ਆਰਮੀ ਰਿਕਰੂਟਿੰਗ ਦਫ਼ਤਰ ਵੱਲੋਂ ਗੁਰੂ ਨਾਨਕ ਸਟੇਡੀਅਮ ’ਚ ਭਰਤੀ ਰੈਲੀ ਦੀ ਸਫਲ ਆਯੋਜਨ,- 5200 ਉਮੀਦਵਾਰਾਂ ਨੇ ਇਸ ਰੈਲੀ ’ਚ ਲਿਆ ਹਿੱਸਾ
ਲੁਧਿਆਣਾ,
( ਜਸਟਿਸ ਨਿਊਜ਼ )
ਹੈੱਡਕੁਆਰਟਰ ਰਿਕਰੂਟਿੰਗ ਜ਼ੋਨ (ਪੰਜਾਬ ਅਤੇ ਜੰਮੂ-ਕਸ਼ਮੀਰ) ਦੀ ਅਗਵਾਈ ਹੇਠ ਆਰਮੀ ਰਿਕਰੂਟਿੰਗ ਦਫ਼ਤਰ (ਏ ਆਰ ਓ), ਲੁਧਿਆਣਾ ਵੱਲੋਂ ਕਰਵਾਈ ਗਈ ਭਰਤੀ ਰੈਲੀ 10 ਅਕਤੂਬਰ 2026 ਨੂੰ ਸਫਲਤਾਪੂਰਵਕ ਸਮਾਪਤ ਹੋਈ।
ਭਾਰਤੀ ਫੌਜ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੀ ਸੇਵਾ ਕਰਨ ਦੇ ਉਦੇਸ਼ ਨਾਲ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਲਗਭਗ 5200 ਉਤਸ਼ਾਹੀ ਉਮੀਦਵਾਰਾਂ ਦੇ ਨਾਲ-ਨਾਲ ਪੂਰੇ ਪੰਜਾਬ ਰਾਜ ਅਤੇ ਜੰਮੂ ਡਿਵੀਜ਼ਨ ਦੇ ਚੋਣਵੇਂ ਵਰਗਾਂ ਦੇ ਉਮੀਦਵਾਰਾਂ ਨੇ ਇਸ ਰੈਲੀ ਵਿੱਚ ਭਾਗ ਲਿਆ।
ਭਰਤੀ ਪ੍ਰਕਿਰਿਆ ਨਿਰਧਾਰਤ ਨਿਯਮਾਂ, ਪ੍ਰਕਿਰਿਆਵਾਂ ਅਤੇ ਮਾਪਦੰਡਾਂ ਅਨੁਸਾਰ ਨੇਪਰੇ ਚਾੜ੍ਹੀ ਗਈ। ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਿਆਂ ਸਰੀਰਕ ਤੰਦਰੁਸਤੀ ਦੀ ਜਾਂਚ ਅਤੇ ਹੋਰ ਲਾਜ਼ਮੀ ਮੁਲਾਂਕਣ ਪੂਰੇ ਕੀਤੇ; ਇਸ ਦੌਰਾਨ ਪੂਰੀ ਪ੍ਰਕਿਰਿਆ ਵਿੱਚ ਨਿਰਪੱਖਤਾ, ਪਾਰਦਰਸ਼ਤਾ ਅਤੇ ਪੇਸ਼ੇਵਰਤਾ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਿਆ ਗਿਆ।
ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦਾ ਸ਼ਲਾਘਾਯੋਗ ਸੀ। ਅਗਲੇ ਪੜਾਵਾਂ ਲਈ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਨੂੰ ਨਿਰਧਾਰਤ ਅਧਿਕਾਰਤ ਸਾਧਨਾਂ ਰਾਹੀਂ ਸੂਚਿਤ ਕੀਤਾ ਜਾਵੇਗਾ।
ਭਾਰਤੀ ਫੌਜ ਵੱਲੋਂ ਉਤਸ਼ਾਹੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ, ਅਨੁਸ਼ਾਸਨ ਅਪਣਾਉਣ ਅਤੇ ਹਥਿਆਰਬੰਦ ਬਲਾਂ ਵਿੱਚ ਇੱਕ ਮਾਣਮੱਤਾ ਤੇ ਸੰਤੁਸ਼ਟੀਜਨਕ ਕਰੀਅਰ ਬਣਾਉਣ ਦਾ ਮੌਕਾ ਪ੍ਰਦਾਨ ਕਰਨਾ ਜਾਰੀ ਰੱਖਿਆ ਜਾਵੇਗਾ। ਭਰਤੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਪੱਸ਼ਟੀਕਰਨ ਲਈ, ਉਮੀਦਵਾਰ ਲੁਧਿਆਣਾ, ਫਿਰੋਜ਼ਪੁਰ, ਪਟਿਆਲਾ, ਅੰਮ੍ਰਿਤਸਰ ਅਤੇ ਜੰਮੂ ਵਿਖੇ ਸਥਿਤ ਏ ਆਰ ਓ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹਨ।