ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ: ਸੂਬੇ ਵਿੱਚ ਅੰਤਰਰਾਸ਼ਟਰੀ ਮਾਨਕਾਂ ਅਨੁਸਾਰ ਵਿਕਸਿਤ ਕੀਤੇ ਜਾਣਗੇ 150 ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ – ਮੁੱਖ ਮੰਤਰੀ ਨਾਇਬ ਸਿੰਘ ਸੈਣੀ\
ਚੰਡੀਗੜ੍ਹ,
( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਸੁਧਾਰਨ ਅਤੇ ਬਿਹਤਰ ਇਨਫਰਾਸਟਰਕਚਰ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਲੜੀ ਤਹਿਤ ਰਾਜ ਵਿੱਚ 150 ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਵਿਕਸਿਤ ਕੀਤੀਆਂ ਜਾਣਗੀਆਂ, ਜੋ ਪੂਰੀ ਤਰ੍ਹਾਂ ਨਾਲ ਅੰਤਰਰਾਸ਼ਟਰੀ ਮਾਨਕਾਂ ਅਨੁਕੂਲ ਹੋਣਗੀਆਂ। ਇਨ੍ਹਾਂ ਸਕੂਲਾਂ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਦੇਸ਼ ਦੇ ਮੋਹਰੀ ਰਾਜਾਂ ਅਤੇ ਪ੍ਰਤਿਸ਼ਠਿਤ ਸੰਸਥਾਵਾਂ ਦੇ ਸਰਵਸ਼੍ਰੇਠ ਮਾਡਲਾਂ ਅਤੇ ਮਾਹਰਾਂ ਦੇ ਮਾਰਗਦਰਸ਼ਨ ਦਾ ਸਹਿਯੋਗ ਲਿਆ ਜਾਵੇਗਾ।
ਮੁੱਖ ਮੰਤਰੀ ਸ਼ੁੱਕਰਵਾਰ ਦੇਰ ਸ਼ਾਮ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਨਿਵਾਸ ‘ਸੰਤ ਕਬੀਰ ਕੁਟੀਰ‘ ਵਿੱਚ ਸਕੂਲ ਸਿੱਖਿਆ ਵਿਭਾਗ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
719 ਉੱਤਮ ਸਕੂਲਾਂ ਦੇ ਸਮੁੱਚੇ ਵਿਕਾਸ ‘ਤੇ ਮੰਥਨ
ਮੀਟਿੰਗ ਦੌਰਾਨ ਰਾਜ ਵਿੱਚ ਗੁਣਵੱਤਾ ਭਰਪੂਰ ਅਤੇ ਆਧੁਨਿਕ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਗਤੀਵਿਧੀਆਂ ਦੀ ਵਿਸਥਾਰ ਸਮੀਖਿਆ ਕੀਤੀ ਗਈ। ਖ਼ਾਸ ਤੌਰ ‘ਤੇ ਸੂਬੇ ਦੇ 719 ਉੱਤਮ ਸਕੂਲਾਂ—ਜਿਨ੍ਹਾਂ ਵਿੱਚ ਸੰਸਕ੍ਰਿਤੀ ਮਾਡਲ ਸਕੂਲ, ਮੁੱਖ ਮੰਤਰੀ ਅਰਲੀ ਇੰਗਲਿਸ਼ ਐਂਡ ਐक्सीਲੈਂਸ ਸਕੂਲ ਅਤੇ ਪੀਐੱਮ ਸ਼੍ਰੀ ਸਕੂਲ ਸ਼ਾਮਿਲ ਹਨ—ਦੇ ਸਮੁੱਚੇ ਵਿਕਾਸ ਅਤੇ ਮਜ਼ਬੂਤੀਕਰਨ ‘ਤੇ ਵਿਸਥਾਰ ਨਾਲ ਚਰਚਾ ਹੋਈ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਸਾਰੇ ਸਕੂਲਾਂ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਪ੍ਰਾਥਮਿਕਤਾ ਦੇ ਆਧਾਰ ‘ਤੇ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਵੀਆਂ ਇਮਾਰਤਾਂ ਦਾ ਨਿਰਮਾਣ, ਵਾਧੂ ਕਲਾਸਾਂ, ਵੱਖਰੇ ਪਖਾਨੇ, ਮਜ਼ਬੂਤ ਚਾਰਦੀਵਾਰੀ, ਖੇਡਾਂ ਦੇ ਮੈਦਾਨ, ਵਿਗਿਆਨ ਅਤੇ ਕੰਪਿਊਟਰ ਪ੍ਰਯੋਗਸ਼ਾਲਾਵਾਂ, ਡਿਜੀਟਲ ਲੈਬ, ਸਮਾਰਟ ਕਲਾਸਾਂ, ਲਾਇਬ੍ਰੇਰੀਆਂ, ਨਵਾਂ ਫਰਨੀਚਰ, ਟੈਬਲੈੱਟ ਅਤੇ ਹੋਰ ਆਧੁਨਿਕ ਸਿੱਖਿਆ ਸਰੋਤ ਸਮੇਂ ਸਿਰ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਵਿਕਾਸ ਕਾਰਜਾਂ ਲਈ ਬਜਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਨਿਰਮਾਣ ਕਾਰਜ ਜਲਦੀ ਪੂਰੇ ਕੀਤੇ ਜਾਣ।
ਆਧੁਨਿਕ ਤਕਨੀਕ ਅਤੇ ਏਆਈ ਅਧਾਰਿਤ ਹੋਵੇਗੀ ਸਿੱਖਿਆ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦਾ ਕਾਇਆਂ-ਕਲਪ ਕਰਦੇ ਹੋਏ ਉਨ੍ਹਾਂ ਵਿੱਚ ਉੱਚ ਗੁਣਵੱਤਾ ਦਾ ਫਰਨੀਚਰ, ਡਿਜੀਟਲ ਅਤੇ ਸਮਾਰਟ ਕਲਾਸਰੂਮ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਿਤ ਸਿੱਖਿਆ ਸਹੂਲਤਾਂ, ਕਿੱਤਾਮੁਖੀ ਸਿੱਖਿਆ, ਅਤਿ-ਆਧੁਨਿਕ ਵਿਗਿਆਨ-ਕੰਪਿਊਟਰ ਪ੍ਰਯੋਗਸ਼ਾਲਾਵਾਂ ਅਤੇ ਡਿਜੀਟਲ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਮਾਹੌਲ ਉਪਲਬਧ ਕਰਵਾਉਣਾ ਹੈ, ਤਾਂ ਜੋ ਇਹ ਸਕੂਲ ਗੁਣਵੱਤਾ ਭਰਪੂਰ ਸਿੱਖਿਆ ਦੇ ਉੱਤਮ ਕੇਂਦਰ ਬਣਨ। ਇਹ 150 ਨਵੇਂ ਅਤੇ 719 ਉੱਤਮ ਸਕੂਲ ਰਾਜ ਦੇ ਹੋਰ ਸਾਰੇ ਸਕੂਲਾਂ ਲਈ ਪ੍ਰੇਰਣਾ ਸਰੋਤ ਅਤੇ ਰੋਲ ਮਾਡਲ ਵਜੋਂ ਸਥਾਪਿਤ ਹੋਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਅਭਿਲਾਸ਼ੀ ਯੋਜਨਾ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਕੇ ਹਰਿਆਣਾ ਨੂੰ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਰਾਜ ਬਣਾਉਣ ਦੀ ਅਪੀਲ ਕੀਤੀ।
ਅਧਿਆਪਕਾਂ ਦੀ ਹੌਸਲਾਅਫਜ਼ਾਈ ਅਤੇ ਸਫ਼ਾਈ ‘ਤੇ ਵਿਸ਼ੇਸ਼ ਜ਼ੋਰ
