ਲੁਧਿਆਣਾ,
( ਜਸਟਿਸ ਨਿਊਜ਼ )
ਲੁਧਿਆਣਾ ਹੀ ਨਹੀਂ, ਸਾਰੇ ਪੰਜਾਬ ਵਿੱਚ ਸੜਕਾਂ ‘ਤੇ ਸੜ ਰਹੇ ਬਦਬੂਦਾਰ ਕੂੜੇ ਦੇ ਢੇਰ ਕੇਵਲ ਨਗਰ ਨਿਗਮਾਂ ਦੀ ਲਾਪਰਵਾਹੀ ਦਾ ਪ੍ਰਤੀਕ ਨਹੀਂ, ਸਗੋਂ ਸਰਕਾਰ ਦੀ ਗੰਭੀਰ ਬੇਪਰਵਾਹੀ ਦਾ ਸਬੂਤ ਹਨ, ਜੋ ਲੋਕਾਂ ਦੀ ਜ਼ਿੰਦਗੀ ਨੂੰ ਅਨੇਕਾਂ ਛੂਤ ਦੀਆਂ ਬਿਮਾਰੀਆਂ ਅਤੇ ਭਾਰੀ ਟ੍ਰੈਫਿਕ ਜਾਮ ਦੇ ਖ਼ਤਰੇ ਵੱਲ ਧੱਕ ਰਹੇ ਹਨ।
“ਸਰਕਾਰਾਂ ਅਤੇ ਸਮੁੱਚੇ ਸਮਾਜ ਨੂੰ ਇਹ ਸਮਝਣਾ ਹੋਵੇਗਾ ਕਿ ਸਦੀਆਂ ਤੋਂ ਸਫਾਈ ਦਾ ਕੰਮ ਮੁੱਖ ਤੌਰ ‘ਤੇ ਸਮਾਜ ਦੇ ਇਤਿਹਾਸਕ ਤੌਰ ‘ਤੇ ਵੰਚਿਤ ਵਰਗਾਂ ਨੇ ਕੀਤਾ ਹੈ। ਇਨ੍ਹਾਂ ਕਰਮਚਾਰੀਆਂ ਨੇ ਹਮੇਸ਼ਾ ਲੋਕਾਂ ਦੀ ਸਿਹਤ ਦੀ ਰੱਖਿਆ ਕੀਤੀ, ਪਰ ਸਮਾਜ ਨੇ ਉਨ੍ਹਾਂ ਨੂੰ ਨਾ ਬਣਦਾ ਸਨਮਾਨ ਦਿੱਤਾ, ਨਾ ਇੱਜ਼ਤਦਾਰ ਤਨਖ਼ਾਹ, ਨਾ ਨੌਕਰੀ ਦੀ ਸੁਰੱਖਿਆ ਅਤੇ ਨਾ ਹੀ ਸਮਾਜਿਕ ਮਾਣ। ਹਰ ਸਵੇਰ ਘਰਾਂ ਦੇ ਬਾਹਰ ਗੂੰਜਦੀ ਉਨ੍ਹਾਂ ਦੀ ਨਿਮਰ ਆਵਾਜ਼ “ਕੂੜਾ ਜੀ” ਸਾਨੂੰ ਯਾਦ ਦਿਵਾਉਂਦੀ ਹੈ ਕਿ ਉਹ ਸਮਾਜ ਦੀਆਂ ਸਭ ਤੋਂ ਅਹਿਮ ਜਨ-ਸੇਵਾਵਾਂ ਵਿੱਚੋਂ ਇੱਕ ਨਿਭਾ ਰਹੇ ਹਨ। ਫਿਰ ਵੀ ਸਰਕਾਰਾਂ ਉਨ੍ਹਾਂ ਦੇ ਸਮਾਜਿਕ ਅਤੇ ਆਰਥਿਕ ਸੰਕਟ ਨੂੰ ਸਮਝਣ ਵਿੱਚ ਨਾਕਾਮ ਰਹੀਆਂ ਹਨ “।
“ਬਰਨਾਲਾ ਵਿੱਚ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਧਰਨੇ ‘ਤੇ ਬੈਠੇ ਸਫਾਈ ਕਰਮਚਾਰੀਆਂ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ, ‘ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਅਤੇ ਉਸ ਤੋਂ ਬਾਅਦ ਜਾਂਚ ਉਪਰੰਤ ਸੰਬੰਧਿਤ ਡੀਐਸਪੀ ਦੀ ਮੁਅੱਤਲੀ ਨੇ ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਅਤੇ ਸੰਵੇਦਨਸ਼ੀਲ ਨਾਗਰਿਕਾਂ ਦੀ ਅੰਤਰਆਤਮਾ ਨੂੰ ਝੰਝੋੜ ਦਿੱਤਾ ਹੈ।ਸਥਾਨਕ ਸਰਕਾਰਾਂ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ। ਨਿਰੰਤਰ ਸਫਾਈ ਪ੍ਰਬੰਧ ਯਕੀਨੀ ਬਣਾਉਣਾ, ਕਰਮਚਾਰੀਆਂ ਨਾਲ ਸਮੇਂ ਸਿਰ ਗੰਭੀਰ ਗੱਲਬਾਤ ਕਰਨੀ ਅਤੇ ਲੋਕਾਂ ਦੀ ਸਿਹਤ ਦੀ ਰੱਖਿਆ ਕਰਨੀ ਇਸ ਵਿਭਾਗ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜੇਕਰ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਮਾਨਸੂਨ ਦੇ ਮੌਸਮ ਵਿੱਚ ਕੂੜੇ ਦੇ ਢੇਰਾਂ ਹੇਠ ਦੱਬ ਰਹੀ ਹੈ ਤਾਂ ਇਹ ਪ੍ਰਸ਼ਾਸਨਿਕ ਦੂਰਅੰਦੇਸ਼ੀ ਦੀ ਘਾਟ ਅਤੇ ਮੰਤਰੀ ਪੱਧਰ ਦੀ ਜਵਾਬਦੇਹੀ ਦੀ ਗੰਭੀਰ ਨਾਕਾਮੀ ਹੈ”।
“ਮੈਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਨਿੱਜੀ ਦਖ਼ਲ ਦੇ ਕੇ ਸਫਾਈ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਨਿਯਮਿਤੀਕਰਨ, ਇੱਜ਼ਤਦਾਰ ਤਨਖ਼ਾਹ ਅਤੇ ਹੋਰ ਜਾਇਜ਼ ਮੰਗਾਂ ਦਾ ਤੁਰੰਤ ਹੱਲ ਯਕੀਨੀ ਬਣਾਉਣ ਅਤੇ ਲੁਧਿਆਣਾ ਵਿੱਚ ਸਫਾਈ ਪ੍ਰਬੰਧ ਬਿਨਾਂ ਕਿਸੇ ਦੇਰੀ ਦੇ ਬਹਾਲ ਕਰਨ। ਨਾਲ ਹੀ ਸਥਾਨਕ ਸਰਕਾਰਾਂ ਮੰਤਰੀ ਖੁਦ ਲੁਧਿਆਣਾ ਦਾ ਦੌਰਾ ਕਰਕੇ ਮੌਕੇ ‘ਤੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਲੋਕਾਂ ਨੂੰ ਦੱਸਣ ਕਿ ਇਸ ਗੰਭੀਰ ਸੰਕਟ ਲਈ ਜਵਾਬਦੇਹ ਕੌਣ ਹੈ”।
“ਇਹ ਹੁਣ ਕੇਵਲ ਸਫਾਈ ਦਾ ਮਸਲਾ ਨਹੀਂ ਰਿਹਾ, ਸਗੋਂ ਲੋਕ ਸਿਹਤ ਦਾ ਗੰਭੀਰ ਐਮਰਜੈਂਸੀ ਸੰਕਟ ਬਣ ਚੁੱਕਾ ਹੈ। ਮਾਨਸੂਨ ਦੌਰਾਨ ਸੜਦਾ ਕੂੜਾ ਮੱਛਰਾਂ, ਮੱਖੀਆਂ ਅਤੇ ਚੂਹਿਆਂ ਦੀ ਪੈਦਾਵਾਰ ਦਾ ਕੇਂਦਰ ਬਣ ਜਾਂਦਾ ਹੈ, ਜਿਸ ਨਾਲ ਡੇਂਗੂ, ਮਲੇਰੀਆ, ਚਿਕਨਗੁਨਿਆ, ਲੈਪਟੋਸਪਾਇਰੋਸਿਸ, ਹੈਜ਼ਾ, ਟਾਈਫਾਇਡ, ਹੈਪਾਟਾਈਟਿਸ ਅਤੇ ਤੇਜ਼ ਦਸਤ ਵਰਗੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਹਰ ਬੀਤਦਾ ਦਿਨ ਬੱਚਿਆਂ, ਬਜ਼ੁਰਗਾਂ ਅਤੇ ਗਰੀਬ ਪਰਿਵਾਰਾਂ ਦੀ ਜ਼ਿੰਦਗੀ ਨੂੰ ਹੋਰ ਵੱਡੇ ਖ਼ਤਰੇ ਵਿੱਚ ਧੱਕ ਰਿਹਾ ਹੈ। ਸਰਕਾਰਾਂ ਦਾ ਫ਼ਰਜ਼ ਸਿਰਫ਼ ਕੂੜਾ ਚੁੱਕਣਾ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਅਤੇ ਸਿਹਤ ਦੀ ਰੱਖਿਆ ਕਰਨਾ ਹੈ”।
Leave a Reply