ਦੁਨੀਆਂ ਸਾਰੀ ਹੀ ਇਸ ਸਮੇਂ ਇੱਕ ਗੱਲ ਤੇ ਕੇਂਦਰਿਤ ਹੈ ਪੈਸਾ ਹਰ ਇੱਕ ਕਾਰਗੁਜ਼ਾਰੀ ਦਾ ਮਤਲਬ ਹੀ ਪੈਸਾ ਹੈ , ਇਥੋਂ ਤੱਕ ਕਿ ਹੁਣ ਤਾਂ ਜਾਨਵਰਾਂ ਤੇ ਪੰਛੀਆਂ ਨੂੰ ਵੀ ਪੈਸੇ ਦੀ ਅਹਿਮੀਅਤ ਸਮਝ ਆ ਗਈ ਹੈ ਕਿਉਂਕਿ ਕਈ ਵਾਰ ਦੇਖਣ ਨੂੰ ਮਿਿਲਆ ਹੈ ਕਿ ਅਖੌਤੀ ਜਯੋਤਿਸ਼ੀਆਂ ਨੇ ਇਕ ਤੋਤਾ ਪਾਲ ਰੱਖਿਆ ਹੈ ਜੋ ਕਿ ਪਿੰਜਰੇ ਵਿਚੋਂ ਬਾਹਰ ਆ ਕੇ ਇੱਕ ਕਾਰਡ ਚੁੱਕਦਾ ਹੈ ਤੇ ਜਿਸ ਨੂੰ ਪੜ੍ਹ ਕੇ ਉਹ ਪੰਡਿਤ ਜਯੋੋਤਿਸ਼ੀ ਗਾਹਕ ਦਾ ਭਵਿੱਖ ਦੱਸ ਕੇ ਉਸ ਨੂੰ ਬੇਵਕੂਫ ਬਣਾ ਲੈਂਦਾ ਹੈ। ਅਜਿਹੇ ਹੀ ਤੱਥਾਂ ਤੇ ਆਧਾਰਿਤ ਭ੍ਰਿਸ਼ਟਾਚਾਰ ਜੋ ਕਿ ਭਾਰਤ ਵਿੱਚ ਇਸ ਸਮੇਂ ਚਰਮ ਸੀਮਾ ਤੇ ਹੈ ਜਿਸ ਦੀ ਬਦੌਲਤ ਅੱਜ ਤੱਕ ਰਾਜਨੀਤਿਕ ਪਾਰਟੀਆਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਨਾਂ ਤੇ ਵੋਟਾਂ ਬਟੌਰਦੀਆਂ ਆਈਆਂ ਹਨ ਅਤੇ ਰਾਜ ਹਾਸਲ ਕਰਨ ਤੋਂ ਉਪਰੰਤ ਰੱਜ ਕੇ ਭ੍ਰਿਸ਼ਟਾਚਾਰ ਕਰਦੀਆਂ ਆਈਆਂ ਹਨ । ਹੌਲੀ-ਹੌਲੀ ਇਹ ਰੁਝਾਨ ਇੱਥੋਂ ਤੱਕ ਪਹੁੰਚ ਗਿਆ ਕਿ ਜਿੰਨੀ ਕੁ ਭ੍ਰਿਸ਼ਟਚਾਰ ਦੀ ਤਹਿਤ ਰਕਮ ਹਜ਼ਮ ਕੀਤੀ ਜਾ ਰਹੀ ਹੈ ਉਸ ਨੂੰ ਆਮ ਆਦਮੀ ਤਾਂ ਕੀ ਮਾਹਰ ਲੇਖਾਕਾਰ ਵੀ ਲਿਖ ਨਹੀਂ ਸਕਦਾ।
ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰ ਕਈ ਅਹਿਮ ਸੱਮਸਿਆ ਨਾਲ ਜੂਝਦਿਆਂ ਤੇ ਬਾਰ-ਬਾਰ ਲੌਟੂ ਟੋਲਿਆਂ ਤੇ ਇਤਬਾਰ ਕਰਨ ਤੋਂ ਅੱਕ ਕੇ ਜਿਸ ਤਰ੍ਹਾਂ ਪਜਾਬ ਦੇ ਲੋਕਾਂ ਨੇ ਪੰਜਾਬ ਵਿਚ ਤੀਜਾ ਬਦਲ ਕੀਤਾ ਉਹ ਵੀ ਸਪੱਸ਼ਟ ਬਹੁਮਤ ਦੇ ਕੇ ਤਾਂ ਜੋ ਆਪ ਸਰਕਾਰ ਉਹਨਾਂ ਨਾਲ ਕੀਤੇ ਵਾਅਦਿਆਂ ਤੇ ਖਰੀ ਉਤਰ ਸਕੇ।