ਮੀਟਿੰਗ ਦੌਰਾਨ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਵੀ ਅਧਿਕਾਰੀਆਂ ਨੂੰ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਬਿਹਤਰ ਬਣਾਉਣ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪ੍ਰੋਤਸਾਹਿਤ ਅਤੇ ਸਨਮਾਨਿਤ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਫ਼ਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ ਅਤੇ ਸਾਫ਼-ਸਫ਼ਾਈ ਦੇ ਪੱਧਰ ਨੂੰ ਹੋਰ ਵੱਧ ਬਿਹਤਰ ਬਣਾਉਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਆਉਣ ਵਾਲੀਆਂ ਕਾਰਜ ਯੋਜਨਾਵਾਂ ਦੀ ਪ੍ਰਗਤੀ ਰਿਪੋਰਟ ਸੌਂਪੀ।
ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਹਰਿਆਣਾ ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੇ ਸਿੰਘ ਦਹੀਆ, ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਸ੍ਰੀ ਯਸ਼ਪਾਲ ਯਾਦਵ, ਸੈਕੰਡਰੀ ਸਿੱਖਿਆ ਦੇ ਡਾਇਕਟਰ ਜਨਰਲ ਸ੍ਰੀ ਜਤਿੰਦਰ ਦਹੀਆ, ਡਾਇਰੈਕਟਰ ਸ਼੍ਰੀਮਤੀ ਮਨਿਤਾ ਮਲਿਕ, ਸਿੱਖਿਆ ਪ੍ਰੋਜੈਕਟ ਕੌਂਸਲ ਦੇ ਡਾਇਰੈਕਟਰ ਸ੍ਰੀ ਸਵਪਨਿਲ ਰਵਿੰਦਰ ਪਾਟਿਲ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਰਾਜਪਾਲ ਨੇ ਪਟਿਆਲਾ ਸਥਿਤ ਰਾਜੀਵ ਗਾਂਧੀ ਰਾਸ਼ਟਰੀ ਲਾਅ ਯੂਨੀਵਰਸਿਟੀ ਵਿੱਚ ਆਯੋਜਿਤ “ਨਸ਼ੇ ਦੇ ਖਿਲਾਫ ਜੰਗ” ਵਿਸ਼ੇ ‘ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਕੀਤਾ ਸੰਬੋਧਿਤ
ਚੰਡੀਗੜ੍ਹ
,( ਜਸਟਿਸ ਨਿਊਜ਼ )
– ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਪ੍ਰਣ ਲੈਣ ਅਤੇ ਸਮਾਜ ਵਿੱਚੋਂ ਇਸ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਲਈ ਸਮੂਹਿਕ ਯਤਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਹਰ ਨੌਜਵਾਨ ਯੁੱਧ ਨਸ਼ੇ ਵਿਰੁੱਧ ਮੁਹਿੰਮ ਨਾਲ ਜੁੜਨ ਲਈ ਦਸ ਹੋਰ ਲੋਕਾਂ ਨੂੰ ਪ੍ਰੇਰਿਤ ਕਰੇ ਤਾਂ ਇਹ ਸੰਕਲਪ ਇੱਕ ਸ਼ਕਤੀਸ਼ਾਲੀ ਜਨ-ਅੰਦੋਲਨ ਵਜੋ ਲੈ ਸਕਦਾ ਹੈ।
ਰਾਜਪਾਲ ਅੱਜ ਪੰਜਾਬ ਦੇ ਪਟਿਆਲਾ ਸਥਿਤ ਰਾਜੀਵ ਗਾਂਧੀ ਰਾਸ਼ਟਰੀ ਲਾਅ ਯੂਨੀਵਰਸਿਟੀ ਵਿੱਚ ਆਯੋਜਿਤ “ਨਸ਼ੇ ਦੇ ਖਿਲਾਫ ਜੰਗ” ਵਿਸ਼ੇ ‘ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਹਰਿਆਣਾ ਦੀ ਪਹਿਲੀ ਮਹਿਲਾ ਸ਼੍ਰੀਮਤੀ ਮਿਤਰਾ ਘੋਸ਼ ਵੀ ਮੌਜੂਦ ਸਨ।
