ਲੁਧਿਆਣਾ
(ਜਸਟਿਸ ਨਿਊਜ਼)
ਲੁਧਿਆਣਾ ਦੇ ਅੰਤਰਰਾਸ਼ਟਰੀ ਪੈਰਾ ਟੇਬਲ ਟੈਨਿਸ ਖਿਡਾਰੀ ਸ਼ੁਭਮ ਵਧਵਾ ਨੇ ਆਪਣੀ ਮਿਹਨਤ, ਹੌਸਲੇ ਅਤੇ ਦ੍ਰਿੜ ਇਰਾਦੇ ਨਾਲ ਇੱਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਮ ਕੀਤੀ ਹੈ। ਸਾਲ 2016 ਵਿੱਚ ਇੱਕ ਗੰਭੀਰ ਸੜਕ ਹਾਦਸੇ ਕਾਰਨ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਲੱਗੀ ਅਤੇ ਉਹ ਲਗਭਗ ਦੋ ਸਾਲ ਤੱਕ ਬਿਸਤਰੇ ‘ਤੇ ਰਹੇ। ਪਰ ਟੇਬਲ ਟੈਨਿਸ ਨੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ, ਨਵਾਂ ਹੌਸਲਾ ਅਤੇ ਨਵਾਂ ਮਕਸਦ ਦਿੱਤਾ। ਅੱਜ ਉਹ 10 ਵਾਰ ਦੇ ਰਾਸ਼ਟਰੀ ਸੋਨ ਤਗਮਾ ਜੇਤੂ ਅਤੇ ਭਾਰਤ ਲਈ 20 ਅੰਤਰਰਾਸ਼ਟਰੀ ਤਗਮੇ ਜਿੱਤਣ ਵਾਲੇ ਖਿਡਾਰੀ ਵਜੋਂ ਦੇਸ਼ ਦਾ ਮਾਣ ਵਧਾ ਰਹੇ ਹਨ।
ਹਾਲ ਹੀ ਵਿੱਚ ਸ਼ੁਭਮ ਵਧਵਾ ਨੇ 18 ਤੋਂ 22 ਜੁਲਾਈ, 2026 ਤੱਕ ਥਾਈਲੈਂਡ ਦੇ ਨਾਖੋਨ ਰਤਚਾਸੀਮਾ ਵਿੱਚ ਹੋਏ ਆਈ.ਟੀ.ਟੀ.ਐੱਫ. ਵਿਸ਼ਵ ਪੈਰਾ ਏਲੀਟ ਟੂਰਨਾਮੈਂਟ ਵਿੱਚ ਭਾਵੀਨਾ ਪਟੇਲ ਨਾਲ ਮਿਕਸਡ ਡਬਲਜ਼ XD-7 ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਉਹ ਏਲੀਟ ਟੂਰਨਾਮੈਂਟ ਵਿੱਚ ਤਗਮਾ ਜਿੱਤਣ ਵਾਲੇ ਪੁਰਸ਼ ਵਰਗ ਦੇ ਪਹਿਲੇ ਭਾਰਤੀ ਖਿਡਾਰੀ ਬਣੇ ਹਨ।
ਵਰਤਮਾਨ ਵਿੱਚ ਸ਼ੁਭਮ ਵਧਵਾ ਦੀਆਂ ਰੈਂਕਿੰਗਾਂ ਵੀ ਸ਼ਾਨਦਾਰ ਹਨ। ਉਹ ਮਿਕਸਡ ਡਬਲਜ਼ ਵਿੱਚ ਵਿਸ਼ਵ ਨੰਬਰ-4 ਅਤੇ ਏਸ਼ੀਆਈ ਨੰਬਰ-3 ਹਨ, ਜਦਕਿ ਸਿੰਗਲਜ਼ ਵਿੱਚ ਵਿਸ਼ਵ ਰੈਂਕਿੰਗ 15, ਏਸ਼ੀਆਈ ਰੈਂਕਿੰਗ 6 ਅਤੇ ਭਾਰਤ ਵਿੱਚ ਨੰਬਰ-1 ਸਥਾਨ ‘ਤੇ ਕਾਬਜ਼ ਹਨ।
ਸ਼ੁਭਮ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ 2026 ਵਿੱਚ ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਆਈ ਪੈਰਾ ਖੇਡਾਂ ਵਿੱਚ ਸੋਨ ਤਗਮਾ ਜਿੱਤਣਾ, ਥਾਈਲੈਂਡ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਅਤੇ 2028 ਪੈਰਾਲੰਪਿਕ ਖੇਡਾਂ ਵਿੱਚ ਭਾਰਤ ਲਈ ਤਗਮਾ ਜਿੱਤਣਾ ਹੈ। ਇਸ ਲਈ ਓਸਟ੍ਰਾਵਾ ਅਤੇ ਚੀਨ ਵਿੱਚ ਹੋਣ ਵਾਲੇ ਆਗਾਮੀ ਟੂਰਨਾਮੈਂਟ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਰਾਹੀਂ ਉਹ ਆਪਣੀ ਏਸ਼ੀਆਈ ਰੈਂਕਿੰਗ ਨੂੰ ਕਾਇਮ ਰੱਖਣ ਅਤੇ ਵੱਡੇ ਟੂਰਨਾਮੈਂਟਾਂ ਲਈ ਯੋਗਤਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਨੇ ਆਪਣੇ ਇਸ ਸਫ਼ਰ ਦੌਰਾਨ ਸਹਿਯੋਗ ਦੇਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਪਾਇਲ ਗੋਇਲ, ਇੰਡੀਅਨ ਰੈੱਡ ਕਰਾਸ ਸੋਸਾਇਟੀ ਲੁਧਿਆਣਾ ਦੇ ਸਕੱਤਰ ਨਵਨੀਤ ਜੋਸ਼ੀ, ਐਕਟ ਹਿਊਮਨ ਫਾਊਂਡੇਸ਼ਨ ਦੀ ਹਰਲੀਨ ਕੌਰ ਅਤੇ ਪ੍ਰਾਈਮ ਸਟੀਲ ਪ੍ਰੋਸੈਸਰ ਦੇਵਾਕਰ ਜੈਨ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਸ਼ੁਭਚਿੰਤਕਾਂ ਦੇ ਲਗਾਤਾਰ ਸਹਿਯੋਗ, ਸਖ਼ਤ ਮਿਹਨਤ ਅਤੇ ਸਮਰਪਣ ਦੇ ਬਲ ‘ਤੇ ਉਹ ਭਵਿੱਖ ਵਿੱਚ ਵੀ ਭਾਰਤ ਲਈ ਹੋਰ ਅੰਤਰਰਾਸ਼ਟਰੀ ਤਗਮੇ ਜਿੱਤ ਕੇ ਦੇਸ਼ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।
Leave a Reply