ਸਰਕਾਰ ਬਨਣ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਰਿਸ਼ਵਤਖੋਰੀ ਨੂੰ ਖਤਮ ਕਰਨ ਦੇ ਵਾਅਦੇ ਨਾਲ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱੱਖ ਮੰਤਰੀ ਭਗਵੰਤ ਮਾਨ ਨੇ ਬੜੀ ਦ੍ਰਿੜ੍ਹਤਾ ਨਾਲ ਆਪਣੀ ਹੀ ਸਰਕਾਰ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਰਿਸ਼ਵਤ ਲੈਣ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕਰਕੇ ਰਿਸ਼ਵਤ ਰੋਕਣ ਦੇ ਆਪਣੇ ਇਰਾਦੇ ਦਰਸਾ ਦਿੱਤੇ ਹਨ। ਸਪੱਸ਼ਟ ਹੈ ਰਿਸ਼ਵਤ ਤਾਂ ਚਲ ਰਹੀ ਸੀ। ਰਿਸ਼ਵਤਖੋਰੀ ਇਕ ਐਸਾ ਦੈਂਤ ਹੈ, ਜੋ ਨਿਰੰਤਰ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਇਹ ਇਸ ਕਦਰ ਸਮਾਜ ਵਿਚ ਫੈਲ ਚੁੱਕਾ ਹੈ ਕਿ ਭਿਆਨਕ ਬਿਮਾਰੀਆਂ ਦੇ ਇਲਾਜ ਤਾਂ ਸਾਇੰਸਦਾਨਾਂ ਨੇ ਖੋਜੇ ਹਨ, ਪਰ ਰਿਸ਼ਵਤ ਵਰਗੇ ਕੋਹੜ ਦਾ ਇਲਾਜ ਅਜੇ ਤੱਕ ਨਹੀਂ ਲੱਭਿਆ ਜਾ ਸਕਿਆ।
ਇਸ ਰਿਸ਼ਵਤ ਨੇ ਏਨੇ ਰੰਗ ਬਦਲੇ ਕਿ ਸੈਂਕੜੇ, ਹਜ਼ਾਰਾਂ ਕਿਸਮ ਦੇ ਘੁਟਾਲੇ ਅਤੇ ਹਵਾਲਾ ਦੇ ਮਾਮਲੇ ਸਾਹਮਣੇ ਆਉਂਦੇ ਰਹੇ। ਭ੍ਰਿਸ਼ਟਾਚਾਰ ਦੇ ਕਈ ਰੂਪ ਸਾਹਮਣੇ ਆਏ ਹਨ ਅਤੇ ਨਿੱਤ ਰੋਜ਼ ਕਈ ਸਰਕਾਰੀ ਏਜੰਸੀਆਂ ਇਸ ਨੂੰ ਖ਼ਤਮ ਕਰਨ ਲਈ ਸਰਕਾਰਾਂ ਨੇ ਸਥਾਪਤ ਕੀਤੀਆਂ ਹਨ, ਕਾਰਵਾਈਆਂ ਵੀ ਹੋਈਆਂ, ਪਰ ਪਰਨਾਲਾ ਉੱਥੇ ਦਾ ਉੱਥੇ ਵੀ ਰਿਹਾ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਾਅਦੇ ਨਾਲ ਲੋਕਾਂ ਨੂੰ ਕਾਫੀ ਭਰਮਾਇਆ ਹੈ ਅਤੇ ਇਹ ਵੀ ਵਾਰ-ਵਾਰ ਦਾਅਵਾ ਚੋਣਾਂ ਦੌਰਾਨ ਕੀਤਾ ਸੀ ਕਿ ਦਿੱਲੀ ਮਾਡਲ ‘ਤੇ ਅਮਲ ਕਰਦਿਆਂ ਇਥੇ ਵੀ ਰਿਸ਼ਵਤ ਖ਼ਤਮ ਕਰ ਦਿੱਤੀ ਜਾਏਗੀ। ਇਹ ਵੀ ਯਾਦ ਹੈ ਕਿ ਦਿੱਲੀ ਵਿਚ ਇਕ ਵਿਸ਼ਾਲ ਪੁਲ ਬਣਾਇਆ ਗਿਆ ਸੀ ਤੇ ਉਸ ਬਾਰੇ ਪ੍ਰਚਾਰ ਕੀਤਾ ਗਿਆ ਸੀ ਕਿ ਅਨੇਕਾਂ ਕਰੋੜ ਰੁਪਏ ਜੋ ਰਿਸ਼ਵਤਾਂ ਵਿਚ ਜਾਣੇ ਸਨ, ਉਹ ਬਚਾਅ ਲਏ ਗਏ ਹਨ। ਬਿਹਤਰ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਨਾਲ-ਨਾਲ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਲੋਕਾਂ ਨੇ ਭਾਰੀ ਬਹੁਮਤ ਨਾਲ ਆਮ ਆਦਮੀ ਨੂੰ ਮੌਕਾ ਦਿੱਤਾ ਹੈ।
ਸ੍ਰੀ ਭਗਵੰਤ ਮਾਨ ਜੋ ‘ਆਪ’ ਵਲੋਂ ਬਤੌਰ ਐਮ.ਪੀ. ਸੰਸਦ ਵਿਚ ਪੰਜਾਬ ਦੇ ਮੁੱਦੇ ਪੂਰੀ ਸਰਗਰਮੀ ਨਾਲ ਉਭਾਰਦੇ ਰਹੇ ਹਨ, ਰਾਜ ਦੇ ਮੁੱਖ ਮੰਤਰੀ ਬਣੇ ਹਨ ਅਤੇ ਉਨ੍ਹਾਂ ਨੇ ਰਿਸ਼ਵਤਖੋਰੀ ਖ਼ਤਮ ਕਰਨ ਲਈ ਇਕ ਮੋਬਾਈਲ ਨੰਬਰ 9501 200 200 ਵੀ ਜਾਰੀ ਕੀਤਾ ਹੈ। ਭਾਵੇਂ ਬਹੁਤ ਸਾਰੇ ਲੋਕਾਂ ਨੇ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਕੀਤੀਆਂ ਹੋਣਗੀਆਂ, ਪਰ ਥੋੜ੍ਹੇ ਹੀ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਇਹ ਵੀ ਸਪੱਸ਼ਟ ਨਹੀਂ ਹੋ ਰਿਹਾ ਕਿ ਕਿੰਨੇ ਕੁ ਫ਼ੀਸਦੀ ਲੋਕਾਂ ਨੇ ਸ਼ਿਕਾਇਤ ਕਰਨ ਦੀ ਜੁਰਅੱਤ ਕੀਤੀ ਹੈ। ਰੇਤਾ, ਬਜਰੀ ਦੀ ਮਾਇਨਿੰਗ ਦੇ ਘੁਟਾਲੇ ਤਿੰਨ ਮਹੀਨੇ ਪਹਿਲਾਂ ਹੋਈਆਂ ਚੋਣਾਂ ਦੇ ਵਿਸ਼ੇ ਸਨ। ਇਨ੍ਹਾਂ ਤੋਂ ਇਲਾਵਾ ਅਨੇਕਾਂ ਜ਼ਮੀਨ ਘੁਟਾਲੇ, ਨਾਜਾਇਜ਼ ਕਬਜ਼ੇ, ਨਾਜਾਇਜ਼ ਉਸਾਰੀਆਂ, ਠੇਕਿਆਂ ਦੇ ਘੁਟਾਲੇ ਆਦਿ ਮੁੱਦੇ ਹੋਰ ਵੀ ਹਨ। ਇਸ ਰਿਸ਼ਵਤਖੋਰੀ ਦੇ ਨਵੇਂ ਰੂਪਾਂ ਨੇ ਵਿਕਰੀ ਕਰ, ਆਮਦਨ ਕਰ ਚੋਰੀ ਦੇ ਅਨੇਕਾਂ ਮਾਮਲੇ ਪੈਦਾ ਕੀਤੇ ਹਨ। ਭ੍ਰਿਸ਼ਟਾਚਾਰ ਮਾਮਲਿਆਂ ‘ਚ ਹੁਣ ਤੱਕ ਸਿਰਫ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਹੀ ਸਜ਼ਾ ਦਿੱਤੀ ਗਈ ਹੈ। ਜਦ ਕਿ ਬਹੁਤ ਸਾਰੇ ਭ੍ਰਿਸ਼ਾਟਾਚਾਰ ਕਰਨ ਵਾਲੇ ਦੋਸ਼ੀ ਅਜੇ ਵੀ ਆਜ਼ਾਦ ਹਨ। ਇਨ੍ਹਾਂ ਘਪਲਿਆਂ ‘ਚ ਫਸੇ ਕਾਰੋਬਾਰੀ ਵਿਜੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਿਦੇਸ਼ਾਂ ਵਿਚ ਲੁਕਦੇ ਫਿਰਦੇ ਹਨ। ਸਾਡੀਆਂ ਸਰਕਾਰਾਂ ਇਕ ਪਾਸੇ ਤਾਂ ਇਹ ਦਾਅਵੇ ਕਰਦੀਆਂ ਫਿਰਦੀਆਂ ਹਨ ਕਿ ਉਨ੍ਹਾਂ ਸਾਰੇ ਦੇਸ਼ਾਂ ਨਾਲ ਸਾਡੇ ਚੰਗੇ ਸੰਬੰਧ ਹਨ, ਪਰ ਦੂਜੇ ਪਾਸੇ ਕੇਂਦਰ ਸਰਕਾਰ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਫੜ ਕੇ ਇਥੇ ਲਿਆਉਣ ‘ਚ ਸਫਲ ਨਹੀਂ ਹੋ ਪਾ ਰਹੀ। ਜੀ.ਐੱਸ.ਟੀ. ਅਤੇ ਵੈਟ ਚੋਰੀ ਦੇ ਮਾਮਲਿਆਂ ਨੇ ਸਰਕਾਰ ਦੀ ਜੇਬ੍ਹ ‘ਤੇ ਸਿੱਧੇ ਡਾਕੇ ਮਾਰੇ। ਸਰਕਾਰ ਇਕ ਚੋਰ ਮੋਰੀ ਬੰਦ ਕਰਦੀ ਹੈ ਤਾਂ ਟੈਕਸ ਚੋਰ ਦੋ ਹੋਰ ਚੋਰ ਮੋਰੀਆਂ ਲੱਭਣ ਵਿਚ ਕਾਮਯਾਬ ਹੋ ਜਾਂਦੇ ਹਨ। ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ, ਕੀ ‘ਆਪ’ ਸਰਕਾਰ ਸੂਬੇ ‘ਚੋਂ ਸੱਚਮੁੱਚ ਹੀ ਰਿਸ਼ਵਤਖੋਰੀ ਖ਼ਤਮ ਕਰ ਸਕੇਗੀ? ਪੰਜਾਬ ਸਰਕਾਰ ਨੇ ਪਹਿਲ ਕੀਤੀ ਹੈ ਕੁਝ ਕਰਨ ਦੀ, ਸਾਰੇ ਦੇਸ਼ ਦੀਆਂ ਨਜ਼ਰਾਂ ਉਨ੍ਹਾਂ ਵੱਲ ਹਨ। ਇਨ੍ਹਾਂ ਤਿੰਨ ਮਹੀਨਿਆਂ ਵਿਚ ਨਸ਼ਿਆਂ ਦੀ ਪਕੜ ‘ਤੇ ਇਸਤੇਮਾਲ ਨੇ ਏਨੇ ਰਿਕਾਰਡ ਤੋੜੇ ਹਨ ਕਿ ਰਿਸ਼ਵਤ ਵੱਲ ਲੋਕਾਂ ਦਾ ਧਿਆਨ ਹੀ ਨਹੀਂ ਗਿਆ। ‘ਆਪ’ ਦੀ ਸਰਕਾਰ ਆਉਣ ਨਾਲ ਸਭ ਕਾਂਗਰਸੀ, ਅਕਾਲੀ ਦਲ ਅਤੇ ਭਾਜਪਾ ਆਦਿ ਦੇ ਲੀਡਰ ਅਤੇ ਹਿਤਾਇਸ਼ੀ ਕਾਫੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਪਰ ਫਿਰ ਵੀ ਰਿਸ਼ਵਤ ਦਾ ਬਿਲੁੱਕਲ ਖਤਮ ਹੋਣਾ ਸੰਭਵ ਨਹੀਂ, ਜਦਕਿ ਖੋਜ ਕਰਨੀ ਤਾਂ ਇਸ ਗੱਲ ਤੇ ਬਣਦੀ ਹੈ ਕਿ ਉਹਨਾਂ ਲੋਕਾਂ ਦੀ ਰਿਸ਼ਵਤ ਅਜਿਹੀ ਕਿਹੜੀ ਮਜ਼ਬੂਰੀ ਹੈ ਕਿ ਜਿੰਨ੍ਹਾਂ ਦਾ ਲੱਖਾਂ-ਹਜ਼ਾਰਾਂ ਤਨਖਾਹਾਂ ਹੋਣ ਦੇ ਨਾਲ ਵੀ ਮਨ ਨਹੀਂ ਭਰਦਾ ਹੋਰ-ਹੋਰ ਦੀ ਹੋੜ ਆਖਿਰ ਕਿਉਂ ਹੈ ਤੇ ਕਿਸ ਲਈ ਹੈ ? ਅੱਜ ਆਨਲਾਈਨ ਇੰਨੇ ਕੁ ਐਪ ਆ ਗਏ ਹਨ ਜਿੰਨ੍ਹਾਂ ਵਿਚੋਂ ਖਾਤਾ-ਬੱੁਕ ਵਰਗੇ ਤਾਂ ਬੰਦੇ ਦਾ ਇੱਕ ਇੱਕ ਪੈਸੇ ਦਾ ਹਿਸਾਬ ਰੱਖਦੇ ਹਨ, ਪਰ ਸਰਕਾਰ ਕੋਈ ਅਜਿਹਾ ਐਪ ਨਹੀਂ ਬਣਾ ਸਕੀ ਕਿ ਸਰਕਾਰੀ ਮੁਲਾਜ਼ਮ ਦੀ ਤਨਖਾਹ ਬੈਂਕ ਵਿਚ ਜਾਵੇ ਤੇ ਉਸ ਦਾ ਇੱਕ ਇੱਕ ਪੈਸਾ ਉਸ ਐਪ ਰਾਹੀਂ ਖਰਚਿਆ ਜਾਵੇ ਫਿਰ ਪਤਾ ਲੱਗੇ ਕਿ ਉਸ ਨੇ ਤਨਖਾਹ ਵਿੱਚੋਂ ਹਰ ਮਹੀਨੇ ਕਿੰਨੇ ਪੈਸੇ ਬਚਾਏ ਹਨ। ਜਿਸ ਸਦਕਾ ਉਸ ਦੀਆਂ ਜਾਇਦਾਦਾਂ ਵਿਚ ਵਾਧਾ ਹੀ ਵਾਧਾ ਹੋ ਰਿਹਾ ਹੈ ਅਤੇ ਨਾਲ ਹੀ ਉਸ ਦੇ ਜੋ ਤਨਖਾਹ ਤੋਂ ਜਿਆਦਾ ਖਰਚੇ ਹੋ ਰਹੇ ਹਨ ਉਹ ਕਿੱਥੋਂ ਹੋ ਰਹੇ ਹਨ ? ਪਰ ਇਹ ਨਾ ਤਾਂ ਸਰਕਾਰ ਕਰ ਸਕਦੀ ਹੈ ਅਤੇ ਨਾ ਹੀ ਜਨਤਾ। ਕਿਉਂਕਿ ਚੋਰ ਮੋਰੀ ਇਸ ਸਮੇਂ ਸਭ ਨੂੰ ਹੈ ਅਤੇ ਕਿਸੇ ਦਾ ਵੀ ਚੋਰ ਮੋਰੀ ਤੋਂ ਬਿਨਾਂ ਸਰ ਹੀ ਨਹੀਂ ਰਿਹਾ।
ਇਸ ਸਮੇਂ ਰਾਜਨੀਤੀ ਵਿਚ ਪ੍ਰਵੇਸ਼ ਕਰ ਚੁੱਕਿਆ ਅਤੇ ਪ੍ਰਵੇਸ਼ ਕਰਨ ਵਾਲਾ ਹਰ ਵਿਅਕਤੀ ਹਰਸ਼ਦ ਮਹਿਤਾ ਤਾਂ ਬਣ ਰਿਹਾ ਹੈ ਪਰ ਕੋਈ ਵੀ ਮਾਨਯੋਗ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨਹੀਂ ਬਣ ਰਿਹਾ । ਜੋ ਘਰ ਵਿਚੋਂ ਕਿਸੇ ਦੀ ਮਦਦ ਲਈ ਨਿਕਲੇ ਚੰਦ ਰੁਪਿਆਂ ਤੇ ਵੀ ਚਿੰਤਾਵਾਨ ਸਨ ਕਿ ਉਹਨਾਂ ਦੀ ਧਰਮਪਤਨੀ ਨੇ ਇਹ ਜੋੜ ਕਿਵੇਂ ਲਏ ਉਹਨਾਂ ਨੇ ਖੋਜ ਕੀਤੀ ਕਿ ਮੇਰੀ ਤਨਖਾਹ ਮੇਰੇ ਖਰਚ ਨਾਲੋਂ ਜਿਆਦਾ ਹੈ ਤੇ ਉਹਨਾਂ ਨੇ ਆਪਣੀ ਤਨਖਾਹ ਹੀ ਘੱਟ ਕਰਨ ਦੀ ਗੁਜ਼ਾਰਿਸ਼ ਕਰ ਦਿੱਤੀ ਸੀ। ਪਰ ਇਸ ਸੋਚ ਵਾਲੇ ਦੇਸ਼ ਭਗਤ ੇ ਇਮਾਨਦਾਰਾਂ ਦੀ ਤਦਾਦ ਨੂੰ ਤਾਂ ਕੀ ਵਧਾਉਣ ਸੀ ਬਲਕਿ ਧੰਨ ਵਧਾਉਣ ਦੇ ਬਦਲੇ ਅਜਿਹੇ ਇਮਾਨਦਾਰਾਂ ਨੂੰ ਹੀ ਖਤਮ ਕਰ ਦਿੱਤਾ ਗਿਆ ਸੀ। ਹੁਣ ਦੇਖਣਾ ਹੈ ਕਿ ਕਿੰਨੀ ਜਲਦੀ ਭ੍ਰਿਸ਼ਟਾਚਾਰ ਖਤਮ ਹੁੰਦਾ ਹੈ ਜਾਂ ਫਿਰ ਇਸ ਨੂੰ ਖਤਮ ਕਰਨ ਵਾਲੇ।
-ਬਲਵੀਰ ਸਿੰਘ ਸਿੱਧੂ
Leave a Reply