ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਲੁਧਿਆਣਾ ਵੱਲੋਂ ਵਿਆਪਕ ਚੈਕਿੰਗ ਮੁਹਿੰਮ; ਬੇਕਰੀਆਂ, ਫਾਸਟ ਫੂਡ ਆਊਟਲੈੱਟਾਂ, ਡਰਾਈ ਫਰੂਟ ਸਟੋਰਾਂ ਅਤੇ ਗੈਰ-ਕਾਨੂੰਨੀ ਤੰਬਾਕੂ ਉਤਪਾਦਾਂ ਖ਼ਿਲਾਫ਼ ਸਖ਼ਤ ਕਾਰਵਾਈ

 

ਲੁਧਿਆਣਾ,
( ਵਿਜੈ ਭਾਂਬਰੀ)–
ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ.) ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਲੁਧਿਆਣਾ ਵੱਲੋਂ ਜ਼ਿਲ੍ਹੇ ਭਰ ਵਿੱਚ ਖਾਦ ਪਦਾਰਥਾਂ ਦੀ ਗੁਣਵੱਤਾ, ਸਫ਼ਾਈ ਅਤੇ ਤੰਬਾਕੂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਚੈਕਿੰਗ ਦੌਰਾਨ ਟਿੱਬਾ ਰੋਡ ਸਥਿਤ ਦੋ ਬੇਕਰੀਆਂ ਵਿੱਚ ਸਫ਼ਾਈ ਅਤੇ ਸੈਨੀਟੇਸ਼ਨ ਸਬੰਧੀ ਗੰਭੀਰ ਕਮੀਆਂ ਪਾਈਆਂ ਗਈਆਂ। ਇਸ ਸਬੰਧੀ ਦੋਵਾਂ ਬੇਕਰੀਆਂ ਦੇ ਮਾਲਕਾਂ ਨੂੰ ਮੌਕੇ ‘ਤੇ ਹੀ ਹਾਈਜੀਨ ਚਲਾਨ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਪੇਸਟਰੀ, ਕੇਕ ਸਪਾਂਜ, ਜੈਮ ਰੋਲ ਅਤੇ ਪੇਸਟਰੀ ਦੇ ਕੁੱਲ ਚਾਰ ਸੈਂਪਲ ਇਕੱਤਰ ਕਰਕੇ ਜਾਂਚ ਲਈ ਰਾਜ ਖਾਦ ਪ੍ਰਯੋਗਸ਼ਾਲਾ ਭੇਜੇ ਗਏ ਹਨ। ਪ੍ਰਯੋਗਸ਼ਾਲਾ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਿਯਮਾਂ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸੇ ਮੁਹਿੰਮ ਦੌਰਾਨ ਸੁੰਦਰ ਨਗਰ, ਲੁਧਿਆਣਾ ਸਥਿਤ ਡੋਮਿਨੋਜ਼ ਆਊਟਲੈੱਟ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਫ਼ਾਈ ਸਬੰਧੀ ਕਮੀਆਂ ਪਾਏ ਜਾਣ ‘ਤੇ ਮੌਕੇ ‘ਤੇ ਹੀ ਹਾਈਜੀਨ ਚਲਾਨ ਜਾਰੀ ਕੀਤਾ ਗਿਆ ਅਤੇ ਪ੍ਰਬੰਧਕ ਨੂੰ ਤੁਰੰਤ ਲੋੜੀਂਦੇ ਸੁਧਾਰ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।
ਸਿਵਲ ਲਾਈਨਜ਼, ਲੁਧਿਆਣਾ ਸਥਿਤ ਇੱਕ ਡਰਾਈ ਫਰੂਟ ਸਟੋਰ ਤੋਂ ਬਦਾਮ, ਅਖਰੋਟ ਅਤੇ ਗਾਂ ਦੇ ਘਿਉ ਦੇ ਸੈਂਪਲ ਜਾਂਚ ਲਈ ਲਏ ਗਏ। ਇਸ ਦੌਰਾਨ ਕੀੜੇ ਲੱਗੇ ਕਿਸ਼ਮਿਸ ਅਤੇ ਮੱਖੀਆਂ ਨਾਲ ਦੂਸ਼ਿਤ ਮਿਸ਼ਰੀ ਮਨੁੱਖੀ ਖਪਤ ਲਈ ਅਣਉਚਿਤ ਪਾਈ ਗਈ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।
ਇਸ ਤੋਂ ਇਲਾਵਾ ਇੱਕ ਡਿਸਟ੍ਰੀਬਿਊਟਰ ਨੂੰ Hell Energy Drink, Monster Energy Drink, Amul Sugar Free Ice Cream ਅਤੇ Kinder Joy ਦੇ ਲੇਬਲਾਂ ‘ਤੇ ਕਥਿਤ ਗੁੰਮਰਾਹਕੁੰਨ ਜਾਣਕਾਰੀ ਸਬੰਧੀ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਨੋਟਿਸ ਜਾਰੀ ਕਰਦਿਆਂ ਉਕਤ ਉਤਪਾਦਾਂ ਦੀ ਵਿਕਰੀ ਤੁਰੰਤ ਬੰਦ ਕਰਨ ਅਤੇ ਰੀਕਾਲ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਨਿਰਦੇਸ਼ ਦਿੱਤੇ ਗਏ।