ਸੰਮੇਲਨ ਨੂੰ ਨੌਜਵਾਨਾਂ ਲਈ ਆਸ ਅਤੇ ਨਿਰਾਸ਼ਾ ਦੇ ਵਿਚਕਾਰ ਸਹੀ ਰਸਤਾ ਚੁਣਨ ਦਾ ਸੁਨੇਹਾ ਦੱਸਦਿਆਂ ਪ੍ਰੋ. ਘੋਸ਼ ਨੇ ਕਿਹਾ ਕਿ ਇੱਕ ਰਸਤਾ ਸਿਹਤ, ਸਿੱਖਿਆ, ਖੇਡਾਂ ਅਤੇ ਸਫਲਤਾ ਵੱਲ ਲੈ ਜਾਂਦਾ ਹੈ, ਜਦਕਿ ਦੂਜਾ ਰਸਤਾ ਨਸ਼ੇ ਦੀ ਲਤ, ਉੱਜੜ ਰਹੇ ਪਰਿਵਾਰਾਂ ਅਤੇ ਟੁੱਟਦੇ ਸੁਪਨਿਆਂ ਵੱਲ। ਉਨ੍ਹਾਂ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦਾ ਨੌਜਵਾਨ ਜੀਵਨ, ਉਦੇਸ਼ ਅਤੇ ਤਰੱਕੀ ਦਾ ਮਾਰਗ ਅਪਣਾਏਗਾ ਅਤੇ ਨਸ਼ਾਮੁਕਤ ਸਮਾਜ ਦੀ ਸਿਰਜਣਾ ਦਾ ਮੋਹਰੀ ਬਣੇਗਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਜਨ-ਜਾਗਰੂਕਤਾ ਦੀ ਇੱਕ ਵਿਆਪਕ ਮੁਹਿੰਮ ਦੀ ਸ਼ੁਰੂਆਤ ਹੈ, ਜਿਸ ਦਾ ਸੁਨੇਹਾ ਪੰਜਾਬ ਤੋਂ ਕਿਤੇ ਅੱਗੇ ਤੱਕ ਜਾਵੇਗਾ।
ਰਾਜਪਾਲ ਨੇ ਨੌਜਵਾਨਾਂ ਨੂੰ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਜਦੋਂ ਨੌਜਵਾਨ ਵੱਡੇ ਸੁਪਨੇ ਦੇਖਦੇ ਹਨ, ਸਖ਼ਤ ਮਿਹਨਤ ਕਰਦੇ ਹਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਦੇ ਹਨ, ਤਾਂ ਦੇਸ਼ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨੌਜਵਾਨਾਂ ਦੀ ਊਰਜਾ ਅਤੇ ਸੁਪਨਿਆਂ ‘ਤੇ ਸਿੱਧਾ ਵਾਰ ਕਰਕੇ ਕਮਜ਼ੋਰ ਬਣਾਉਂਦੀ ਹੈ, ਪਰਿਵਾਰਾਂ ਨੂੰ ਤੋੜਦੀ ਹੈ ਅਤੇ ਸਮਾਜ ਦੀ ਬੁਨਿਆਦ ਨੂੰ ਖੋਖਲਾ ਕਰਦੀ ਹੈ। ਇਸ ਲਈ ਨਸ਼ੇ ਦੇ ਖਿਲਾਫ ਲੜਾਈ ਸਿਰਫ਼ ਕਾਨੂੰਨ-ਵਿਵਸਥਾ ਬਣਾਈ ਰੱਖਣ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪਰਿਵਾਰਾਂ, ਸਿੱਖਿਆ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।
ਨੌਜਵਾਨਾਂ ਨੂੰ ਪੜ੍ਹਾਈ ਦੇ ਦਬਾਅ, ਬੇਰੁਜ਼ਗਾਰੀ ਅਤੇ ਇਕੱਲੇਪਣ ਵਰਗੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰਨ ਦੀ ਅਪੀਲ ਕਰਦਿਆ ਪ੍ਰੋ. ਘੋਸ਼ ਨੇ ਕਿਹਾ ਕਿ ਨਸ਼ਾ ਕਦੇ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਦ੍ਰਿੜ ਇਰਾਦੇ, ਗੱਲਬਾਤ, ਸਹੀ ਮਾਰਗਦਰਸ਼ਨ ਅਤੇ ਆਤਮ-ਵਿਸ਼ਵਾਸ ਹੀ ਜੀਵਨ ਦੀਆਂ ਚੁਣੌਤੀਆਂ ਦਾ ਅਸਲ ਹੱਲ ਹਨ।
