ਲੁਧਿਆਣਾ:—- ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਡਾਬਾ ਇਲਾਕੇ ਵਿੱਚ
ਇੱਕ 4 ਸਾਲਾ ਮਾਸੂਮ ਬੱਚੀ ਦੇ ਨਾਲ ਬਦਫੈਲੀ ਕਰਨ ਤੋਂ ਬਾਅਦ ਉਸ ਦੇ ਕਤਲ ਦੇ ਮਾਮਲੇ
ਵਿੱਚ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਸਖਤ ਨੋਟਿਸ ਲਿਆ ਹੈ।
ਵਿਧਾਇਕ ਛੀਨਾ ਨੇ ਸਪੱਸ਼ਟ ਕੀਤਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਹੀਲੇ ਬਖ਼ਸਿਆ ਨਹੀਂ
ਜਾਵੇਗਾ। ਉਨ੍ਹਾਂ ਪੁਲਿਸ ਵਿਭਾਗ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ
ਵਿੱਚ ਸ਼ਾਮਲ ਦਰਿੰਦਿਆਂ ‘ਤੇ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਸਲਾਖਾਂ ਦੇ ਪਿੱਛੇ
ਡੱਕਿਆ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇ।
ਇਸ ਮੌਕੇ ਉਨ੍ਹਾਂ ਦੇ ਨਾਲ ਏ.ਸੀ.ਪੀ. ਸੰਦੀਪ ਵਢੇਰਾ, ਉਪ ਮੰਡਲ ਮੈਜਿਸਟ੍ਰੇਟ
ਪੂਨਮਪ੍ਰੀਤ ਕੌਰ ਅਤੇ ਪੁਲਿਸ ਪਾਰਟੀ ਵੀ ਮੌਜੂਦ ਰਹੀ। ਵਿਧਾਇਕ ਛੀਨਾ ਦੀ ਪਹਿਲਕਦਮੀ
ਤਹਿਤ ਪ੍ਰਸ਼ਾਸ਼ਨ ਵਲੋਂ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਪ੍ਰਦਾਨ
ਕੀਤੀ ਗਈ। ਵਿਧਾਇਕ ਛੀਨਾ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੰਦਿਆ ਕਿਹਾ ਕਿ ਉਹ ਇਸ
ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਚੱਟਾਨ ਦੇ ਵਾਂਗ ਖੜੇ ਹਨ।
ਵਿਧਾਇਕ ਛੀਨਾ ਵਲੋਂ ਇਸ ਘਿਨੌਣੀ ਵਾਰਦਾਤ ਦੀ ਸਖ਼ਤ ਸਬਦਾਂ ਵਿੱਚ ਨਿੰਦਿਆਂ ਕਰਦਿਆਂ
ਕਿਹਾ ਕਿ ਪਰਿਵਾਰ ਨੂੰ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਹਰ ਬਣਦੀ ਸੰਭਵ ਸਹਿਯੋਗ ਕੀਤਾ
ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ,
ਉਹ ਸਾਡੇ ਸਮਾਜ ਲਈ ਕਲੰਕ ਹਨ ਅਤੇ ਉਨ੍ਹਾਂ ਦਾ ਇੱਕੋ-ਇੱਕ ਠਿਕਾਣਾ ਜ਼ੇਲ੍ਹ ਹੈ।
ਵਿਧਾਇਕ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ
ਅਗਵਾਈ ਵਾਲੀ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ ਅਤੇ
ਅਜਿਹੇ ਅਪਰਾਧੀ ਕਿਸੇ ਵੀ ਕਿਸਮ ਦੀ ਰਹਿਮ ਦੀ ਉਮੀਦ ਨਾ ਕਰਨ. ਉਨ੍ਹਾਂ ਕਿਹਾ ਕਿ ਮਾਸੂਮ
ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਸ ਕੇਸ ਦੀ ਨਿਗਰਾਨੀ ਕਰਨਗੇ ਅਤੇ ਜ਼ਿਲ੍ਹਾ
ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਰਾਹੀਂ ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ
ਮੁਲਜ਼ਮ ਨੂੰ ਬਣਦੀ ਸਜਾ ਦੁਆਈ ਜਾਵੇਗੀ।
ਅਖੀਰ, ਪ੍ਰਸ਼ਾਸ਼ਨ ਅਤੇ ਵਿਧਾਇਕ ਛੀਨਾ ਦੇ ਭਰੋਸੇ ਤੋਂ ਬਾਅਦ ਪਰਿਵਾਰ ਵਲੋਂ ਬੱਚੀ ਦਾ
ਅੰਤਿਮ ਸਸਕਾਰ ਕਰ ਦਿੱਤਾ ਗਿਆ।
Leave a Reply