ਫੂਡ ਸੇਫਟੀ ਆਨ ਵੀਲਜ਼ ਵੈਨ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਭਰ ਦੇ ਫਾਸਟ ਫੂਡ ਆਊਟਲੈੱਟਾਂ, ਸਟਰੀਟ ਫੂਡ ਵਿਕਰੇਤਾਵਾਂ, ਮਿਠਾਈਆਂ ਦੀਆਂ ਦੁਕਾਨਾਂ ਅਤੇ ਡੇਅਰੀਆਂ ਦੀ ਨਿਯਮਿਤ ਜਾਂਚ ਕੀਤੀ ਗਈ। ਇਸ ਦੌਰਾਨ ਮੌਕੇ ‘ਤੇ ਹੀ ਖਾਦ ਪਦਾਰਥਾਂ ਦੀ ਜਾਂਚ ਕੀਤੀ ਗਈ, ਫੂਡ ਬਿਜ਼ਨਸ ਆਪਰੇਟਰਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰੇ ਭੋਜਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਗੈਰ-ਸਫ਼ਾਈ ਵਾਲੀਆਂ ਹਾਲਤਾਂ ਵਿੱਚ ਤਿਆਰ ਕੀਤੇ ਖਾਦ ਪਦਾਰਥ ਨਸ਼ਟ ਕਰਵਾਏ ਗਏ।ਟੀਮ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੁੱਲ੍ਹੇ ਵਿੱਚ ਵੇਚੇ ਜਾ ਰਹੇ ਕੱਟੇ ਹੋਏ ਫਲਾਂ ਦੀ ਖਰੀਦ ਤੋਂ ਗੁਰੇਜ਼ ਕਰਨ, ਖ਼ਾਸ ਕਰਕੇ ਬਰਸਾਤ ਦੇ ਮੌਸਮ ਵਿੱਚ, ਕਿਉਂਕਿ ਅਜਿਹੇ ਖਾਦ ਪਦਾਰਥਾਂ ਦੇ ਦੂਸ਼ਿਤ ਹੋਣ ਦਾ ਖਤਰਾ ਵੱਧ ਹੁੰਦਾ ਹੈ।ਫੂਡ ਬਿਜ਼ਨਸ ਆਪਰੇਟਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਜਾਰੀ ਹਾਈਜੀਨ ਅਤੇ ਸੈਨੀਟੇਸ਼ਨ ਗਾਈਡਲਾਈਨਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ, ਪੈਸਟ ਕੰਟਰੋਲ, ਨਿੱਜੀ ਸਫ਼ਾਈ, ਸੁਰੱਖਿਅਤ ਸਟੋਰੇਜ ਅਤੇ ਵੈਧ FSSAI ਲਾਇਸੈਂਸ ਪ੍ਰਮੁੱਖ ਸਥਾਨ ‘ਤੇ ਪ੍ਰਦਰਸ਼ਿਤ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।
ਇਸੇ ਮੁਹਿੰਮ ਤਹਿਤ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਲੁਧਿਆਣਾ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸ਼ਹਿਰ ਦੇ ਸਿਗਰਟ ਵਿਕਰੇਤਾਵਾਂ ਅਤੇ ਉਨ੍ਹਾਂ ਦੇ ਗੋਦਾਮਾਂ ਵਿੱਚ ਛਾਪੇਮਾਰੀ ਕੀਤੀ। ਇਸ ਕਾਰਵਾਈ ਦਾ ਉਦੇਸ਼ ਲਾਜ਼ਮੀ ਪਿਕਟੋਰੀਅਲ ਸਿਹਤ ਚੇਤਾਵਨੀ ਤੋਂ ਬਿਨਾਂ ਆਯਾਤ ਕੀਤੀਆਂ ਸਿਗਰਟਾਂ ਦੀ ਵਿਕਰੀ ਅਤੇ ਭੰਡਾਰਨ ਨੂੰ ਰੋਕਣਾ ਸੀ। ਜਾਂਚ ਦੌਰਾਨ ਵੱਖ-ਵੱਖ ਬ੍ਰਾਂਡਾਂ ਦੀਆਂ ਸਿਗਰਟਾਂ ਅਤੇ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਟੀਮ ਨੇ ਦੱਸਿਆ ਕਿ COTPA, 2003 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਅਨੁਸਾਰ ਪਿਕਟੋਰੀਅਲ ਸਿਹਤ ਚੇਤਾਵਨੀ ਤੋਂ ਬਿਨਾਂ ਤੰਬਾਕੂ ਉਤਪਾਦਾਂ ਦੀ ਵਿਕਰੀ ਕਾਨੂੰਨ ਦੀ ਉਲੰਘਣਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਉਪਲਬਧ ਕਰਵਾਉਣਾ ਸਿਹਤ ਵਿਭਾਗ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਖਾਦ ਸੁਰੱਖਿਆ ਅਤੇ ਤੰਬਾਕੂ ਨਿਯੰਤਰਣ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗ ਅਤੇ ਇਨਫੋਰਸਮੈਂਟ ਮੁਹਿੰਮਾਂ ਨਿਰੰਤਰ ਜਾਰੀ ਰਹਿਣਗੀਆਂ। ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ COTPA, 2003 ਦੇ ਸਾਰੇ ਪ੍ਰਾਵਧਾਨਾਂ ਦੀ ਪਾਲਣਾ ਯਕੀਨੀ ਬਣਾਉਣ, ਨਹੀਂ ਤਾਂ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.


*


cloudflare.com Cloudflare Additional troubleshooting information here. Cloudflare