ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ/ ਸੁਰਿੰਦਰ ਸੋਨੂੰ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਿਰੀਵਨੇਲਾ- ਏਡੀਸੀਪੀ-2 ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਏਸੀਪੀ ਨਾਰਥ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਕੇਸ਼ ਕੁਮਾਰ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਏਐਸਆਈ ਅਮਰਜੀਤ ਸਿੰਘ, ਇੰਚਾਰਜ਼ ਚੌਕੀ ਫੈਜ਼ਪੁਰਾ ਸਮੇਤ ਸਾਥੀ ਕਰਮਚਾਰੀਆ ਨੇ ਇੱਕ ਮਹੱਤਵਪੂਰਨ ਸਫ਼ਲਤਾ ਹਾਸਲ ਕਰਦਿਆਂ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋੜੀਂਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਨਾਜ਼ਾਇਜ਼ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਮੁਕੱਦਮਾ ਨੰਬਰ 84 ਮਿਤੀ 25.06.2026 ਅਧੀਨ ਧਾਰਾਵਾਂ 109, 118(1), 191(3), 190, 351(3) ਭਾਰਤੀ ਨਿਆਂ ਸੰਹਿਤਾ (BNS) ਅਤੇ 25/54/59 ਆਰਮਜ਼ ਐਕਟ ਤਹਿਤ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਦਰਜ ਹੈ।
ਇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸਤਨਾਮ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਚੱਬਾ ਅਤੇ ਰਾਜਪ੍ਰੀਤ ਸਿੰਘ ਉਰਫ਼ ਬਿੱਲਾ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਚੱਬਾ, ਅੰਮ੍ਰਿਤਸਰ ਵਜੋਂ ਹੋਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇਂ ਆਇਆ ਹੈ ਕਿ ਦੋਸ਼ੀ ਰਾਜਪ੍ਰੀਤ ਸਿੰਘ ਉਰਫ਼ ਬਿੱਲਾ ਖਿਲਾਫ਼ ਪਹਿਲਾਂ ਵੀ ਮੁਕੱਦਮਾਂ ਨੰਬਰ 171 ਮਿਤੀ 10.07.2021, ਧਾਰਾ 302/34 IPC, ਥਾਣਾ ਚਾਟੀਵਿੰਡ, ਅੰਮ੍ਰਿਤਸਰ ਦਿਹਾਤੀ ਦਰਜ ਹੈ।
ਇਸ ਮੁਕੱਦਮੇ ਦਾ ਸੰਖੇਪ ਵੇਰਵਾ:-
ਇਹ ਮੁਕੱਦਮਾਂ ਮੁੱਦਈ ਸਰਪ੍ਰੀਤ ਸਿੰਘ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ। ਮੁੱਦਈ ਹੋਟਲ ਵਿੱਚ ਕੰਮ ਕਰਦਾ ਸੀ, ਜਦਕਿ ਮੁਲਜ਼ਮ ਸਤਨਾਮ ਸਿੰਘ ਉਸੇ ਹੋਟਲ ਵਿੱਚ ਵੈਲੇਟ ਪਾਰਕਿੰਗ ਡਰਾਈਵਰ ਸੀ। ਹੋਟਲ ਤੋਂ ਨੌਕਰੀ ਤੋਂ ਹਟਾਏ ਜਾਣ ਤੋਂ ਬਾਅਦ ਸਤਨਾਮ ਸਿੰਘ ਨੂੰ ਸ਼ੱਕ ਸੀ ਕਿ ਉਸ ਨੂੰ ਨੌਕਰੀ ਤੋਂ ਕਢਵਾਉਣ ਵਿੱਚ ਸਰਪ੍ਰੀਤ ਸਿੰਘ ਦਾ ਹੱਥ ਹੈ।
ਮਿਤੀ 24.6.2026 ਨੂੰ ਸ਼ਾਮ ਸਮੇਂ ਹੋਟਲ ਦੇ ਬਾਹਰ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋ ਗਈ। ਇਸ ਦੌਰਾਨ ਸਤਨਾਮ ਸਿੰਘ ਦੇ ਨਾਲ ਆਏ ਉਸਦੇ ਸਾਥੀ ਰਾਜਪ੍ਰੀਤ ਸਿੰਘ ਉਰਫ਼ ਬਿੱਲਾ ਨੇ ਆਪਣੇ ਪਿਸਟਲ ਨਾਲ ਫਾਇਰ ਕਰ ਦਿੱਤਾ। ਗੋਲੀ ਮੁੱਦਈ ਦੇ ਦੋਸਤ ਨਰਿੰਦਰ ਸਿੰਘ ਦੀ ਲੱਤ ‘ਤੇ ਲੱਗੀ, ਜਿਸ ਤੋਂ ਬਾਅਦ ਉਕਤ ਮੁਕੱਦਮਾ ਦਰਜ ਕੀਤਾ ਗਿਆ।
ਗ੍ਰਿਫ਼ਤਾਰੀ ਅਤੇ ਬਰਾਮਦਗੀ:-
ਮਿਤੀ 23.7.2026 ਨੂੰ ਏਐਸਆਈ ਅਮਰਜੀਤ ਸਿੰਘ ਇੰਚਾਰਜ਼ ਚੌਂਕੀ ਫੈਜ਼ਪੁਰਾ ਸਮੇਤ ਪੁਲਿਸ ਪਾਰਟੀ ਨੇ ਸੂਚਨਾ ‘ਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 01 ਪਿਸਟਲ 9 MM ਗਲੌਕ(Made in Austria) ਸਮੇਤ ਇੱਕ ਮੈਗਜ਼ੀਨ ਅਤੇ 01 ਜਿੰਦਾ ਕਾਰਤੂਸ ਤੇ 01 ਪਿਸਟਲ .32 ਬੋਰ* ਸਮੇਤ ਇੱਕ ਮੈਗਜ਼ੀਨ ਅਤੇ 01 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਪੁਲਿਸ ਵੱਲੋਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਮਾਮਲੇ ਨਾਲ ਸਬੰਧਤ ਹੋਰ ਪੁੱਛਗਿੱਛ ਕਰਕੇ ਹਥਿਆਰਾਂ ਦੇ ਸਰੋਤ, ਹੋਰ ਸਾਥੀਆਂ ਦੀ ਸ਼ਮੂਲੀਅਤ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
Leave a Reply