ਉਨ੍ਹਾਂ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ਼ ਸਹੂਲਤਾਂ ਹੀ ਨਹੀਂ, ਸਗੋਂ ਸਮਾਂ, ਵਿਸ਼ਵਾਸ ਅਤੇ ਆਪਣਾਪਣ ਦੇਣ। ਉਨ੍ਹਾਂ ਕਿਹਾ ਕਿ ਖੁੱਲ੍ਹੀ ਗੱਲਬਾਤ, ਸਮੇਂ ਸਿਰ ਮਾਰਗਦਰਸ਼ਨ ਅਤੇ ਭਾਵਨਾਤਮਕ ਸਹਿਯੋਗ ਕਈ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫ਼ਤ ਵਿੱਚ ਜਾਣ ਤੋਂ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਤ੍ਰਿਸਕਾਰ ਨਹੀਂ, ਸਗੋਂ ਹਮਦਰਦੀ, ਇਲਾਜ ਅਤੇ ਮੁੜ ਵਸੇਬੇ ਦੀ ਲੋੜ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨੌਜਵਾਨਾਂ ਲਈ ਵਿਕਾਸ ਦੇ ਵਿਆਪਕ ਮੌਕੇ, ਨਸ਼ੇ ਵਰਗੀ ਬੁਰਾਈ ਲਈ ਕੋਈ ਥਾਂ ਨਹੀਂ
ਕੇਂਦਰ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਫਿੱਟ ਇੰਡੀਆ, ਖੇਲੋ ਇੰਡੀਆ, ਸਕਿੱਲ ਇੰਡੀਆ, ਡਿਜੀਟਲ ਇੰਡੀਆ, ਸਟਾਰਟਅੱਪ ਇੰਡੀਆ ਅਤੇ ਵਿਕਸਿਤ ਭਾਰਤ-2047 ਵਰਗੇ ਪ੍ਰੋਗਰਾਮ ਨੌਜਵਾਨਾਂ ਲਈ ਨਵੇਂ ਮੌਕੇ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਸਾਹਮਣੇ ਵਿਕਾਸ ਅਤੇ ਤਰੱਕੀ ਦੇ ਇੰਨੇ ਵਿਆਪਕ ਮੌਕੇ ਮੌਜੂਦ ਹਨ, ਤਾਂ ਨਸ਼ੇ ਵਰਗੀ ਸਮਾਜਿਕ ਬੁਰਾਈ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਰਾਜਪਾਲ ਨੇ ਕਿਹਾ ਕਿ ਹਰਿਆਣਾ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੇ ਵੀ ਖੇਡ ਜਗਤ ਵਿੱਚ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਖੇਤਰ ਦਾ ਨੌਜਵਾਨ ਵੀ ਆਪਣੇ ਸਾਹਸ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਦੇ ਬਲਬੂਤੇ ਨਸ਼ੇ ਦੇ ਖਿਲਾਫ ਇਸ ਲੜਾਈ ਵਿੱਚ ਵੀ ਮੋਹਰੀ ਭੂਮਿਕਾ ਨਿਭਾਏਗਾ ਅਤੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਵੇਗਾ।
ਸੰਮੇਲਨ ਵਿੱਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਜੈ ਐਸ ਸਿੰਘ, ਕਈ ਹੋਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ ਸਨ।
Leave a Reply