱਚ ਕਾਨੂੰਨੀ ਪੱਖੋਂ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ, ਜਦਕਿ ਮਰਿਆਦਾ ਦੀ ਉਲੰਘਣਾ ਸਬੰਧੀ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਰੰਪਰਾ ਅਤੇ ਅਧਿਕਾਰ ਖੇਤਰ ਅਨੁਸਾਰ ਹੋਣਾ ਚਾਹੀਦਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਮਾਮਲੇ ਵਿੱਚ ਵੀ ਧਾਰਮਿਕ ਅਸਥਾਨ ਦੀ ਮਰਿਆਦਾ ਅਤੇ ਸਿਆਸੀ ਸਰਗਰਮੀ ਵਿਚਲਾ ਫ਼ਰਕ ਕਾਇਮ ਰੱਖਣਾ ਲਾਜ਼ਮੀ ਹੈ। ਗੁਰਦੁਆਰਾ ਸਾਹਿਬਾਨ ਨੂੰ ਸਿਆਸੀ ਪ੍ਰਦਰਸ਼ਨ ਜਾਂ ਨਾਅਰੇਬਾਜ਼ੀ ਦਾ ਮੰਚ ਬਣਾਉਣ ਦੀ ਬਜਾਏ ਮਰਿਆਦਾ ਅਤੇ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।