October 11, 2026

Justice News

ਅਵਾਮ ਦੀ ਆਵਾਜ਼

 
 
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਬਲਦੇਵ ਰਾਜ)-
ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਪੁਲਿਸ ’ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਰਿਆਦਾ ਭੰਗ ਕਰਨ ਦੇ ਲਾਏ ਦੋਸ਼ਾਂ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਦਿੱਲੀ ਪੁਲਿਸ ਤੋਂ ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਆਪਣੇ ਐਕਸ (X) ਅਕਾਊਂਟ ’ਤੇ ਗ਼ਲਤ ਜਾਣਕਾਰੀ ਸਾਂਝੀ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।
ਪ੍ਰੋ. ਖਿਆਲਾ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਸਪੱਸ਼ਟ ਕਰਨ ਕਿ ਕੀ ਪੁਲਿਸ ਮੁਲਾਜ਼ਮ ‘ਚਰਨ ਗੰਗਾ’ ਤੋਂ ਅੱਗੇ ਬੂਟ ਪਾ ਕੇ ਗਏ ਸੀ? ਉਨ੍ਹਾਂ ਕਿਹਾ ਕਿ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਦਿੱਲੀ ਪੁਲਿਸ ਨੂੰ ‘ਤਾਲਿਬਾਨੀ’ ਕਹਿਣਾ ਗ਼ੈਰ-ਜ਼ਿੰਮੇਵਾਰਾਨਾ ਹੈ। ਵਾਇਰਲ ਵੀਡੀਓ ਵਿੱਚ ਦਿੱਲੀ ਪੁਲਿਸ ਦੇ ਮੁਲਾਜ਼ਮ ਉਸ ਆਮ ਰਸਤੇ ਤੋਂ ਲੰਘ ਰਹੇ ਸਨ, ਜਿੱਥੋਂ ਸੰਗਤ ਜੋੜਾ ਘਰ ਵੱਲ ਜਾਂਦੀ ਹੈ।
ਉਨ੍ਹਾਂ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਵਿਅਕਤੀ ‘ਤੇ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਕਾਰਵਾਈ ਹੋ ਚੁੱਕੀ ਹੋਵੇ ਅਤੇ ਜਿਸ ਦੀ ਸਰਕਾਰ ਵੇਲੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ‘ਤੇ ਗੋਲ਼ੀਬਾਰੀ ਹੋਈ ਹੋਵੇ, ਉਹ ਦੂਜਿਆਂ ਨੂੰ ਮਰਿਆਦਾ ਦਾ ਪਾਠ ਨਾ ਪੜ੍ਹਾਏ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਪਵਿੱਤਰਤਾ ਨੂੰ ਸਿਆਸੀ ਹਥਿਆਰ ਨਹੀਂ ਬਣਾਇਆ ਜਾਣਾ ਚਾਹੀਦਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ਤਖ਼ਤੀਆਂ ਲੈ ਕੇ ਗੁਰਦੁਆਰਾ ਕੰਪਲੈਕਸ ਵਿੱਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਦਖ਼ਲ ਦਿੱਤਾ। ਪ੍ਰੋ. ਖਿਆਲਾ ਨੇ ਕਿਹਾ ਕਿ ਧਾਰਮਿਕ ਅਸਥਾਨਾਂ ਨੂੰ ਸਿਆਸੀ ਪ੍ਰਦਰਸ਼ਨਾਂ ਲਈ ਢਾਲ ਨਹੀਂ ਬਣਾਉਣਾ ਚਾਹੀਦਾ। ਜਾਂਚ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਤਾਲਿਬਾਨੀ ਕਹਿਣਾ ਅਤੇ ਭਾਜਪਾ ਨੂੰ ਸਿੱਖ-ਵਿਰੋਧੀ ਦਿਖਾਉਣਾ ਸਿਰਫ਼ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.